ਰਿਸ਼ਵਤ ਮਾਮਲੇ ਵਿੱਚ ਸੀਨੀਅਰ ਸਹਾਇਕ ਦੀ ਗ੍ਰਿਫਤਾਰੀ ਤੋਂ ਬਾਅਦ ਨਰਸਿੰਗ ਕੌਂਸਲ ਮੁੜ ਚਰਚਾ ਵਿੱਚ

ਰਿਸ਼ਵਤ ਮਾਮਲੇ ਵਿੱਚ ਸੀਨੀਅਰ ਸਹਾਇਕ ਦੀ ਗ੍ਰਿਫਤਾਰੀ ਤੋਂ ਬਾਅਦ ਨਰਸਿੰਗ ਕੌਂਸਲ ਮੁੜ ਚਰਚਾ ਵਿੱਚ
ਸੀਨੀਅਰ ਸਹਾਇਕ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ
ਐਸ ਏ ਐਸ ਨ ਗਰ, 17 ਮਈ (ਸ.ਬ.) ਵਿਜੀਲੈਂਸ ਵਲੋਂ ਨਰਸਿੰਗ ਕੌਂਸਲ ਦੀ ਸੀਨੀਅਰ ਸਹਾਇਕ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜੇ ਜਾਣ ਦੇ ਮਾਮਲੇ ਨੇ ਨਰਸਿੰਗ ਕੌਂਸਲ ਨੂੰ ਇੱਕ ਵਾਰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ| ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਫੜੀ ਗਈ ਸੀਨੀਅਰ ਸਹਾਇਕ ਨੇ ਵਿਜੀਲੈਂਸ ਕੋਲ ਦਰਜ ਕਰਵਾਏ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਸ ਰਿਸ਼ਵਤ ਦਾ ਹਿੱਸਾ ਉੱਪਰ ਤਕ ਜਾਂਦਾ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਉਹ ਇਹ ਸਾਰਾ ਕੁਝ ਉਚ ਅਧਿਕਾਰੀਆਂ ਦੀ ਮਰਜੀ ਨਾਲ ਹੀ ਕਰਦੀ ਸੀ| ਹੁਣ ਵਿਜੀਲੈਂਸ ਵਲੋਂ ਇਸ ਮਾਮਲੇ ਵਿੱਚ ਆਪਣੀ ਜਾਂਚ ਦਾ ਘੇਰਾ ਵਧਾ ਦਿੱਤਾ ਗਿਆ ਹੈ ਅਤੇ ਵਿਜੀਲੈਂਸ ਉਹਨਾਂ ਮੁਲਾਜਮਾਂ ਤੇ ਅਧਿਕਾਰੀਆਂ ਬਾਰੇ ਵੀ ਜਾਂਚ ਕਰ ਰਹੀ ਹੈ, ਜਿਹਨਾਂ ਦੇ ਨਾਮ ਇਸ ਸੀਨੀਅਰ ਸਹਾਇਕ ਨੇ ਆਪਣੇ ਬਿਆਨ ਵਿੱਚ ਲਏ ਹਨ| ਇਹਨਾਂ ਅਧਿਕਾਰੀਆਂ ਦੇ ਰੋਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਕਈ ਨਾਮ ਸਾਹਮਣੇ ਆਉਣਗੇ|
ਨਰਸਿੰਗ ਕੌਂਸਲ ਪਿਛਲੇ ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਰਿਹਾ ਹੈ| ਇਸ ਕੌਂਸਲ ਦੇ ਪਹਿਲਾਂ ਵੀ ਕਈ ਅਧਿਕਾਰੀ ਰਿਸ਼ਵਤ ਲੈਂਦੇ ਹੋਏ ਫੜੇ ਜਾ ਚੁੱਕੇ ਹਨ ਜੋ ਕਿ ਨਰਸਿੰਗ ਕਾਲਜਾਂ ਤੋਂ ਰਿਸ਼ਵਤ ਲੈਂਦੇ ਹੁੰਦੇ ਸਨ| ਇਸ ਤੋਂ ਇਲਾਵਾ ਨਰਸਿੰਗ ਕੌਂਸਲ ਦੇ ਪੇਪਰ ਵੀ ਕਈ ਵਾਰ ਲੀਕ ਹੋ ਚੁੱਕੇ ਹਨ ਅਤੇ ਪੇਪਰ ਲੀਕ ਮਾਮਲੇ ਵਿੱਚ ਕੌਂਸਲ ਦੇ ਕਈ ਅਧਿਕਾਰੀਆਂ ਅਤੇ ਇੱਕ ਪ੍ਰੀਟਿੰਗ ਪ੍ਰੈਸ ਵਾਲੇ ਉਪਰ ਪਰਚਾ ਵੀ ਦਾਖਲ ਹੋ ਚੁੱਕਿਆ ਹੈ|
ਅੱਜ ਵਿਜੀਲੈਂਸ ਨੇ ਨਰਸਿੰਗ ਕਂੌਸਲ ਦੀ ਰਿਸ਼ਵਤ ਮਾਮਲੇ ਵਿੱਚ ਫੜੀ ਗਈ ਸੀਨੀਅਰ ਸਹਾਇਕ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਇਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ|
ਜਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਵਿਜੀਲੈਂਸ ਬਿਊਰੋ ਨੇ ਡੀਐਸਪੀ ਰਵਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਨਰਸਿੰਗ ਕੌਂਸਲ ਦੀ ਸੀਨੀਅਰ ਸਹਾਇਕ ਦਰਸ਼ੀ ਦੇਵੀ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ| ਮੁਲਜ਼ਮ ਔਰਤ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ| ਇਸ ਸੀਨੀਅਰ ਸਹਾਇਕ ਵਲੋਂ ਇੱਕ ਨਰਸਿੰਗ ਸੰਸਥਾ ਨੂੰ ਐਫੀਲੀਏਸ਼ਨ ਸਰਟੀਫਿਕੇਟ ਜਾਰੀ ਕਰਨ ਬਦਲੇ 20 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਮੰਗੀ ਜਾ ਰਹੀ ਸੀ| ਉਸ ਨੂੰ ਬੀਤੇ ਦਿਨ ਵਿਜੀਲੈਂਸ ਵਲੋਂ ਟਰੈਪ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ|

Leave a Reply

Your email address will not be published. Required fields are marked *