ਰਾਸ਼ਟਰਵਾਦ ਦੇ ਨਾਂ ਤੇ ਦੇਸ਼ ਉੱਤੇ ਮੁੜ ਕੰਪਨੀ ਰਾਜ ਥੋਪ ਰਹੀ ਹੈ ਮੋਦੀ ਸਰਕਾਰ : ਸੀ ਪੀ ਆਈ (ਐਮ ਐਲ) ਲਿਬਰੇਸ਼ਨ

ਪਟਿਆਲਾ, 8 ਅਕਤੂਬਰ (ਬਿੰਦੂ ਸ਼ਰਮਾ) ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਦੋਸ਼ ਲਾਇਆ ਹੈ ਕਿ  ਮੋਦੀ ਸਰਕਾਰ ਰਾਸ਼ਟਰਵਾਦ ਦੇ ਨਾਂ ਤੇ ਦੇਸ਼ ਉੱਤੇ ਮੁੜ ਕੰਪਨੀ ਰਾਜ ਥੋਪ ਰਹੀ ਹੈ| ਇਸ ਨੀਤੀ ਤਹਿਤ ਜਿੱਥੇ ਤਿੰਨ ਨਵੇਂ ਖੇਤੀ ਕਾਨੂੰਨ ਪਾਸ ਕਰਕੇ ਖੇਤੀ  ਖੇਤਰ ਨੂੰ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਉੱਥੇ ਲੰਬੇ ਕੋਰੋਨਾ ਲਾਕਡਾਊਨ ਦੇ ਬਾਵਜੂਦ ਸਖਤ ਮੰਦਹਾਲੀ ਦਾ  ਸਾਹਮਣਾ ਕਰ ਰਹੀਆਂ ਕਰੋੜਾਂ ਗਰੀਬ ਔਰਤਾਂ, ਮਜ਼ਦੂਰਾਂ, ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੇ ਕਰਜ਼ੇ ਮਾਫ ਕਰਕੇ ਇੰਨ੍ਹਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ, ਭਾਜਪਾ ਸਰਕਾਰ ਉਲਟਾ ਵੱਡੇ ਕਾਰਪੋਰੇਟ ਘਰਾਣਿਆ ਦੇ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਮਾਫ ਕਰ ਰਹੀ ਹੈ|
ਔਰਤ ਕਰਜ਼ਾ ਮੁਕਤੀ ਰੈਲੀ ਦੇ ਬੈਨਰ ਹੇਠ ਪਟਿਆਲਾ ਦੇ ਪੁੱਡਾ ਗਰਾਉਂਡ ਵਿਖੇ ਔਰਤਾਂ, ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੀ ਹਾਜ਼ਰੀ ਵਾਲੀ ਇੱਕ ਪ੍ਰਭਾਵਸ਼ਾਲੀ ਰੈਲੀ ਦੌਰਾਨ  ਸੀਪੀਆਈ(ਐਮ ਐਲ) ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਆਗੂਆਂ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਰਾਜਵਿੰਦਰ ਸਿੰਘ ਰਾਣਾ, ਕਾਮਰੇਡ ਭਗਵੰਤ ਸਿੰਘ ਸਮਾਂਓ, ਸੁਖਦਰਸ਼ਨ ਸਿੰਘ ਨੱਤ ਅਤੇ ਆਲ ਇੰਡੀਆ ਕਿਸਾਨ ਮਹਾਂਸਭਾ ਦੇ ਕੌਮੀ  ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ  ਸਰਕਾਰ  ਦੇਸ਼ ਦੇ ਸੰਵਿਧਾਨ, ਸੂਬਿਆਂ ਦੇ ਅਧਿਕਾਰਾਂ, ਜਮਹੂਰੀ ਰਾਜ ਪ੍ਰਣਾਲੀ ਸਮੇਤ ਸੰਸਦ, ਨਿਆਂ ਪਾਲਿਕਾ, ਰਿਜ਼ਰਵ ਬੈਂਕ ਤੇ ਚੋਣ ਕਮਿਸ਼ਨ ਵਰਗੀਆਂ ਤਮਾਮ ਸੰਵਿਧਾਨਕ ਸੰਸਥਾਵਾਂ ਨੂੰ ਢਾਹ ਲਾ ਰਹੀ ਹੈ ਅਤੇ ਸਰਕਾਰੀ ਤੇ ਜਨਤਕ ਖੇਤਰ ਦੇ ਸਾਰੇ ਅਹਿਮ ਅਦਾਰਿਆਂ ਨੂੰਕਾਰਪੋਰੇਟ ਘਰਾਣਿਆਂ ਦੀ ਝੋਲੀ ਪਾ ਰਹੀ ਹੈ| 
ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਔਰਤਾਂ ਸਿਰ ਚੜ੍ਹੇ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਮਾਫ ਕਰੇ ਅਤੇ ਸਾਰੇ ਜ਼ਿਲਿਆਂ ਦੇ ਪੁਲੀਸ ਮੁਖੀਆ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਕਰਜ਼ਾ ਵਸੂਲੀ ਲਈ ਘਰ ਘਰ  ਜਾ ਕੇ ਮਜ਼ਬੂਰ ਔਰਤਾਂ ਨੂੰ ਅਪਮਾਨਿਤ ਤੇ ਜ਼ਲੀਲ ਕਰਨ ਵਾਲੇ ਕੰਪਨੀਆ ਦੇ ਅਫਸਰਾਂ ਤੇ ਏਜੰਟਾਂ ਖਿਲਾਫ ਸ਼ਿਕਾਇਤ ਮਿਲਣ ਤੇ ਤੁਰੰਤ ਕਾਰਵਾਈ ਕਰਨ| 
ਰੈਲੀ ਦੌਰਾਨ ਦਲਿਤ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਹੋਏ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਅਤੇ ਇਸ ਘਪਲੇ ਦੀ ਜੜ੍ਹ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਦਲਿਤ ਭਾਈਚਾਰੇ ਦੇ ਸੰਗਠਨਾਂ ਵਲੋਂ ਦਿੱਤੇ 10 ਅਕਤੂਬਰ ਦੇ ਪੰਜਾਬ ਬੰਦ ਦੇ ਸੱਦੇ ਦੀ ਡੱਟਵੀਂ ਹਮਾਇਤ ਦਾ ਵੀ ਐਲਾਨ ਕੀਤਾ ਗਿਆ| ਰੈਲੀ ਨੂੰ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਕੌਮੀ ਆਗੂ ਜਸਬੀਰ ਕੌਰ ਨੱਤ, ਮੋਰਚਾ ਦਾ ਸੂਬਾ ਸਕੱਤਰ ਹਰਵਿੰਦਰ ਸਿੰਘ ਸੋਮਾ,  ਔਰਤ ਅੰਦੋਲਨ ਦੀਆਂ ਜਿਲ੍ਹਾ ਆਗੂਆਂ ਕੁਲਵਿੰਦਰ ਕੌਰ ਰੇਤਗੜ੍ਹ, ਪਰਮਜੀਤ ਕੌਰ ਮੁੱਦਕੀ, ਜਸਵਿੰਦਰ ਕੌਰ ਹੁਸ਼ਿਆਰਪੁਰ,  ਅਨੀਤਾ ਕੌਰ ਬੱਸੀ ਪਠਾਣਾਂ, ਪਰਮਜੀਤ ਕੌਰ ਫਰੀਦਕੋਟ, ਰਾਣੀ ਕੌਰ ਕੁੱਬੇ, ਸੁਖਵਿੰਦਰ ਕੌਰ ਤਪਾ, ਮਜ਼ਦੂਰ ਮੁਕਤੀ ਘੁਮੰਡ ਸਿਘ ਖਾਲਸਾ ਉਗਰਾਹਾਂ, ਆਇਸਾ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ, ਇਨਕਲਾਬੀ ਨੌਜਵਾਨ  ਸਭਾ ਦੇ ਆਗੂ ਵਿੰਦਰ ਸਿੰਘ ਅਲਖ, ਕਿਸਾਨ ਆਗੂ ਗੋਰਾ ਸਿੰਘ ਭੈਣੀ, ਬਲਬੀਰ  ਸਿੰਘ ਰੰਧਾਵਾ ਗੁਰਦਾਸਪੁਰ ਤੇ ਗੁਰਨਾਮ ਸਿੰਘ ਭੀਖੀ ਨੇ ਵੀ ਸੰਬੋਧਨ ਕੀਤਾ| ਸਟੇਜ ਦੀ ਕਾਰਵਾਈ ਪਾਰਟੀ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਨੇ ਚਲਾਈ|

Leave a Reply

Your email address will not be published. Required fields are marked *