ਰਾਹੁਲ ਵਲੋਂ ਪ੍ਰਧਾਨਗੀ ਛੱਡਣ ਤੋਂ ਬਾਅਦ ਕਾਂਗਰਸ ਨੂੰ ਵਧੀਆ ਢੰਗ ਨਾਲ ਉਪਰ ਲਿਜਾਣ ਲਈ ਨੌਜਵਾਨ ਆਗੂ ਦੇ ਹੱਕ ਵਿੱਚ ਹਨ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 6 ਜੁਲਾਈ (ਸ.ਬ.) ਰਾਹੁਲ ਗਾਂਧੀ ਵੱਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਕਿਨਾਰਾ ਕਰ ਲੈਣ ਦੇ ਸੰਦਰਭ ਵਿੱਚ ਕਾਂਗਰਸ ਨੂੰ ਵਧੀਆ ਢੰਗ ਨਾਲ ਉਪਰ ਲੈਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨ ਆਗੂ ਨੂੰ ਜਿੰਮੇਵਾਰੀ ਦੇਣ ਦਾ ਸਮੱਰਥਨ ਕੀਤਾ ਹੈ| ਦੇਸ਼ ਵਿੱਚ ਨੌਜਵਾਨਾਂ ਦੀ ਵੱਧ ਰਹੀ ਜਨਸੰਖਿਆ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਦੀ ਥਾਂ ਤੇ ਕਿਸੇ ਕ੍ਰਿਸ਼ਮਾਈ ਨੌਜਵਾਨ ਆਗੂ ਨੂੰ ਲਿਆਉਣ ਲਈ ਕਾਂਗਰਸ ਵਰਕਿੰਗ ਕਮੇਟੀ ਨੂੰ ਅਪੀਲ ਕੀਤੀ ਹੈ ਜੋ ਸਮੁੱਚੇ ਭਾਰਤ ਵਿੱਚ ਆਪਣੀ ਅਪੀਲ ਅਤੇ ਹੇਠਲੇ ਪੱਧਰ ਤੇ ਮੌਜੂਦਗੀ ਨਾਲ ਲੋਕਾਂ ਵਿੱਚ ਉਤਸ਼ਾਹ ਭਰ ਸਕੇ|
ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਨੇ ਪਾਰਟੀ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਯੂਵਾ ਲੀਡਰਸ਼ਿਪ ਨੂੰ ਰਾਹ ਦਿਖਾਇਆ ਹੈ| ਭਾਰਤ ਨੌਜਵਾਨਾਂ ਦੀ ਆਬਾਦੀ ਵਿੱਚ ਦੂਨੀਆ ਵਿੱਚ ਮੋਹਰੀ ਹੈ ਜਿਸ ਕਰਕੇ ਇਹ ਸੁਭਾਵਿਕ ਹੈ ਕਿ ਇਕ ਨੌਜਵਾਨ ਆਗੂ ਲੋਕਾਂ ਦੀਆਂ ਖਾਹਿਸ਼ਾਂ ਨੂੰ ਜ਼ਿਆਦਾ ਪ੍ਰਭਾਵੀ ਢੰਗ ਨਾਲ ਸਮਝ ਸਕਦਾ ਹੈ ਅਤੇ ਉਨ੍ਹਾਂ ਨੂੰ ਪ੍ਰਸਥਿਤੀਆਂ ਨਾਲ ਮੇਲ ਸਕਦਾ ਹੈ| ਉਹਨਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਲਾਜ਼ਮੀ ਤੌਰ ਤੇ ਭਾਰਤ ਦੀ ਸਮਾਜਿਕ ਅਸਲੀਅਤ ਤੋਂ ਪ੍ਰਤੀਬਿੰਬਤ ਹੋਣੀ ਚਾਹੀਦੀ ਹੈ ਜਿਸ ਦੀ 65 ਫੀਸਦੀ ਆਬਾਦੀ 35 ਸਾਲ ਦੀ ਉਮਰ ਤੋਂ ਘੱਟ ਹੈ| ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਆਪਣੇ ਅਸਤੀਫੇ ਤੇ ਅੜੇ ਰਹਿਣ ਦਾ ਫੈਸਲਾ ਬਹੁਤ ਜ਼ਿਆਦਾ ਨਿਰਾਸ਼ਾਜਨਕ ਹੈ ਅਤੇ ਇਸ ਸਥਿਤੀ ਵਿੱਚੋਂ ਸਿਰਫ ਕਿਸੇ ਗਤੀਸ਼ੀਲ ਨੌਜਵਾਨ ਆਗੂ ਦੇ ਹੇਠ ਹੀ ਉਭਰਿਆ ਜਾ ਸਕਦਾ ਹੈ|
ਅੱਜ ਇਥੇ ਜਾਰੀ ਇਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਰਟੀ ਸਫਾਂ ਵਿਚ ਜੋਸ਼ ਭਰਨ ਲਈ ਕਾਂਗਰਸ ਨੂੰ ਕਿਸੇ ਨੌਜਵਾਨ ਆਗੂ ਦੀ ਜ਼ਰੂਰਤ ਹੈ ਜੋ ਇਕ ਵਾਰ ਫਿਰ ਪਾਰਟੀ ਨੂੰ ਦੇਸ਼ ਦੀ ਇਕੋ-ਇਕ ਪੰਸਦੀਦਾ ਪਾਰਟੀ ਬਣਾ ਸਕੇ| ਉਹਨਾਂ ਕਿਹਾ ਕਿ ਅੱਗੇ ਵੱਲ ਸੋਚਣ ਦੀ ਪਹੁੰਚ ਰੱਖਣ ਵਾਲਾ ਨੌਜਵਾਨ ਆਗੂ ਹੀ ਭਾਰਤ ਦੀ ਵੱਡੀ ਗਿਣਤੀ ਬਹੁਮਤ ਯੁਵਾ ਜਨਸੰਖਿਆ ਨੂੰ ਵਧੀਆ ਢੰਗ ਨਾਲ ਇਕ ਮਾਲਾ ਵਿੱਚ ਪਰੋ ਸਕਦਾ ਹੈ ਅਤੇ ਪਾਰਟੀ ਵਿੱਚ ਨਵੀਂ ਸੋਚ ਭਰ ਸਕਦਾ ਹੈ| ਉਨ੍ਹਾਂ ਕਿਹਾ ਕਿ ਪਾਰਟੀ ਦੀ ਬਜੂਰਗ ਲੀਡਰਸ਼ਿਪ ਦੀ ਸੇਧ ਹੇਠ ਦੂਰਦ੍ਰਿਸ਼ਟੀ ਅਤੇ ਆਧੁਨਿਕ ਸੋਚ ਵਾਲਾ ਇਕ ਨੌਜਵਾਨ ਆਗੂ ਹੀ ਨਵੇਂ ਭਾਰਤ ਦੇ ਜਨਮ ਲਈ ਰਾਹ ਤਿਆਰ ਕਰ ਸਕਦਾ ਹੈ ਜੋ ਕਿ ਜ਼ਿਆਦਾ ਗਤੀਸ਼ੀਲ, ਜੋਸ਼ੀਲਾ ਅਤੇ ਅਗਾਂਹਵਧੂ ਹੋਵੇ|

Leave a Reply

Your email address will not be published. Required fields are marked *