ਰਿਹਾਇਸ਼ੀ ਸੋਸਾਇਟੀਆਂ ਅਤੇ ਕਾਲੋਨੀਆਂ ਵਿੱਚ ਵਿਕਾਸ ਕਾਰਜਾਂ ਤੇ ਖਰਚ ਕੀਤੇ ਜਾਣਗੇ ਸਾਢੇ ਤਿੰਨ ਕਰੋੜ : ਬਲਬੀਰ ਸਿੰਘ ਸਿੱਧੂ ਪੁਲੀਸ ਕਾਲੋਨੀ ਫੇਜ਼ 8 ਵਿਖੇ 23 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ


ਐਸ.ਏ.ਐਸ. ਨਗਰ , 22 ਅਕਤੂਬਰ (ਸ.ਬ.) ਮੁਹਾਲੀ ਸ਼ਹਿਰ ਵਿੱਚ ਰਿਹਾਇਸ਼ੀ ਕਾਲੋਨੀਆਂ ਅਤੇ ਸੋਸਾਇਟੀਆਂ ਦੇ ਵਿਕਾਸ ਕਾਰਜਾਂ ਤੇ ਲਗਭਗ ਸਾਢੇ ਤਿੰਨ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਸ਼ਹਿਰ ਵਿੱਚ ਵਿਕਾਸ ਕਾਰਜ ਲਗਾਤਾਰ          ਤੇਜੀ ਫੜ ਰਹੇ ਹਨ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਅਤੇ ਕਿਰਤ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਪੁਲੀਸ ਕਾਲੋਨੀ ਫੇਜ਼ 8 ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਸੰਬੋਧਨ ਕਰਦਿਆਂ ਕੀਤਾ| 
ਉਹਨਾਂ ਕਿਹਾ ਕਿ ਮੁਹਾਲੀ ਦੀਆਂ ਰਿਹਾਇਸ਼ੀ ਸੋਸਾਇਟੀਆਂ ਅਤੇ ਕਾਲੋਨੀਆਂ ਦੇ ਲੋਕੀਂ ਭਾਵੇਂ ਨਗਰ ਨਿਗਮ ਨੂੰ ਕਈ ਤਰ੍ਹਾਂ ਦੇ ਟੈਕਸ ਦਿੰਦੇ ਆ ਰਹੇ ਹਨ ਪ੍ਰੰਤੂ ਇਨ੍ਹਾਂ ਕਾਲੋਨੀਆਂ ਤੇ ਸੋਸਾਇਟੀਆਂ ਵਿੱਚ ਨਗਰ ਨਿਗਮ ਵੱਲੋਂ ਵਿਕਾਸ ਕਾਰਜ ਨਹੀਂ ਕੀਤੇ ਗਏ| ਉਹਨਾਂ ਕਿਹਾ ਕਿ ਪੁਲੀਸ ਕਾਲੋਨੀ ਫੇਜ਼ 8 ਇਸ ਅਣਦੇਖੀ ਦੀ ਉਦਾਹਰਨ ਪੇਸ਼ ਕਰਦੀ ਹੈ| 
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਤੋਂ ਮਨਜ਼ੂਰ ਕਰਵਾ ਕੇ ਸ਼ਹਿਰ ਮੁਹਾਲੀ ਦੀਆਂ ਰਿਹਾਇਸ਼ੀ ਸੋਸਾਇਟੀਆਂ/ ਕਾਲੋਨੀਆਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਦੇ ਚਲਦਿਆਂ ਸ਼ਹਿਰ ਵਿੱਚ ਵਿਕਾਸ ਦੀ ਗਤੀ ਤੇਜ਼ ਹੋਵੇਗੀ ਅਤੇ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ| ਉਨ੍ਹਾਂ ਦੱਸਿਆ ਕਿ ਪੁਲੀਸ ਕਾਲੋਨੀ ਫੇਜ਼ 8 ਵਿੱਚ ਅੱਜ ਰੱਖੇ ਗਏ ਨੀਂਹ ਪੱਥਰ ਵਾਲੇ ਵਿਕਾਸ ਕਾਰਜਾਂ ਉਤੇ 23 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ| ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਪੁਲੀਸ ਅਫ਼ਸਰਾਂ ਅਤੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਵੀ ਕੀਤੀ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨਾਲ ਗੱਲਬਾਤ ਕੀਤੀ| ਇਸ ਮੌਕੇ ਸ੍ਰ. ਅਮਰਜੀਤ ਸਿੰਘ ਜੀਤੀ ਸਿੱਧੂ ਚੇਅਰਮੈਨ ਸਹਿਕਾਰੀ ਬੈਂਕ, ਸ੍ਰੀ ਕਮਲ ਗਰਗ ਕਮਿਸ਼ਨਰ ਨਗਰ ਨਿਗਮ ਮੁਹਾਲੀ, ਸ੍ਰੀ ਮੁਕੇਸ਼ ਗਰਗ ਐਸ ਈ, ਸੀਨੀਅਰ ਕਾਂਗਰਸੀ ਆਗੂ ਸ੍ਰ. ਕੁਲਜੀਤ ਸਿੰਘ ਬੇਦੀ, ਨਾਮਧਾਰੀ ਭਗਤ ਸਿੰਘ ਸੀਨੀਅਰ ਕਾਂਗਰਸੀ ਆਗੂ, ਸ੍ਰ. ਕਮਲਪ੍ਰੀਤ ਸਿੰਘ ਬੰਨੀ, ਪ੍ਰਿੰਸੀਪਲ ਗੁਰਮੁਖ ਸਿੰਘ, ਸ੍ਰ. ਅਵਤਾਰ ਸਿੰਘ ਕੁੰਭੜਾ, ਸ੍ਰੀ ਅਨਿਲ ਆਨੰਦ, ਸ੍ਰੀ ਰਾਕੇਸ਼ ਲਖੋਤਰਾ, ਸ੍ਰੀ ਆਈ.ਡੀ. ਗਰਗ, ਸ੍ਰੀ ਰਾਕੇਸ਼ ਕੁਮਾਰ, ਇੰਦਰਜੀਤ ਸਿੰਘ, ਸ੍ਰੀ ਦੀਪ ਕਮਲ ਡੀ.ਐਸ.ਪੀ. ਸਿਟੀ-2, ਰਜਨੀਸ਼ ਚੌਧਰੀ ਐਸ.ਐਚ.ਓ ਪੁਲੀਸ ਸਟੇਸ਼ਨ ਫੇਜ਼ 8, ਨਰਿੰਦਰ ਸੂਦ, ਜਸਬੀਰ ਸਿੰਘ, ਸੋਹਣ ਲਾਲ, ਮੰਗਾ ਰਾਮ, ਲਾਭ ਸਿੰਘ, ਸੁਨੀਲ ਬਿਸ਼ਨੋਈ, ਮਨਜੀਤ ਸਿੰਘ, ਪਰਮਜੀਤ ਕੌਰ ਆਦਿ ਸਮੇਤ ਹੋਰ ਕਈ ਪੁਲੀਸ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ| 

Leave a Reply

Your email address will not be published. Required fields are marked *