ਰਿਜਰਵ ਬੈਂਕ ਵਲੋਂ ਵਿਆਜ ਦਰਾਂ ਵਿੱਚ ਵਾਧੇ ਦੀ ਕਾਰਵਾਈ

ਚਾਰ ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਅਦ ਵਿਆਜ ਦਰਾਂ ਵਧਾਉਣ ਦੇ ਆਪਣੇ ਫੈਸਲੇ ਦੇ ਬਾਵਜੂਦ ਭਾਰਤੀ ਰਿਜਰਵ ਬੈਂਕ ਨੇ ਕਿਸੇ ਨੂੰ ਹੈਰਾਨ ਨਹੀਂ ਕੀਤਾ ਹੈ| ਬਾਜ਼ਾਰ ਵਿੱਚ ਇਹ ਰਾਏ ਬਨਣ ਲੱਗੀ ਸੀ ਕਿ ਦੇਸ਼ ਦੇ ਅਤੇ ਸੰਸਾਰਿਕ ਮਾਹੌਲ ਨੂੰ ਵੇਖਦੇ ਹੋਏ ਕੁੱਝ ਸਖਤ ਕਦਮ ਚੁੱਕੇ ਹੀ ਜਾਣਗੇ| ਮੌਦਰਿਕ ਨੀਤੀ ਕਮੇਟੀ ਦੀ ਦੂਜੀ ਮੀਟਿੰਗ ਤੋਂ ਬਾਅਦ ਰਿਜਰਵ ਬੈਂਕ ਨੇ ਰੈਪੋ ਅਤੇ ਰਿਵਰਸ ਰੈਪੋ ਰੇਟ ਵਿੱਚ 0.25 ਫੀਸਦੀ ਦਾ ਵਾਧਾ ਕੀਤਾ ਹੈ| ਇਸ ਦੇ ਚਲਦੇ ਰੈਪੋ ਰੇਟ 6.25 ਫੀਸਦੀ ਅਤੇ ਰਿਵਰਸ ਰੈਪੋ ਰੇਟ 6 ਫੀਸਦੀ ਹੋ ਗਿਆ ਹੈ| ਰੈਪੋ ਰੇਟ ਉਹ ਵਿਆਜ ਦਰ ਹੈ, ਜਿਸ ਤੇ ਤਮਾਮ ਬੈਂਕ ਆਰਬੀਆਈ ਤੋਂ ਕਰਜ ਚੁੱਕਦੇ ਹੈ, ਜਦੋਂ ਕਿ ਆਪਣੇ ਕੋਲ ਪਿਆ ਪੈਸਾ ਉਨ੍ਹਾਂ ਨੂੰ ਆਰਬੀਆਈ ਵਿੱਚ ਜਮਾਂ ਕਰਨਾ ਹੋਵੇ ਤਾਂ ਇਸ ਤੇ ਉਨ੍ਹਾਂ ਨੂੰ ਮਿਲਣ ਵਾਲੇ ਵਿਆਜ ਦੀ ਦਰ ਰਿਵਰਸ ਰੈਪੋ ਰੇਟ ਕਹਾਉਂਦੀ ਹੈ|
2014 ਵਿੱਚ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਹਿਲੀ ਵਾਰ ਵਿਆਜ ਦਰਾਂ ਵਧਾਈਆਂ ਗਈਆਂ ਹਨ| ਕਾਰ ਲੋਨ, ਅਤੇ ਹੋਮ ਲੋਨ ਤੇ ਬੈਂਕ ਆਪਣੀਆਂ ਵਿਆਜ ਦਰਾਂ ਪਹਿਲਾਂ ਹੀ ਵਧਾਉਣ ਲੱਗੇ ਸਨ, ਹੁਣ ਉਹ ਇਨ੍ਹਾਂ ਨੂੰ ਹੋਰ ਵਧਾ ਸਕਦੇ ਹਨ| ਜਾਹਿਰ ਹੈ, ਕਰਜ ਮਹਿੰਗਾ ਹੋਵੇਗਾ ਤਾਂ ਈਐਮਆਈ ਵੀ ਵੱਧ ਜਾਵੇਗੀ| ਇਸ ਨਾਲ ਸੰਕਟਗ੍ਰਸਤ ਰੀਐਲਟੀ ਸੈਕਟਰ ਦੇ ਫਿਰ ਤੋਂ ਉੱਪਰ ਉੱਠਣ ਦੀ ਉਮੀਦ ਘੱਟ ਹੋ ਗਈ ਹੈ| ਮਾਰਕੀਟ ਵਿੱਚ ਕੰਜਿਊਮਰ ਡਿਊਰੇਬਲਸ ਦੀ ਵਿਕਰੀ ਨਰਮ ਪੈ ਸਕਦੀ ਹੈ ਅਤੇ ਬੈਂਕਾਂ ਤੋਂ ਪੈਸਾ ਚੁੱਕ ਕੇ ਕੀਤੇ ਜਾਣ ਵਾਲੇ ਨਿਜੀ ਨਿਵੇਸ਼ ਵਿੱਚ ਸੁਸਤੀ ਆ ਸਕਦੀ ਹੈ , ਪਰ ਆਰਬੀਆਈ ਦੇ ਕੋਲ ਕੋਈ ਚਾਰਾ ਹੀ ਨਹੀਂ ਸੀ| ਕੱਚੇ ਤੇਲ ਦੇ ਵੱਧਦੇ ਮੁੱਲ, ਡਾਲਰ ਦੀ ਮਜਬੂਤੀ ਅਤੇ ਵੱਧਦੀ ਮੁਦਰਾਸਫੀਤੀ ਨੇ ਅਰਥ ਵਿਵਸਥਾ ਤੇ ਦਬਾਅ ਵਧਾ ਦਿੱਤਾ ਸੀ| ਅਜਿਹੇ ਵਿੱਚ ਬਾਜ਼ਾਰ ਦਾ ਹੱਥ ਤੰਗ ਕਰਨ ਦਾ ਰਸਤਾ ਹੀ ਬਚਿਆ ਸੀ| ਚੰਗੀ ਗੱਲ ਇਹ ਹੋਈ ਹੈ ਕਿ ਇਸ ਨਾਲ ਅਨਿਸ਼ਚਿਤਤਾ ਹਟ ਗਈ ਹੈ| ਇਹੀ ਵਜ੍ਹਾ ਹੈ ਕਿ ਵਿਆਜ ਦਰਾਂ ਵਧਾਉਣ ਦਾ ਫੈਸਲਾ ਸੁਣ ਕੇ ਵੀ ਸ਼ੇਅਰ ਬਾਜ਼ਾਰ ਉੱਪਰ ਵੱਲ ਗਏ|
ਆਰਬੀਆਈ ਨੇ ਸਾਲ 2018- 19 ਦੀ ਪਹਿਲੀ ਛਮਾਹੀ ਲਈ ਖੁਦਰਾ ਮੁਦਰਾਸਫੀਤੀ ਦੇ ਅਨੁਮਾਨ ਨੂੰ ਸੋਧ ਕੇ ਕਰ 4.8-4.9 ਫੀਸਦੀ ਅਤੇ ਦੂਜੀ ਛਮਾਹੀ ਲਈ 4.7 ਫ਼ੀਸਦੀ ਕੀਤਾ| ਮੁਦਰਾਸਫੀਤੀ ਦੇ ਇਸ ਅਨੁਮਾਨ ਵਿੱਚ ਕੇਂਦਰੀ ਕਰਮਚਾਰੀਆਂ ਨੂੰ ਮਿਲਣ ਵਾਲੇ ਵਧੇ ਮਹਿੰਗਾਈ ਭੱਤੇ ਦਾ ਅਸਰ ਸ਼ਾਮਿਲ ਹੈ ਅਤੇ ਇਸ ਵਿੱਚ ਵਾਧੇ ਦਾ ਜੋਖਮ ਵੀ ਦੱਸਿਆ ਗਿਆ ਹੈ| ਬਾਜ਼ਾਰ ਨੂੰ ਆਸਵੰਦ ਕਰਦੇ ਹੋਏ ਆਰਬੀਆਈ ਨੇ ਕਿਹਾ ਹੈ ਕਿ ਰੇਟ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਰਹਿਣ ਦੀ ਸੰਭਾਵਨਾ ਘੱਟ ਹੈ ਅਤੇ ਅਰਥ ਵਿਵਸਥਾ ਦੇ ਸਥਿਰ, ਫਿਰ ਬਿਹਤਰ ਹੁੰਦੇ ਜਾਣ ਦਾ ਅਨੁਮਾਨ ਹੈ| ਵਿੱਤ ਸਾਲ 2019 ਲਈ ਜੀਡੀਪੀ ਗ੍ਰੋਥ ਦਾ ਅਨੁਮਾਨ 7.4 ਫੀਸਦੀ ਤੇ ਬਰਕਰਾਰ ਰੱਖਿਆ ਗਿਆ ਹੈ| ਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਮੈਨਿਉਫੈਕਚਰਿੰਗ ਸੈਕਟਰ ਦੀ ਸਮਰੱਥਾ ਵਧੀ ਹੈ|
ਪੇਂਡੂ ਅਤੇ ਸ਼ਹਿਰੀ ਇਲਾਕੀਆਂ ਵਿੱਚ ਖਪਤ ਵੱਧ ਰਹੀ ਹੈ| ਮਾਨਸੂਨ ਚੰਗਾ ਰਹਿਣ ਦਾ ਅਨੁਮਾਨ ਹੈ, ਇਸ ਲਈ ਖੇਤੀਬਾੜੀ ਫਸਲ ਬਿਹਤਰ ਹੋਣ ਦੀ ਉਮੀਦ ਹੈ| ਬਹਿਰਹਾਲ, ਇੱਕ ਗੱਲ ਤੈਅ ਹੈ ਕਿ ਇਸ ਫੈਸਲੇ ਤੋਂ ਬਾਅਦ ਅਰਥ ਵਿਵਸਥਾ ਨੂੰ ਰਫਤਾਰ ਦੇਣ ਦਾ ਕੰਮ ਅਗਲੀਆਂ ਆਮ ਚੋਣਾਂ ਤੱਕ ਸਰਕਾਰ ਨੂੰ ਆਪਣੇ ਨਿਵੇਸ਼ ਨਾਲ ਹੀ ਕਰਨਾ ਪਵੇਗਾ|
ਨਵੀਨ

Leave a Reply

Your email address will not be published. Required fields are marked *