ਰਾਹੁਲ ਗਾਂਧੀ ਦੀ ਪੰਜਾਬ ਫੇਰੀ ਸਰਕਾਰੀ ਸ਼ੋਅ : ਆਮ ਆਦਮੀ ਪਾਰਟੀ


ਚੰਡੀਗੜ੍ਹ, 5 ਅਕਤੂਬਰ (ਸ.ਬ.) ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਹੈ ਕਿ ਰਾਹੁਲ ਦੀ ਫੇਰੀ ਲਈ ਪੰਜਾਬ ਸਰਕਾਰ ਦੀ ਸਾਰੀ ਮਸ਼ੀਨਰੀ ਪੱਬਾਂ ਭਾਰ ਹੋ ਰਹੀ ਹੈ| 
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿਚ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਜਿਸ ਤਰਾਂ ਪੂਰੀ ਪੰਜਾਬ ਸਰਕਾਰ ਰਾਹੁਲ ਗਾਂਧੀ ਦੀ ਸੇਵਾ ਵਿਚ 24 ਘੰਟੇ ਹਾਜ਼ਰ ਹੈ, ਜੇਕਰ ਇਸ ਤਰਾਂ ਪੰਜਾਬ ਸਰਕਾਰ ਪੰਜਾਬ ਅਤੇ ਪੰਜਾਬ ਦੀ ਜਨਤਾ ਦੀ ਸੇਵਾ ਕਰਦੀ ਤਾਂ ਅੱਜ ਪੰਜਾਬ ਸੋਨੇ ਦੀ ਚਿੜੀ ਬਣ ਜਾਣਾ ਸੀ ਅਤੇ ਪੰਜਾਬ ਦੇ ਕਿਸੇ ਵੀ ਵਰਗ ਨੂੰ ਆਪਣੇ ਹੱਕਾਂ ਲਈ ਸੜਕਾਂ ਤੇ ਧਰਨੇ-ਪ੍ਰਦਰਸ਼ਨ ਕਰਨ ਦੀ ਜ਼ਰੂਰਤ ਨਾ ਪੈਂਦੀ| ਉੁਹਨਾਂ ਕਿਹਾ ਕਿ ਪੰਜਾਬ ਪੁਲੀਸ ਦੇ ਮੁਖੀ ਦਿਨਕਰ ਗੁਪਤਾ ਰਾਹੁਲ ਗਾਂਧੀ ਦੀ  ਅਗਵਾਈ ਕਰਨ ਵਿੱਚ ਲੱਗੇ ਹਨ ਪਰੰਤੂ ਜਦੋਂ ਕਿਤੇ ਕਾਨੂੰਨ ਵਿਵਸਥਾ ਖ਼ਰਾਬ ਹੁੰਦੀ ਹੈ ਤਾਂ ਡੀਜੀਪੀ ਸਾਹਿਬ ਨਜ਼ਰ ਨਹੀਂ ਆਉਂਦੇ| ਉਹਨਾਂ ਕਿਹਾ ਕਿ ਪੰਜਾਬ ਵਿਚ ਲੁੱਟ-ਖੋਹ ਧੱਕੇਸ਼ਾਹੀ ਅਤੇ ਡਕੈਤੀ ਦੀਆਂ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਹਨ| ਥਾਣਿਆਂ ਵਿਚ ਆਮ ਗ਼ਰੀਬ ਲੋਕਾਂ ਦੀ ਕੋਈ ਸੁਣਵਾਈ ਨਹੀਂ, ਪਰੰਤੂ ਰਾਹੁਲ ਗਾਂਧੀ ਦੀ ਮਿਜਾਜਪੋਸ਼ੀ ਲਈ ਸਾਰਾ ਢਾਂਚਾ ਪੱਬਾਂ ਭਾਰ ਹੋ ਰਿਹਾ ਹੈ|
ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਵਾਉਣ ਸਮੇਂ ਹਿੱਸੇਦਾਰ ਰਹੇ ਹਨ ਅਤੇ ਹੁਣ ਕਿਸਾਨੀ ਇੱਕਜੁੱਟਤਾ ਅਤੇ ਸੰਘਰਸ਼ ਨੂੰ ਖੇਰੂੰ-ਖੇਰੂੰ ਕਰਨ ਲਈ ਨਿੱਤ ਨਵੇਂ ਡਰਾਮੇ ਕਰ ਰਹੇ ਹਨ| ਬਰਸਟ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਜੇਕਰ ਉਹ ਖੁਦ ਨੂੰ ਕਿਸਾਨ ਹਿਤੈਸ਼ੀ ਸਮਝਦੇ ਹਨ ਤਾਂ ਤੁਰੰਤ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਪੂਰੇ ਪੰਜਾਬ ਨੂੰ ਮੰਡੀ ਬਣਾਉਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਤਾਂਕਿ ਕਿਸਾਨਾਂ ਅਤੇ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ| 

Leave a Reply

Your email address will not be published. Required fields are marked *