ਰੁਕ ਨਹੀਂ ਰਹੇ ਬਲੌਂਗੀ ਦੀਆਂ ਗਲੀਆਂ ਵਿੱਚ ਨਾਜਾਇਜ਼ ਤੌਰ ਤੇ ਬੋਰ ਕਰਾਉਣ ਦੇ ਮਾਮਲੇ

ਰੁਕ ਨਹੀਂ ਰਹੇ ਬਲੌਂਗੀ ਦੀਆਂ ਗਲੀਆਂ ਵਿੱਚ ਨਾਜਾਇਜ਼ ਤੌਰ ਤੇ ਬੋਰ ਕਰਾਉਣ ਦੇ ਮਾਮਲੇ
ਪ੍ਰਸ਼ਾਸਨ ਦੀ ਢਿੱਲ ਕਾਰਨ ਲਾਚਾਰ ਮਹਿਸੂਸ ਕਰ ਰਹੀ ਹੈ ਪੰਚਾਇਤ
ਬਲੌਂਗੀ, 11 ਜੁਲਾਈ (ਪਵਨ ਰਾਵਤ) ਬਲੌਂਗੀ ਕਲੋਨੀ ਵਿੱਚ ਵਸਨੀਕਾਂ ਵਲੋਂ ਆਪਣੇ ਘਰਾਂ ਦੇ ਬਾਹਰ ਸਰਕਾਰੀ ਗਲੀ ਦੀ ਥਾਂ ਵਿੱਚ ਸਬਮਰਸੀਬਲ ਪੰਪ ਲਗਾਉਣ ਲਈ ਬੋਰ ਕਰਵਾਉਣ ਦੀ ਕਾਰਵਾਈ ਰੁਕਣ ਵਿੱਚ ਨਹੀਂ ਆ ਰਹੀ ਹੈ ਅਤੇ ਇਸ ਸੰਬੰਧੀ ਪ੍ਰਸ਼ਾਸ਼ਨ ਦੀ ਢਿੱਲ ਕਾਰਨ ਪੰਚਾਇਤ ਵੀ ਖੁਦ ਨੂੰ ਲਾਚਾਰ ਸਮਝਣ ਲੱਗ ਗਈ ਹੈ|
ਬੀਤੀ ਸ਼ਾਮ ਬਲੌਂਗੀ ਦੇ ਵਾਰਡ ਨੰਬਰ 1 ਵਿੱਚ ਇਸੇ ਤਰੀਕੇ ਨਾਲ ਕੀਤੇ ਜਾ ਰਹੇ ਇਕ ਬੋਰ ਦੇ ਕੰਮ ਨੂੰ ਰੁਕਵਾਉਣ ਲਈ ਪਹੁੰਚੀ ਬਲੌਂਗੀ ਕਲੋਨੀ ਦੀ ਸਰਪੰਚ ਸਰੋਜਾ ਦੇਵੀ ਨੇ ਦੱਸਿਆ ਕਿ ਇੱਕ ਵਸਨੀਕ ਵਲੋਂ ਨਾਜਾਇਜ਼ ਤਰੀਕੇ ਨਾਲ ਗਲੀ ਵਿੱਚ ਬੋਰ ਕੀਤਾ ਜਾ ਰਿਹਾ ਸੀ ਜਿਸਦਾ ਕੰਮ ਰੁਕਵਾਉਣ ਲਈ ਪੁਲੀਸ ਨੂੰਸ਼ਿਕਾਇਤ ਦੇਣੀ ਪਈ ਹੈ ਪਰੰਤੂ ਜਿਸ ਵਿਅਕਤੀ ਵਲੋਂ ਇਹ ਬੋਰ ਕੀਤਾ ਜਾ ਰਿਹਾ ਸੀ ਉਸ ਨੇ ਉੱਥੋਂ ਬੋਰ ਵਾਲੀ ਮਸ਼ੀਨ ਨਹੀਂ ਹਟਾਈ ਹੈ ਅਤੇ ਇਸ ਗੱਲ ਦਾ ਪੂਰਾ ਖਦਸ਼ਾ ਹੈ ਕਿ ਇਸ ਵਿਅਕਤੀ ਵਲੋਂ ਇਹ ਕੰਮ ਮੁੜ ਆਰੰਭ ਕਰ ਲਿਆ ਜਾਵੇਗਾ|
ਉਹ ਦੱਸਿਆ ਕਿ ਇਸ ਵਿਅਕਤੀ ਵਲੋਂ ਪਹਿਲਾਂ ਬੀਤੀ 8 ਜੁਲਾਈ ਨੂੰ ਬੋਰ ਦਾ ਕੰਮ ਆਰੰਭ ਕਰਵਾਇਆ ਗਿਆ ਸੀ ਜਿਹੜਾ ਪੰਚਾਇਤ ਵਲੋਂ ਰੁਕਵਾ ਦਿੱਤਾ ਗਿਆ ਸੀ| ਉਹਨਾਂ ਦੱਸਿਆ ਕਿ ਇਸ ਵਿਅਕਤੀ ਵਲੋਂ ਬੋਰ ਦਾ ਕੰਮ ਫਿਰ ਸ਼ੁਰੂ ਕਰ ਦਿੱਤਾ ਗਿਆ ਅਤੇ ਜਦੋਂ ਪੰਚਾਇਤ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਪਿੰਡ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ ਦੇ ਨਾਲ ਮੌਕੇ ਤੇ ਪਹੁੰਚ ਕੇ ਕੰਮ ਰੋਕਣ ਲਈ ਕਿਹਾ ਪਰੰਤੂ ਉਸ ਵਿਅਕਤੀ ਵੱਲੋਂ ਕੰਮ ਨਹੀਂ ਰੋਕਿਆ ਗਿਆ ਜਿਸ ਤੇ ਉਹਨਾਂ ਨੇ ਥਾਣੇ ਵਿੱਚ ਸ਼ਿਕਾਇਤ ਕੀਤੀ ਅਤੇ ਪੁਲੀਸ ਨੇ ਮੌਕੇ ਤੇ ਜਾ ਕੇ ਕੰਮ ਰੁਕਵਾ ਦਿੱਤਾ ਪਰੰਤੂ ਉੱਥੇ ਬੋਰ ਕਰਨ ਵਾਲੀ ਇਹ ਮਸ਼ੀਨ ਹੁਣੇ ਵੀ ਉੱਥੇ ਹੀ ਖੜ੍ਹੀ ਹੈ ਅਤੇ ਉਹਨਾਂ ਨੂੰ ਖਦਸ਼ਾ ਹੈ ਕਿ ਇਸ ਵਿਅਕਤੀ ਵਲੋਂ ਬੋਰ ਦਾ ਇਹ ਕੰਮ ਮੁੜ ਸ਼ੁਰੂ ਕਰ ਲਿਆ ਜਾਵੇਗਾ|
ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਕਾਨੂੰਨ ਦੀ ਉਲੰਘਣਾ ਕਰਕੇ ਇਸ ਤਰੀਕੇ ਨਾਲ ਗਲੀ ਦੀ ਥਾਂ ਵਿੱਚ ਬੋਰ ਲਗਾਉਣ ਵਾਲਿਆਂ ਦੇ ਖਿਲਾਫ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਪੁਲੀਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ| ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਇਸੇ ਤਰ੍ਹਾਂ ਗਲੀ ਦੀ ਥਾਂ ਵਿੱਚ ਹੋਏ ਬੋਰਾਂ ਦੇ ਖਿਲਾਫ ਬੀ ਡੀ ਪੀ ਓ ਵਲੋਂ ਪੁਲੀਸ ਨੂੰ ਨਾਜਾਇਜ਼ ਬੋਰ ਕਰਨ ਵਾਲਿਆਂ ਤੇ ਕਾਰਵਾਈ ਕਰਨ ਲਈ ਲਿਖਿਆ ਗਿਆ ਸੀ| ਉਹਨਾਂ ਕਿਹਾ ਕਿ ਬੀਡੀਪੀਓ ਵੱਲੋਂ ਲਿਖੀ ਗਈ ਚਿੱਠੀ ਵਿੱਚ ਪੰਚਾਇਤਾਂ ਨੂੰ ਵੀ ਜ਼ਿੰਮੇਵਾਰ ਦੱਸਿਆ ਗਿਆ ਸੀ ਅਤੇ ਪੁਲੀਸ ਤੋਂ ਇਸ ਤਰੀਕੇ ਨਾਲ ਬੋਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਜੇਕਰ ਪੁਲੀਸ ਬੀ ਡੀ ਪੀ ਓ ਦੀ ਚਿੱਠੀ ਦੇ ਮੁਤਾਬਿਕ ਨਾਜਾਇਜ਼ ਬੋਰ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰ ਦਿੰਦੀ ਤਾਂ ਅੱਜ ਵਾਰਡ ਨੰਬਰ 1 ਵਿੱਚ ਨਾਜਾਇਜ਼ ਬੋਰ ਕਰਨ ਦੀ ਕਾਰਵਾਈ ਨਾ ਹੁੰਦੀ|
ਉਹਨਾਂ ਕਿਹਾ ਕਿ ਬੀ ਡੀ ਪੀ ਓ ਵਲੋਂ ਇਸ ਮਾਮਲੇ ਵਿੱਚ ਪੰਚਾਇਤ ਨੂੰ ਜਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਹਾਲਾਤ ਇਹ ਹਨ ਕਿ ਜਦੋਂ ਪੰਚਾਇਤ ਵਲੋਂ ਇਸ ਤਰੀਕੇ ਨਾਲ ਹੋ ਰਹੇ ਬੋਰ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਲੋਕ ਅੱਗੇ ਇਹ ਕਹਿੰਦੇ ਹਨ ਕਿ ਉਹ ਤਾਂ ਬੋਰ ਕਰਵਾਉਣਗੇ ਅਤੇ ਪੰਚਾਇਤ ਨੇ ਜੋ ਕਰਨਾ ਹੈ ਕਰ ਲਵੇ| ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹਨਾਂ ਲੋਕਾਂ ਨੂੰ ਕਿਸੇ ਸਿਆਸੀ ਬੰਦੇ ਦੀ ਸ਼ਹਿ ਹੈ ਜਿਸ ਵਲੋਂ ਅਜਿਹੇ ਅਨਸਰਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ|
ਉਹਨਾਂ ਕਿਹਾ ਕਿ ਪੰਚਾਇਤ ਦੀ ਸ਼ਿਕਾਇਤ ਤੇ ਪੁਲੀਸ ਵਲੋਂ ਮੌਕੇ ਤੇ ਜਾ ਕੇ ਨਾਜਾਇਜ਼ ਬੋਰ ਕਰਨ ਵਾਲੇ ਵਿਅਕਤੀਆਂ ਨੂੰ ਸਿਰਫ ਰੋਕਿਆ ਗਿਆ ਹੈ ਅਤੇ ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਉਹ ਮਸ਼ੀਨ ਵੀ ਉਸੀ ਗਲੀ ਵਿੱਚ ਖੜ੍ਹੀ ਹੈ| ਉਹਨਾਂ ਕਿਹਾ ਕਿ ਪੁਲੀਸ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਕਾਰਵਾਈ ਨਾ ਕੀਤੇ ਜਾਣ ਕਾਰਨ ਪੰਚਾਇਤ ਖੁਦ ਨੂੰ ਲਾਚਾਰ ਸਮਝ ਰਹੀ ਹੈ| ਇਸ ਮੌਕੇ ਉੱੇਥੇ ਮੌਜੂਦ ਕਾਂਗਰਸੀ ਆਗੂ ਬੀ ਸੀ ਪ੍ਰੇਮੀ, ਪੰਚ ਵਿਜੇ ਪਾਠਕ, ਦਿਨੇਸ਼ ਕੁਮਾਰ, ਰਿੰਕੂ, ਰਾਜਿੰਦਰ ਅਤੇ ਹੋਰ ਇਲਾਕਾ ਵਾਸੀ ਵੀ ਮੌਜੂਦ ਸਨ|
ਜਦੋਂ ਇਸ ਸੰਬੰਧੀ ਥਾਣਾ ਬਲੌਂਗੀ ਦੇ ਐਸ ਐਚ ਓ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਹੁਣੇ ਛੁੱਟੀ ਤੇ ਹਨ ਅਤੇ ਉਹਨਾਂ ਵਲੋਂ ਡਿਊਟੀ ਤੇ ਪਹੁੰਚਣ ਉਪਰੰਤ ਇਸ ਸੰਬੰਧੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ|C

Leave a Reply

Your email address will not be published. Required fields are marked *