ਰਾਸ਼ਟਰੀ ਨਾਰੀ ਸ਼ਕਤੀ ਪੁਰਸਕਾਰ-2020 ਲਈ ਅਰਜ਼ੀਆਂ ਮੰਗੀਆਂ 31 ਜਨਵਰੀ ਤੱਕ ਦਿੱਤੀਆਂ ਜਾ ਸਕਦੀਆਂ ਹਨ ਨਾਮਜ਼ਦਗੀਆਂ/ਅਰਜ਼ੀਆਂ

ਚੰਡੀਗੜ੍ਹ, 27 ਜਨਵਰੀ (ਸ.ਬ.) ਔਰਤਾਂ ਨੂੰ ਸਮਰੱਥ ਬਣਾਉਣ ਲਈ ਕੀਤੇ ਗਏ ਵਿਲੱਖਣ ਕਾਰਜਾਂ ਨੂੰ ਮਾਨਤਾ ਦੇਣ ਲਈ ਉਲੀਕੇ ਰਾਸ਼ਟਰੀ ਪੁਰਸਕਾਰ (ਨਾਰੀ ਸ਼ਕਤੀ ਪੁਰਸਕਾਰ-2020) ਲਈ ਨਾਮਜ਼ਦਗੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਔਰਤਾਂ ਅਤੇ ਬਾਲ ਵਿਕਾਸ ਮੰਤਰਾਲੇ ਨੇ ਭਾਰਤ ਵਿੱਚ ਔਰਤਾਂ ਲਈ ਸਭ ਤੋਂ ਸਰਬੋਤਮ ਨਾਗਰਿਕ ਸਨਮਾਨ ‘ਨਾਰੀ ਸ਼ਕਤੀ ਪੁਰਸਕਾਰ-2020’ ਲਈ ਨਾਮਜ਼ਦਗੀਆਂ ਮੰਗੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜੋ ਔਰਤਾਂ ਨੂੰ ਸਮਰੱਥ ਬਣਾਉਣ ਦੀ ਦਿਸ਼ਾ ਵਿੱਚ ਨਿਰੰਤਰ ਕੰਮ ਕਰ ਰਹੇ ਹਨ ਅਤੇ ਸਮਾਜ ਵਿੱਚ ਔਰਤਾਂ ਦੀ ਉੱਨਤੀ ਅਤੇ ਵਿਕਾਸ ਲਈ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਬੁਲਾਰੇ ਨੇ ਦੱਸਿਆ ਕਿ 8 ਮਾਰਚ, 2021 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰੀਬ 15 ਸ਼ਖਸੀਅਤਾਂ ਨੂੰ ਨਾਰੀ ਸਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।

ਯੋਗਤਾ ਮਾਪਦੰਡਾਂ ਦਾ ਵੇਰਵਾ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਔਰਤਾਂ ਦੇ ਸਸ਼ਕਤੀਕਰਨ ਵੱਲ ਵਧੀਆ ਕੰਮ ਕਰਨ ਵਾਲੇ ਵਿਅਕਤੀ ਵਿਸ਼ੇਸ਼, ਸਮੂਹਾਂ ਅਤੇ ਸੰਸਥਾਵਾਂ ਪੁਰਸਕਾਰ ਵਾਸਤੇ ਅਪਲਾਈ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਵਿਅਕਤੀਗਤ ਵਰਗ ਲਈ ਬਿਨੈਕਾਰ ਦੀ ਉਮਰ ਘੱਟੋ-ਘੱਟ 25 ਸਾਲ ਹੋਣੀ ਚਾਹੀਦੀ ਹੈ। ਸੰਸਥਾਵਾਂ ਨੂੰ ਘੱਟੋ-ਘੱਟ ਪੰਜ ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ।

ਉਨ੍ਹਾਂ ਕਿਹਾ ਕਿ ਲੋੜੀਂਦੇ ਦਸਤਾਵੇਜਾਂ ਸਮੇਤ ਨਾਮਜਦਗੀਆਂ/ ਅਰਜੀਆਂ ਸਿਰਫ ਵੈਬਸਾਈਟ ਤੇ ਹੀ ਦਿੱਤੀਆਂ ਜਾ ਸਕਦੀਆਂ ਹਨ ਅਤੇ ਕਿਸੇ ਹੋਰ ਤਰੀਕੇ ਨਾਲ ਭੇਜੀ ਅਰਜੀ/ਨਾਮਜ਼ਦਗੀ ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਨਾਮਜ਼ਦਗੀਆ/ ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 31 ਜਨਵਰੀ, 2021 ਹੈ। ਉਨ੍ਹਾਂ ਦੱਸਿਆ ਕਿ ਪੁਰਸਕਾਰ ਸਬੰਧੀ ਦਿਸ਼ਾ-ਨਿਰਦੇਸ਼ ਅਤੇ ਬਿਨੈ ਪੱਤਰ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਵੈਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

Leave a Reply

Your email address will not be published. Required fields are marked *