ਰਿਹਾਇਸ਼ੀ ਖੇਤਰ ਦੀਆਂ ਅੰਦਰੂਨੀ ਸੜਕਾਂ ਦੀ ਚੌੜਾਈ ਵਧਾਏ ਪ੍ਰਸ਼ਾਸ਼ਨ

40 ਸਾਲ ਪਹਿਲਾਂ ਜਦੋਂ ਪੰਜਾਬ ਸਰਕਾਰ ਵਲੋਂ ਸਾਡੇ ਸ਼ਹਿਰ ਦੀ ਉਸਾਰੀ ਦਾ ਅਮਲ ਆਰੰਭ ਕੀਤਾ ਗਿਆ ਸੀ ਉਸ ਵੇਲੇ ਇਸ ਦੇ ਯੋਜਨਾਕਾਰਾਂ ਵਲੋਂ ਇਸ ਗੱਲ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ ਕਿ ਭਵਿੱਖ ਵਿੱਚ ਜਦੋਂ ਸ਼ਹਿਰ ਦੀ ਆਬਾਦੀ ਵਧ ਜਾਵੇਗੀ ਅਤੇ ਲੋਕਾਂ ਕੋਲ ਆਵਾਜਾਈ ਲਈ ਨਿੱਜੀ ਵਾਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਜਾਵੇਗਾ ਤਾਂ ਉਹਨਾਂ ਦੀ ਆਵਾਜਾਈ ਲਈ ਲੋੜੀਂਦੀ ਥਾਂ ਦੀ ਲੋੜ ਕਿਵੇਂ ਪੂਰੀ ਹੋਵੇਗੀ| ਇਹਨਾਂ ਯੋਜਨਾਕਾਰਾਂ ਦੀ ਇਸ ਅਣਗਹਿਲੀ ਦਾ ਖਾਮਿਆਜਾ ਸ਼ਹਿਰ ਵਾਸੀਆਂ ਨੂੰ ਹੁਣ ਭੁਗਤਣਾ ਪੈ ਰਿਹਾ ਹੈ ਅਤੇ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿਚਲੀਆਂ ਗਲੀਆਂ ਦੀ ਚੌੜਾਈ ਘੱਟ ਹੋਣ ਕਾਰਨ ਲੋਕਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ|
ਸ਼ਹਿਰ ਦੀ ਯੋਜਨਾਬੰਦੀ ਕਰਨ ਵਾਲੇ ਇੰਜਨੀਅਰਾਂ ਵਲੋਂ  ਭਾਵੇਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਅੰਦਰੂਨੀ ਗਲੀਆਂ ਲਈ 35 ਤੋਂ 45 ਫੁੱਟ ਚੌੜੀ ਥਾਂ ਛੱਡੀ ਗਈ ਸੀ ਪਰੰਤੂ ਆਮ ਲੋਕਾਂ ਦੀ ਆਵਾਜਾਈ ਲਈ ਸਿਰਫ 12 ਤੋਂ 14 ਫੁੱਟ ਚੌੜੀ ਸੜਕ ਦੀ ਹੀ ਉਸਾਰੀ ਕੀਤੀ ਗਈ ਅਤੇ ਬਾਕੀ ਦੀ ਥਾਂ ਲੋਕਾਂ ਦੇ ਮਕਾਨਾਂ ਦੇ ਸਾਮ੍ਹਣੇ ਖਾਲੀ ਛੱਡ ਦਿੱਤੀ ਗਈ| ਹਾਲਾਤ ਇਹ ਹਨ ਕਿ ਇੱਕ ਪਾਸੇ ਤਾਂ ਇਸ ਖਾਲੀ ਥਾਂ ਤੇ ਲੋਕਾਂ ਵਲੋਂ ਕਬਜਾ ਕਰਕੇ ਇਸ ਥਾਂ ਦੀ ਨਿੱਜੀ ਵਰਤੋਂ ਕੀਤੀ ਜਾਂਦੀ ਹੈ ਅਤੇ ਦੂਜੇ ਪਾਸੇ ਤੰਗ ਸੜਕਾਂ (ਗਲੀਆਂ) ਦੇ ਕਿਨਾਰੇ ਖੜ੍ਹੇ ਹੋਣ ਵਾਲੇ ਵਾਹਨ ਸ਼ਹਿਰ ਵਾਸੀਆਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣਦੇ ਹਨ| ਇਹਨਾਂ ਤੰਗ ਗਲੀਆਂ ਵਿੱਚ ਆਮ ਲੋਕਾਂ ਵਲੋਂ ਆਪਣੇ ਵਾਹਨ ਖੜ੍ਹਾਏ ਜਾਣ ਕਾਰਨ ਇਹਨਾਂ ਗਲੀਆਂ ਵਿਚਲੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ| ਰਿਹਾਇਸ਼ੀ ਖੇਤਰਾਂ ਦੀਆਂ ਗਲੀਆਂ ਵਿੱਚ ਲੋਕਾਂ ਵਲੋਂ ਆਪਣੇ ਮਕਾਨ ਦੇ ਸਾਮ੍ਹਣੇ ਦੀ ਥਾਂ ਤਾਂ ਆਪਣੇ ਕਬਜੇ ਵਿੱਚ ਕੀਤੀ ਹੀ ਹੁੰਦੀ ਹੈ ਬਾਕੀ ਕਸਰ ਉਹ ਸੜਕ ਤੇ ਆਪਣਾ ਵਾਹਨ ਖੜ੍ਹਾ ਕਰਕੇ ਪੂਰੀ ਕਰ ਦਿੰਦੇ ਹਨ| ਦਿਨ ਵਿੱਚ ਜਦੋਂ ਲੋਕ ਆਪਣੇ ਵਾਹਨ ਲੈ ਕੇ ਆਪਣੇ ਕੰਮਾਂ ਕਾਰਾਂ ਤੇ ਚਲੇ ਜਾਂਦੇ ਹਨ ਉਸ ਵੇਲੇ ਤਾਂ ਫਿਰ ਵੀ ਕਿਸੇ ਤਰ੍ਹਾਂ ਕੰਮ ਚਲ ਜਾਂਦਾ ਹੈ ਪਰੰਤੂ ਰਾਤ ਨੂੰ ਤਾਂ ਇਹ ਹਾਲਤ ਹੁੰਦੀ ਹੈ ਕਿ ਗਲੀਆਂ ਵਿੱਚ ਦੋਵੇਂ ਪਾਸੇ ਵਸਨੀਕਾਂ ਦੇ ਵਾਹਨ ਖੜ੍ਹੇ ਹੋਣ ਕਾਰਨ ਇੱਕ ਵਾਹਨ ਲੰਘਾਉਣ ਦੀ ਥਾਂ ਵੀ ਮੁਸ਼ਕਿਲ ਨਾਲ ਹੀ ਮਿਲਦੀ ਹੈ|
ਆਮ ਲੋਕਾਂ ਨੂੰ ਪੇਸ਼ ਆਉਂਦੀ ਇਸ ਸਮੱਸਿਆ ਬਾਰੇ ਜੇਕਰ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਦੀ ਗੱਲ ਕੀਤੀ ਜਾਵੇ ਤਾਂ ਉਸ ਵਲੋਂ ਹੁਣ ਤਕ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਅਣਦੇਖਿਆ ਕੀਤਾ ਜਾਂਦਾ ਰਿਹਾ ਹੈ ਅਤੇ ਸ਼ਹਿਰ ਦੀਆਂ ਇਹਨਾਂ ਅੰਦਰੂਨੀ ਸੜਕਾਂ ਨੂੰ ਚੌੜਾ ਕਰਨ ਲਈ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ| ਪਿਛਲੇ ਕੁੱਝ ਸਾਲਾਂ ਤੋਂ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਸੜਕਾਂ ਕਿਨਾਰੇ ਬਣਾਏ ਗਏ ਫੁਟਪਾਥਾਂ ਨੂੰ ਥੋੜ੍ਹਾ ਟੇਪਰ ਕਰਕੇ ਕੰਮ ਜਰੂਰ ਚਲਾਇਆ ਜਾ ਰਿਹਾ ਹੈ, ਤਾਂ ਜੋ ਲੋਕ ਇਹਨਾਂ ਫੁਟਪਾਥਾਂ ਤੇ ਆਪਣੇ ਵਾਹਨ ਖੜ੍ਹੇ ਕਰ ਸਕਣ| ਪਰੰਤੂ ਇਸ ਨਾਲ ਇਸ ਸਮੱਸਿਆ ਦਾ ਹਲ ਨਹੀਂ ਹੁੰਦਾ ਅਤੇ ਫੁਟਪਾਥ ਵੀ ਟੇਪਰ ਕੀਤੇ ਜਾਣ ਕਾਰਨ ਬਜੁਰਗਾਂ, ਮਹਿਲਾਵਾਂ ਅਤੇ ਬੱਚਿਆਂ ਦੇ ਤੁਰਨ ਦੇ ਕੰਮ ਨਹੀਂ ਆਉਂਦੇ|
ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਜੇਕਰ ਇਹਨਾਂ ਫੁਟਪਾਥਾਂ ਦੀ ਉਸਾਰੀ ਗੱਡੀਆਂ ਦੀ ਪਾਰਕਿੰਗ ਲਈ ਹੀ ਕੀਤੀ ਜਾਣੀ ਹੈ ਤਾਂ ਫਿਰ ਪ੍ਰਸ਼ਾਸ਼ਨ ਵਲੋਂ ਇਹਨਾਂ ਗਲੀਆਂ ਨੂੰ ਚੌੜਾ ਕਿਉਂ ਨਹੀਂ ਕਰ ਦਿੱਤਾ ਜਾਂਦਾ ਅਤੇ ਹਰ ਸਾਲ ਕਰੋੜਾਂ ਰੁਪਏ ਖਰਚ ਕੇ ਇਹਨਾਂ ਫੁਟਪਾਥਾਂ ਦੀ ਉਸਾਰੀ ਕਰਵਾਉਣ ਦੀ ਭਲਾ ਕੀ ਤੁਕ ਬਣਦੀ ਹੈ| ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀ ਇਹ ਤਰਕ ਦਿੰਦੇ ਹਨ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਮੁੱਢਲੀ ਪਲਾਨਿੰਗ ਵਿੱਚ ਕੋਈ ਬਦਲਾਅ ਕਰਨ ਦਾ ਅਧਿਕਾਰ ਉਹਨਾਂ ਕੋਲ ਨਹੀਂ ਹੈ ਅਤੇ ਪਲਾਨਿਗ ਵਿੱਚ ਤਬਦੀਲੀ ਦੀ ਇਹ ਕਾਰਵਾਈ ਗਮਾਡਾ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ| ਪਰ ਇਹ ਸਮਝ ਨਹੀਂ ਆਉਂਦੀ ਕਿ ਇੰਨੇ ਸਾਲ ਬੀਤ ਜਾਣਦੇ ਬਾਵਜੂਦ ਗਮਾਡਾ ਵਲੋਂ ਸ਼ਹਿਰ ਦੀ ਮੁੱਢਲੀ ਪਲਾਨਿੰਗ ਵਿੱਚ ਲੋੜੀਂਦੀ ਤਬਦੀਲੀ ਕਿਊਂ ਨਹੀਂ ਕੀਤੀ ਗਈ ਹੈ| ਨਗਰ ਨਿਗਮ ਵਲੋਂ ਅੰਦਰੂਨੀ ਗਲੀਆਂ ਦੇ ਕਿਨਾਰੇ  ਢਲਾਣ ਦੇ ਰੁਪ ਵਿੱਚ ਬਣਾਏ ਜਾਂਦੇ ਇਹਨਾਂ ਫੁਟਪਾਥਾਂ ਦਾ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਅਤੇ ਇਹਨਾਂ ਉੱਪਰ ਆਮ ਲੋਕਾਂ ਦਾ ਪੈਸਾ ਹੀ ਬਰਬਾਦ ਹੁੰਦਾ ਹੈ|
ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਕਰੇ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ  ਇਸ ਸੰਬੰਧੀ ਗਮਾਡਾ ਦੇ ਸੰਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸ਼ਹਿਰ ਦੀ ਮੁੱਢਲੀ ਪਲਾਨਿੰਗ ਵਿੱਚ ਲੋੜੀਂਦਾ ਫੇਰਬਦਲ ਕਰਵਾਉਣ ਅਤੇ ਅਤੇ ਇਹਨਾਂ ਅੰਦਰੂਨੀ ਸੜਕਾਂ ਦੀ ਚੌੜਾਈ ਵਿੱਚ ਵਾਧਾ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸੰਬੰਧੀ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ|

Leave a Reply

Your email address will not be published. Required fields are marked *