ਰਿਹਾਇਸ਼ੀ ਖੇਤਰਾਂ ਵਿੱਚ ਪੀ ਜੀ ਦੇ ਨਾਮ ਤੇ ਚਲਦੇ ਕਾਰੋਬਾਰ ਨੂੰ ਮੁਕੰਮਲ ਤੌਰ ਤੇ ਬੰਦ ਕਰਵਾਏ ਪ੍ਰਸ਼ਾਸ਼ਨ

ਸਾਡੇ ਸ਼ਹਿਰ ਦੇ ਲਗਭਗ ਸਾਰੇ ਹੀ ਫੇਜ਼ਾਂ ਵਿੱਚਲੇ ਰਿਹਾਇਸ਼ੀ ਮਕਾਨਾਂ ਵਿੱਚ ਪੀ ਜੀ ਦੇ ਨਾਮ ਤੇ ਜਿਹੜਾ ਕਾਰੋਬਾਰ ਚਲਾਇਆ ਜਾਂਦਾ ਹੈ ਉਸ ਕਾਰਨ ਆਮ ਸ਼ਹਿਰੀਆਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| ਇਹਨਾਂ ਪੀ ਜੀ ਕੇਂਦਰਾਂ ਵਿੱਚ ਰਹਿਣ ਵਾਲੇ ਨੌਜਵਾਨਾਂ ਵਲੋਂ ਜਿੱਥੇ ਦੇਰ ਰਾਤ ਤਕ ਪਾਰਟੀਆਂ ਦਾ ਦੌਰ ਚਲਾਇਆ ਜਾਂਦਾ ਹੈ| ਅਜਿਹੀਆਂ ਪਾਰਟੀਆਂ ਤੋਂ ਬਾਅਦ ਟੱਲੀ ਹੋਏ ਨੌਜਵਾਨ ਉਸ ਪੂਰੇ ਖੇਤਰ ਦੇ ਸ਼ਾਂਤਮਈ ਮਾਹੌਲ ਨੂੰ ਤਾਂ ਪ੍ਰਭਾਵਿਤ ਕਰਦੇ ਹੀ ਹਨ, ਕਈ ਵਾਰ ਇਹਲਾਂ ਦੀ ਆਸ ਪੜੌਸ ਦੇ ਵਸਨੀਕਾਂ ਨਾਲ ਝਗੜੇ ਦੀ ਨੌਬਤ ਵੀ ਆ ਜਾਂਦੀ ਹੈ| ਇਹਨਾਂ ਪੀ ਜੀ ਘਰਾਂ ਵਿੱਚ ਰਹਿਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਦੀ ਅਲਮਸਤ ਜਿੰਦਗੀ ਸਾਡੇ ਬੱੰਿਚਆਂ ਦੇ ਦਿਲੋ ਦਿਮਾਗ ਤੇ ਵੀ ਅਸਰ ਪਾਉਂਦੀ ਹੈ|
ਕਾਨੂੰਨ ਅਨੁਸਾਰ ਜਿਹੜੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਪੀ ਜੀ ਰੱਖਣ ਦੀ ਇਜਾਜਤ ਦਿੱਤੀ ਜਾਂਦੀ ਹੈ ਉਹਨਾਂ ਦਾ ਖੁਦ ਉਸ ਘਰ ਵਿੱਚ ਰਹਿਣਾ ਜਰੂਰੀ ਹੁੰਦਾ ਹੈ ਜਿੱਥੇ ਉਹਨਾਂ ਵਲੋਂ ਪੀ ਜੀ ਰੱਖੇ ਜਾਂਦੇ ਹਨ ਪਰੰਤੂ ਸਾਡੇ ਸ਼ਹਿਰ ਵਿੱਚ ਅਜਿਹਾ ਨਹੀਂ ਹੈ ਅਤੇ ਇੱਥੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਵਪਾਰਕ ਤਰੀਕੇ ਨਾਲ ਅੰਜਾਮ ਦਿੱਤਾ ਜਾਂਦਾ ਹੈ| ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੇ ਰਿਹਾਇਸ਼ੀ ਖੇਤਰਾਂ ਵਿੱਚ ਪੀ ਜੀ ਕੇਂਦਰ ਚਲਾਉਣ ਦੀ ਇਹ ਕਾਰਵਾਈ ਪੂਰੀ ਤਰ੍ਹਾਂ ਅਣਅਧਿਕਾਰਤ ਤਰੀਕੇ ਨਾਲ ਹੀ ਚਲਾਈ ਜਾਂਦੀ ਹੈ ਅਤੇ ਪੀ ਜੀ ਚਲਾਉਣ ਵਾਲੇ ਇਹਨਾਂ ਲੋਕਾਂ ਵਲੋਂ ਕੋਠੀਆਂ ਕਿਰਾਏ ਤੇ ਲੈ ਕੇ ਉਹਨਾਂ ਵਿੱਚ ਪੀ ਜੀ ਕੇਂਦਰ ਚਲਾਉਣ ਦੇ ਨਾਮ ਤੇ ਅਸਲ ਵਿੱਚ ਲੋਕਾਂ ਦੀ ਠਾਹਰ ਦਾ ਅਜਿਹਾ ਕਾਰੋਬਾਰ ਚਲਾਇਆ ਜਾ ਰਿਹਾ ਹੈ, ਜਿੱਥੇ ਠਹਿਰਨ ਵਾਲੇ ਵਿਅਕਤੀਆਂ ਲਈ ਨਾ ਤਾਂ ਕੋਈ ਨਿਯਮ ਕਾਇਦਾ ਤੈਅ ਕੀਤਾ ਜਾਂਦਾ ਹੈ ਅਤੇ ਨਾ ਹੀ ਇਸ ਕਾਰਨ ਆਸ ਪੜੌਸ ਦੇ ਲੋਕਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਵੱਲ ਕੋਈ ਧਿਆਨ ਦਿੱਤਾ ਜਾਂਦਾ ਹੈ| ਸ਼ਹਿਰ ਵਿੱਚ ਚਲਦੇ ਇਹਨਾਂ ਪੀ ਜੀ ਕੇਂਦਰਾਂ ਤੇ ਨਾ ਤਾਂ ਪ੍ਰਸ਼ਾਸ਼ਨ ਦਾ ਕੋਈ ਕਾਬੂ ਹੈ ਅਤੇ ਨਾ ਹੀ ਪ੍ਰਸ਼ਾਸ਼ਨ ਕੋਲ ਇਸ ਜਾਣਕਾਰੀ ਹੈ ਕਿ ਸ਼ਹਿਰ ਵਿੱਚ ਅਜਿਹੇ ਕਿੰਨੇ ਪੀ ਜੀ ਕੇਂਦਰ ਚਲ ਰਹੇ ਹਨ| ਫਰਕ ਸਿਰਫ ਇੰਨਾ ਹੈ ਕਿ ਕਿਸੇ ਆਮ ਲਾਜ ਜਾਂ ਹੋਟਲ ਵਿੱਚ ਜਿੱਥੇ ਕੋਈ ਵਿਅਕਤੀ ਦੋ ਚਾਰ ਦਿਨ ਲਈ ਠਹਿਰਦਾ ਹੈ ਉੱਥੇ ਇਹਨਾਂ ਪੀ ਜੀ ਘਰਾਂ ਵਿੱਚ ਲੋਕ ਮਹੀਨਿਆਂ (ਜਾਂ ਸਾਲਾਂ) ਵਾਸਤੇ ਰਹਿਣ ਲਈ ਆਉਂਦੇ ਹਨ ਅਤੇ ਇਸ ਕਾਰਨ ਅਜਿਹੇ ਪੀ ਜੀ ਘਰਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਲਗਾਤਾਰ ਪਰੇਸ਼ਾਨੀ ਸਹਿਣ ਲਈ ਮਜਬੂਰ ਹੋਣਾ ਪੈਂਦਾ ਹੈ|
ਪੀ ਜੀ ਦੇ ਨਾਮ ਤੇ ਸ਼ਹਿਰ ਵਿੱਚ ਬਾਹਰੋ ਆ ਕੇ ਰਹਿਣ ਵਾਲੇ ਲੋਕਾਂ ਨੂੰ ਸਸਤੀ ਰਿਹਾਇਸ਼ ਮੁਹਈਆ ਕਰਵਾਉਣ ਦਾ ਇਹ ਕੰਮ ਪੂਰੀ ਤਰ੍ਹਾਂ ਪੇਸ਼ੇਵਰ ਢੰਗ ਨਾਲ ਅੰਜਾਮ ਦਿੱਤਾ ਜਾਂਦਾ ਹੈ ਅਤੇ ਇਹਨਾਂ ਪੀ ਜੀ ਕੇਂਦਰਾਂ ਨੂੰ ਚਲਾਉਣ ਵਾਲੇ ਲੋਕਾਂ ਵਲੋਂ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ ਸਮਰਥਾ ਤੋਂ ਕਿਤੇ ਵੱਧ ਲੋਕਾਂ ਨੂੰ ਪੀ ਜੀ ਰੱਖ ਕੇ ਆਸ ਪੜੌਸ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ| ਸ਼ਹਿਰ ਵਿੱਚ ਚਲਦੇ ਇਸ ਕਾਰੋਬਾਰ ਨੂੰ ਖਤਮ ਕਰਵਾਉਣ ਦੀ ਮੰਗ ਪਿਛਲੇ ਕਈ ਸਾਲਾਂ ਤੋਂ ਉਠ ਰਹੀ ਹੈ ਪਰੰਤੂ ਪੂਰੀ ਤਰ੍ਹਾਂ ਅਣਅਧਿਕਾਰਤ ਢੰਗ ਨਾਲ ਅੰਜਾਮ ਦਿੱਤੀ ਜਾਣ ਵਾਲੀ ਇਸ ਕਾਰਵਾਈ ਤੇ ਕਾਬੂ ਕਰਨ ਵਿੱਚ ਸਾਡਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ| ਸ਼ਹਿਰ ਵਿੱਚ ਚਲਦੇ ਇਹਨਾਂ ਪੀ ਜੀ ਘਰਾਂ ਦੇ ਸੰਚਾਲਕਾਂ ਵਲੋਂ ਕੀਤੀਆਂ ਜਾਂਦੀਆਂ ਮਨਮਾਨੀਆਂ ਕਾਰਨ ਸ਼ਹਿਰ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ|
ਸ਼ਹਿਰ ਵਿੱਚ ਖੁੰਬਾਂ ਵਾਂਗ ਪੁੰਗਰੇ ਇਹਨਾਂ ਪੀ ਜੀ ਕੇਂਦਰਾਂ ਦੀ ਸਮੱਸਿਆ ਦੇ ਹਲ ਲਈ ਇਹ ਜਰੂਰੀ ਹੈ ਕਿ ਸ਼ਹਿਰ ਵਿੱਚ ਅਣਅਧਿਕਾਰਤ ਤੌਰ ਤੇ ਚਲਦੇ ਇਹਨਾਂ ਪੀ ਜੀ ਘਰਾਂ ਤੇ ਲਗਾਮ ਕਸੀ ਜਾਵੇ ਅਤੇ ਇਹਨਾਂ ਨੂੰ ਸਖਤੀ ਨਾਲ ਬੰਦ ਕਰਵਾਇਆ ਜਾਵੇ| ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਦੇ ਰਿਹਾਇਸ਼ੀ ਖੇਤਰ ਵਿੱਚ ਅਣਅਧਿਕਾਰਤ ਤੌਰ ਤੇ ਚਲਦੇ ਇਹਨਾਂ ਤਮਾਮ ਪੀ ਜੀ ਕੇਂਦਰਾਂ ਨੂੰ ਬੰਦ ਕਰਵਾਉਣ ਲਈ ਕੋਈ ਕਾਰਜਯੋਜਨਾ ਤਿਆਰ ਕਰੇ| ਇਸਦੇ ਨਾਲ ਨਾਲ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਬਾਹਰੋ ਆ ਕੇ ਰਹਿਣ ਵਾਲੇ ਲੋਕਾਂ ਦੀ ਠਾਹਰ ਲਈ ਬਦਲਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਜਿੱਥੇ ਇਹਨਾਂ ਨੌਜਵਾਨਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਮੁਹਈਆ ਕਰਵਾਉਣ ਦੇ ਨਾਲ ਨਾਲ ਅਨੁਸ਼ਾਸ਼ਨ ਵਿੱਚ ਰਹਿਣ ਲਈ ਪਾਬੰਦ ਕੀਤਾ ਜਾਣਾ ਚਾਹੀਦਾ ਹੈ| ਸ਼ਹਿਰ ਦੇ ਰਿਹਾਇਸ਼ੀ ਫੇਜ਼ਾਂ ਵਿੱਚ ਚਲਦੇ ਇਹਨਾਂ ਪੀ ਜੀ ਘਰਾਂ ਕਾਰਨ ਆਮ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹਲ ਲਈ ਅਜਿਹਾ ਕੀਤਾ ਜਾਣਾ ਬਹੁਤ ਜਰੂਰੀ ਹੈ ਅਤੇਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਤੁਰੰਤ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ|

Leave a Reply

Your email address will not be published. Required fields are marked *