ਰਿਟਾਇਰਡ ਅਧਿਕਾਰੀਆਂ ਵਲੋਂ ਦਿੱਲੀ ਬੈਰੀਅਰ ਤੇ ਧਰਨਾ ਦੇ ਰਹੇ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ

ਐਸ.ਏ.ਐਸ.ਨਗਰ, 16 ਦਸੰਬਰ (ਸ.ਬ.) ਸਰਕਾਰੀ ਨੌਕਰੀਆਂ ਤੋਂ ਰਿਟਾਇਰ ਹੋ ਚੁਕੇ ਉੱਚ ਅਧਿਕਾਰੀਆਂ (ਜਿਹਨਾਂ ਵਿੱਚ ਰਿਟਾਇਰਡ ਆਈ.ਏ.ਐਸ. ਅਧਿਕਾਰੀ ਅਤੇ ਫੌਜ ਦੇ ਸੀਨੀਅਰ ਰਿਟਾਇਰਡ ਅਧਿਕਾਰੀ ਸ਼ਾਮਿਲ ਹਨ) ਵਲੋਂ ਏਅਰਪੋਰਟ ਰੋਡ ਤੇ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜੇ, ਦਿੱਲੀ ਬਾਰਡਰ ਤੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ  ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਕੀਤੇ ਜਾ ਰਹੇ ਸੰਘਰਸ਼ ਦੀ ਹਿਮਾਇਤ ਕੀਤੀ ਗਈ| ਇਸ ਮੌਕੇ ਇਹਨਾਂ ਸਾਬਕਾ ਅਫਸਰਾਂ ਵਲੋਂ ਆਪਣੇ ਹੱਥਾਂ ਵਿੱਚ ਤਖਤੀਆਂ ਫੜ੍ਹ ਕੇ ਕੇਂਦਰ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ ਗਈ ਅਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਗਈ|
ਇਸ ਮੌਕੇ ਸਾਬਕਾ ਆਈ.ਏ.ਐਸ.ਅਧਿਕਾਰੀ ਸ੍ਰੀ ਐਸ.ਆਰ. ਲੱਧੜ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ, ਦਲਿਤਾਂ ਅਤੇ ਮੁਸਲਮਾਨਾਂ ਦੇ ਵਿਰੁੱਧ ਕੰਮ ਕਰ ਰਹੀ ਹੈ ਅਤੇ ਇਸ ਸਰਕਾਰ ਵਲੋਂ ਸੰਵਿਧਾਨ ਦੇ ਨਿਯਮਾਂ ਦੀ ਸਭ ਤੋਂ ਵੱਧ ਉਲੰਘਣਾ ਕੀਤੀ ਗਈ ਹੈ| ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਿਰਫ ਅਤੇ ਸਿਰਫ ਪੂੰਜੀਪਤੀਆਂ ਲਈ ਕੰਮ ਕਰ ਰਹੀ ਹੈ| ਉਹਨਾਂ ਮੰਗ ਕੀਤੀ ਕਿ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਤੁੰਰਤ ਵਾਪਿਸ ਲਿਆ ਜਾਵੇ|

Leave a Reply

Your email address will not be published. Required fields are marked *