ਰਿਕਾਰਡ : ‘ਟਾਈਗਰ’ ਦੀ ਸਭ ਤੋਂ ਲੰਬੀ ਯਾਤਰਾ, 70 ਦਿਨਾਂ ਵਿੱਚ 350 ਕਿਲੋਮੀਟਰ ਦਾ ਸਫਰ

ਨਾਗਪੁਰ, 1 ਨਵੰਬਰ (ਸ.ਬ.) ਮਨੁੱਖ ਵੱਖ-ਵੱਖ ਦੇਸ਼ਾਂ ਦੀਆਂ ਯਾਤਰਾ ਕਰ ਕੇ ਰਿਕਾਰਡ ਬਣਾਉਂਦੇ ਹਨ| ਇਸ ਕੰਮ ਵਿੱਚ ਜਾਨਵਰ ਵੀ ਪਿੱਛੇ ਨਹੀਂ ਹਨ| ਸੁਣਨ ਵਿੱਚ ਥੋੜ੍ਹਾ ਅਜੀਬ ਲੱਗੇ ਪਰ ਇਹ ਰਿਕਾਰਡ ਇਕ ਮਨੁੱਖ ਨੇ ਨਹੀਂ, ਸਗੋਂ ਕਿ ਟਾਈਗਰ ਨੇ ਬਣਾਇਆ ਹੈ| ਮਹਾਰਾਸ਼ਟਰ ਤੋਂ ਮੱਧ ਪ੍ਰਦੇਸ਼ ਕਰੀਬ 70 ਦਿਨਾਂ ਵਿਚ 350 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਟਾਈਗਰ ਨੇ ਨਵਾਂ ਰਿਕਾਰਡ ਬਣਾਇਆ ਹੈ| ਉਸ ਦੀ ਯਾਤਰਾ ਅਜੇ ਵੀ ਜਾਰੀ ਹੈ| ਫਿਲਹਾਲ ਉਹ ਮੱਧ ਪ੍ਰਦੇਸ਼ ਦੇ ਸਤਪੁੜਾ ਟਾਈਗਰ ਰਿਜ਼ਰਵ ਤੋਂ 100 ਕਿਲੋਮੀਟਰ ਦੂਰ ਹੈ| ਇੱਥੇ ਦੱਸ ਦੇਈਏ ਕਿ ਮਹਾਰਾਸ਼ਟਰ ਦੇ ਚੰਦਰਪੁਰ ਥਰਮਲ ਪਾਵਰ ਸਟੇਸ਼ਨ ਤੋਂ ਚਲੇ ਇਸ ਟਾਈਗਰ ਨੂੰ ਸੋਮਵਾਰ ਸ਼ਾਮ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ਵਿਚ ਦੇਖਿਆ ਗਿਆ| ਇਕ ਰਿਪੋਰਟ ਅਨੁਸਾਰ ਟਾਈਗਰ ਨੇ ਇਸ ਦੌਰਾਨ ਅਮਰਾਵਤੀ-ਨਾਗਪੁਰ ਐਨ. ਐਚ-6 ਨੂੰ ਪਾਰ ਕੀਤਾ| ਇਸ ਪੜਾਅ ਵਿਚ ਕਈ ਪਿੰਡਾਂ ਤੋਂ ਉਹ ਲੰਘਿਆ|
ਜਿਕਰਯੋਗ ਹੈ ਕਿ ਨਵੇਂ ਇਲਾਕੇ ਦੀ ਭਾਲ ਵਿਚ ਇਹ ਟਾਈਗਰ 15 ਤੋਂ 20 ਅਗਸਤ ਦਰਮਿਆਨ ਮਹਾਰਾਸ਼ਟਰ ਦੇ ਚੰਦਰਪੁਰ ਥਰਮਲ ਪਾਵਰ ਸਟੇਸ਼ਨ ਤੋਂ ਨਿਕਲਿਆ ਸੀ| ਉਸ ਨੇ ਪਿਛਲੇ 70 ਦਿਨਾਂ ਵਿਚ ਕਰੀਬ 350 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ ਅਤੇ ਉਸ ਦਾ ਸਫਰ ਅਜੇ ਵੀ ਜਾਰੀ ਹੈ| ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ ਸਾਲ 2011 ਵਿਚ ਕਰਨਾਟਕ ਦੇ ਇਕ ਟਾਈਗਰ ਨੇ 15 ਮਹੀਨਿਆਂ ਵਿਚ 280 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ| ਇਸ ਯਾਤਰਾ ਦੌਰਾਨ ਕਈ ਪੜਾਵਾਂ ਤੇ ਇਸ ਟਾਈਗਰ ਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਕਈ ਥਾਵਾਂ ਤੇ ਪਿੰਡ ਵਾਸੀਆਂ ਦੇ ਰੌਲੇ-ਰੱਪੇ ਜਾਂ ਫਿਰ ਕੁਝ ਹਾਲਾਤਾਂ ਕਾਰਨ ਅਜੇ ਤਕ ਇਸ ਨੂੰ ਫੜਿਆ ਨਹੀਂ ਜਾ ਸਕਿਆ| ਪਿਛਲੇ ਦਿਨੀਂ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲੇ ਵਿਚ ਟਾਈਗਰ ਨੇ ਖੇਤਾਂ ਵਿਚ ਕੰਮ ਕਰ ਰਹੇ ਦੋ ਕਿਸਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ| ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਪਿੰਡਾਂ ਵਿਚ ਅਲਰਟ ਜਾਰੀ ਕਰਦੇ ਹੋਏ ਸਕੂਲਾਂ ਨੂੰ ਬੰਦ ਰੱਖਣਾ ਪਿਆ ਸੀ|

Leave a Reply

Your email address will not be published. Required fields are marked *