ਰਾਹੁਲ ਗਾਂਧੀ ਦਾ ਮਜਾਕ ਉਡਾਉਣ ਦੀ ਬਜਾਏ ਆਪਣੇ ਤੇ ਲੱਗ ਰਹੇ ਦੋਸ਼ਾਂ ਦਾ ਜਵਾਬ ਦੇਣ ਪ੍ਰਧਾਨ ਮੰਤਰੀ: ਮਨਜੋਤ

ਐਸ ਏ ਐਸ ਨਗਰ,  23 ਦਸੰਬਰ (ਸ.ਬ.) ਯੂਥ ਕਾਂਗਰਸ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਮਨਜੋਤ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੇ ਰਾਸ਼ਟਰੀ ਵਾਈਸ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਲਗਾਏ ਗਏ ਦੋਸ਼ਾਂ ਦਾ ਮਜਾਕ ਉਡਾਉਂਣ ਦੀ ਬਜਾਏ ਪ੍ਰਧਾਨ ਮੰਤਰੀ ਉਨ੍ਹਾਂ ਦੁਆਰਾ ਲਗਾਏ ਗਏ ਦੋਸ਼ਾਂ ਬਾਰੇ ਦੇਸ਼ ਦੇ ਸਾਹਮਣੇ ਜਵਾਬ ਦੇਣ|
ਅੱਜ ਇੱਥੇ ਜਾਰੀ ਇੱਕ ਬਿਆਨ ਵਿਚ ਸ੍ਰ. ਮਨਜੋਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਅਹੁਦੇ ਦੀ ਗਰਿਮਾ ਦਾ ਮਾਣ ਰੱਖਣਾ ਚਾਹੀਦਾ ਹੈ| ਵਿਰੋਧੀ ਪਾਰਟੀ ਦੇ ਸੀਨੀਅਰ ਨੇਤਾ ਦੁਆਰਾ ਲਗਾਏ ਗੰਭੀਰ ਦੋਸ਼ਾਂ ਦੇ ਜਵਾਬ ਵਿਚ ਕਿਸੇ ਦਾ ਮਜਾਕ ਉਡਾਉਂਣਾ ਅਤੇ ਆਪਣੇ ਤੇ ਲੱਗ ਰਹੇ ਇਲਜ਼ਾਮਾਂ ਤੋਂ ਕੰਨੀ ਕਤਰਾਉਂਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੀ ਸ਼ੋਭਦਾ|
ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨਾ ਕੇਵਲ ਵਿਰੋਧੀ ਧਿਰ ਦੇ ਨੇਤਾ ਹਨ ਬਲਕਿ ਭਾਰਤ ਦੇ ਜਿੰਮੇਵਾਰ ਨਾਗਰਿਕ ਵੀ ਹਨ| ਅਜਿਹੇ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਜਿੰਮੇਵਾਰ ਨਾਗਰਿਕ ਦੁਆਰਾ ਲਗਾਏ ਗਏ ਇਲਜ਼ਾਮਾ ਤੇ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ| ਕਿਸੇ ਪ੍ਰਧਾਨ ਮੰਤਰੀ ਤੇ ਲੱਗੇ ਆਰੋਪਾਂ ਦੀ ਕਿਸੇ ਨਿਰਪੱਖ              ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੇ| ਪ੍ਰਧਾਨ ਮੰਤਰੀ ਤੇ ਵੱਡੇ ਉਦਯੋਗਿਕ ਘਰਾਣਿਆ ਨਾਲ ਮਿਲ ਕੇ ਪੂਰੇ ਦੇਸ਼ ਨੂੰ ਨੋਟਬੰਦੀ ਦੇ ਨਾਮ ਤੇ ਖੱਜਲ ਕਰਨ ਦਾ ਦੋਸ਼ ਲਾਉਂਦਿਆ ਮਨਜੋਤ ਨੇ ਕਿਹਾ ਕਿ ਯੂਥ ਕਾਂਗਰਸ ਪ੍ਰਧਾਨ ਮੰਤਰੀ ਤੋਂ ਅਸਤੀਫੇ ਦੀ ਮੰਗ ਕਰਦੀ ਹੈ|

Leave a Reply

Your email address will not be published. Required fields are marked *