ਰਿਸ਼ਤੇਦਾਰਾਂ ਨੇ ਹੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ੍ਹਿਆ

ਅੰਮ੍ਰਿਤਸਰ, 13 ਅਗਸਤ (ਸ.ਬ.) ਸ਼ਹਿਰ ਦੇ ਗੁਰੂ ਨਾਨਕਪੁਰਾ ਇਲਾਕੇ ਵਿੱਚ ਬੀਤੀ ਰਾਤ ਇੱਕ ਨੌਜਵਾਨ ਨੂੰ ਕੁਝ ਲੋਕਾਂ ਨੇ ਗੋਲੀਆਂ ਨਾਲ ਭੁੰਨ੍ਹ ਦਿੱਤਾ| ਹਮਲੇ ਵਿੱਚ ਦੋ ਔਰਤਾਂ ਵੀ ਗੰਭੀਰ ਜ਼ਖ਼ਮੀ ਹੋਈਆਂ ਹਨ| ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ| ਪੁਲੀਸ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰ ਮ੍ਰਿਤਕ ਦੇ ਰਿਸ਼ਤੇਦਾਰ ਹੀ ਸਨ|
ਮ੍ਰਿਤਕ ਦੀ ਪਛਾਣ ਪ੍ਰਤਾਪ ਸਿੰਘ ਵਜੋਂ ਹੋਈ ਹੈ| ਮ੍ਰਿਤਕ ਅੰਮ੍ਰਿਤਸਰ ਦੇ ਕੋਟ ਖ਼ਾਲਸਾ ਗੁਰੂ ਨਾਨਕਪੁਰਾ ਸਲਾਮਾਬਾਦ ਇਲਾਕੇ ਵਿੱਚ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦਾ ਸੀ| ਇੱਥੇ ਹੀ ਉਸ ਦਾ ਦਫ਼ਤਰ ਹੈ| ਰਾਤ ਦੇ ਸਾਢੇ ਨੌਂ ਵਜੇ ਜਦ ਪ੍ਰਤਾਪ ਸਿੰਘ ਆਪਣੇ ਘਰ ਮੌਜੂਦ ਸੀ ਤਾਂ ਅਣਪਛਾਤੇ ਦੋ ਹਮਲਾਵਰ ਉਸ ਦੇ ਘਰ ਦਾਖ਼ਲ ਹੋਏ ਤੇ ਉਸ ਉੱਪਰ ਗੋਲ਼ੀਆਂ ਦੀ ਬੁਛਾੜ ਕਰ ਦਿੱਤੀ| ਗੋਲ਼ੀਆਂ ਲੱਗਣ ਕਾਰਨ ਪ੍ਰਤਾਪ ਸਿੰਘ ਵੀ ਗੰਭੀਰ ਜ਼ਖ਼ਮੀ ਹੋ ਗਿਆ| ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ| ਪ੍ਰਤਾਪ ਦੀ ਪਤਨੀ ਤੇ ਮਾਂ ਉਸ ਦਾ ਬਚਾਅ ਕਰਨ ਆਈਆਂ ਤਾਂ ਉਨ੍ਹਾਂ ਦੇ ਵੀ ਗੋਲ਼ੀਆਂ ਵੱਜੀਆਂ|
ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਪ੍ਰਤਾਪ ਸਿੰਘ ਦੀ ਭੈਣ ਨੇ ਆਪਣੇ ਪਤੀ ਹਰਜੀਤ ਸਿੰਘ, ਦਿਓਰ ਸਿਮਰਨਜੀਤ ਸਿੰਘ ਤੇ ਸਹੁਰੇ ਖਿਲਾਫ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੋਈ ਸੀ| ਪੜਤਾਲ ਲਈ ਪੁਲੀਸ ਨੇ ਐਤਵਾਰ ਨੂੰ ਸਿਮਰਨਜੀਤ ਸਿੰਘ ਸਮੇਤ ਸਾਰੇ ਪਰਿਵਾਰ ਨੂੰ ਥਾਣੇ ਬੁਲਾਇਆ ਸੀ ਤੇ ਇਸ ਗੱਲ ਤੋਂ ਸਿਮਰਨਜੀਤ ਸਿੰਘ ਕਾਫੀ ਖਫਾ ਸੀ|
ਉਸ ਨੇ ਗੁੱਸੇ ਵਿੱਚ ਆ ਕੇ ਆਪਣੇ ਸਾਥੀਆਂ ਸਮੇਤ ਪ੍ਰਤਾਪ ਸਿੰਘ ਤੇ ਹਮਲਾ ਕਰ ਦਿੱਤਾ| ਘਟਨਾ ਦੀ ਜਾਣਕਾਰੀ ਮਿਲਦੇ ਹੀ ਏਡੀਸੀਪੀ-1 ਜਗਜੀਤ ਸਿੰਘ ਵਾਲੀਆ ਮੌਕੇ ਤੇ ਪਹੁੰਚੇ ਅਤੇ ਪੁਲੀਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *