ਰੁਜ਼ਗਾਰ ਲਈ ਬਦਲਦੇ ਸਮੀਕਰਨ ਅਤੇ ਨਵੀਂ ਸਿੱਖਿਆ ਨੀਤੀ


ਇਹ ਸਹੀ ਹੈ ਕਿ ਸਿੱਖਿਆ ਅਤੇ ਰੋਜਗਾਰ ਨੂੰ ਵੱਖਰਾ ਕਰਕੇ ਨਹੀਂ ਦੇਖਿਆ ਜਾ ਸਕਦਾ ਪਰ ਵਿਵਹਾਰ ਵਿੱਚ ਅਕਸਰ ਇਹਨਾਂ ਵਿੱਚ ਤਾਲਮੇਲ ਦੀ ਕਮੀ ਦਿਸਦੀ ਹੈ। ਦੇਸ਼ ਵਿੱਚ ਹਰ ਸਾਲ ਇੱਕ ਕਰੋੜ ਨੌਜਵਾਨ ਗਰੈਜੁਏਟ ਬਣ ਕੇ ਨੌਕਰੀ ਲਈ ਤਿਆਰ ਹੋ ਜਾਂਦੇ ਹਨ ਪਰ ਬਦਕਿਸਮਤੀ ਭਰੀ ਸੱਚਾਈ ਇਹ ਹੈ ਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਗਿਣਤੀ ਉਨ੍ਹਾਂ ਦੀ ਹੈ ਜੋ ਬਾਜ਼ਾਰ ਦੀ ਮੰਗ ਦੇ ਬਰਾਬਰ ਫਿਟ ਨਹੀਂ ਬੈਠਦੇ। ਇਸ ਵਿੱਚ ਦੋ ਰਾਏ ਨਹੀਂ ਕਿ ਭਾਰਤ ਦੀ ਜਨਸੰਖਿਆ ਦੇ ਅਨੁਪਾਤ ਵਿੱਚ ਰੁਜਗਾਰ ਪੈਦਾ ਕਰਨਾ ਬੇਹੱਦ ਮੁਸ਼ਕਿਲ ਕੰਮ ਹੈ ਪਰ ਅਜਿਹਾ ਵੀ ਨਹੀਂ ਕਿ ਦੁਨੀਆ ਦੀ ਇਸ ਤੇਜੀ ਨਾਲ ਵੱਧਦੀ ਅਰਥ ਵਿਵਸਥਾ ਵਿੱਚ ਬੇਰੁਜਗਾਰੀ ਦਾ ਪੱਧਰ ਘੱਟ ਕਰਨਾ ਸੰਭਵ ਹੀ ਨਾ ਹੋਵੇ। ਲੋੜ ਹੈ ਉਨ੍ਹਾਂ ਰਸਤਿਆਂ ਨੂੰ ਲੱਭਣ ਦੀਆਂ ਜੋ ਕਿਰਤੀ ਬਾਜ਼ਾਰ ਦੀਆਂ ਨਵੀਂਆਂ ਜਰੂਰਤਾਂ ਦੇ ਬਰਾਬਰ ਹੋਵੇ। ਇਸ ਸੰਦਰਭ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਵੇਂ ਬਾਜ਼ਾਰ ਦੇ ਬਦਲਦੇ ਤਕਾਜਿਆਂ ਨੇ ਕੁੱਝ ਸਾਲਾਂ ਵਿੱਚ ਨੌਜਵਾਨਾਂ ਦੀ ਦਿਸ਼ਾ ਬਦਲ ਦਿੱਤੀ।
ਬੀਤੇ ਦਹਾਕਿਆਂ ਵਿੱਚ ਮੈਡੀਕਲ ਅਤੇ ਇੰਜੀਨਿਅਰਿੰਗ ਨੌਜਵਾਨਾਂ ਦੀ ਖਿੱਚ ਦੇ ਦੋ ਪ੍ਰਮੁੱਖ ਖੇਤਰ ਰਹੇ ਹਨ ਪਰ ਪਿਛਲੇ ਕੁੱਝ ਸਾਲਾਂ ਦੇ ਦੌਰਾਨ ਇੰਜੀਨਿਅਰਿੰਗ ਦਾ ਰੁਝਾਨ ਹੈਰਾਨੀਜਨਕ ਰੂਪ ਨਾਲ ਘੱਟ ਹੋਇਆ ਹੈ। ਇਸ ਮੋਹਭੰਗ ਦਾ ਕਾਰਨ ਇਹ ਰਿਹਾ ਕਿ ਭਾਰਤੀ ਇੰਜੀਨੀਅਰ ਉਦਯੋਗ ਜਗਤ ਦੀਆਂ ਜਰੂਰਤਾਂ ਦੇ ਮੁਤਾਬਕ ਕਾਬਿਲ ਨਹੀਂ ਪਾਏ ਗਏ ਅਤੇ ਉਨ੍ਹਾਂ ਦੇ ਲਈ ਚੰਗੀਆਂ ਨੌਕਰੀਆਂ ਦੇ ਲਾਲੇ ਪੈਂਦੇ ਗਏ। ਥੋਕ ਮੁੱਲ ਨਾਲ ਖੁੱਲਦੇ ਗਏ ਇੰਜੀਨਿਅਰਿੰਗ ਕਾਲਜ ਉਦਯੋਗ ਜਗਤ ਦੀਆਂ ਨਵੀਂਆਂ ਤਕਨੀਕਾਂ ਦੇ ਅਨੁਸਾਰ ਖੁਦ ਨੂੰ ਖੜਾ ਨਹੀਂ ਰੱਖ ਸਕੇ। ਇਸ ਦੇ ਉਲਟ ਵਕਾਲਤ ਅਚਾਨਕ ਇੱਕ ਗਲੈਮਰਸ ਪੇਸ਼ੇ ਦੇ ਵਿਕਲਪ ਦੇ ਰੂਪ ਵਿੱਚ ਉਭਰ ਆਇਆ ਹੈ ਅਤੇ ਨਵੀਂ ਪੀੜ੍ਹੀ ਵਿੱਚ ਪ੍ਰਸਿੱਧ ਸੰਸਥਾਵਾਂ ਨੂੰ ਲੈ ਕੇ ਰੁਝਾਨ ਦੇਖਿਆ ਜਾ ਰਿਹਾ ਹੈ। ਅੱਜ ਰੁਜਗਾਰ ਦੇ ਜ਼ਿਆਦਾਤਰ ਮੌਕਿਆਂ ਦਾ ਲਾਭ ਉਠਾੳਣ ਲਈ ਵਪਾਰਕ ਕੌਸ਼ਲ ਦੀ ਲੋੜ ਹੈ। ਕਾਰਜਬਲ ਨੂੰ ਨਵੀਂਆਂ ਲੋੜਾਂ ਦੇ ਬਰਾਬਰ ਸਮਰਥ ਬਣਾਉਣ ਲਈ ਸਕੂਲੀ ਸਿਲੇਬਸ ਨੂੰ ਵਪਾਰਕ ਸਿੱਖਿਆ ਦੇ ਨਾਲ ਸਮੇਕਿਤ ਕਰਕੇ ਬਿਹਤਰ ਬਣਾਉਣ ਦੀ ਲੋੜ ਹੈ।
ਇਸ ਸੱਚਾਈ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਦੇਸ਼ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਇੱਕ ਹਜਾਰ ਵਿਦਿਆਰਥੀਆਂ ਵਿੱਚੋਂ ਸਿਰਫ ਚਾਰ ਹੀ ਸਾਇੰਸ ਅਤੇ ਤਕਨਾਲਜੀ ਨੂੰ ਆਪਣੇ ਕਾਲਜ ਪੱਧਰ ਪੜ੍ਹਾਈ ਦਾ ਵਿਸ਼ਾ ਬਣਾਉਂਦੇ ਹਨ। ਇਸਦਾ ਇੱਕ ਵੱਡਾ ਕਾਰਨ ਸਕੂਲੀ ਪੱਧਰ ਤੇ ਅਪਣਾਈ ਗਈ ਸਿੱਖਿਆ ਦੀ ਤਕਨੀਕ ਹੈ। ਉੱਥੇ ਸਾਇੰਸ ਵਰਗੇ ਵਿਸ਼ੇ ਨੂੰ ਵੀ ਕਿਤਾਬਾਂ ਵਿੱਚ ਦਿੱਤੀ ਗਈ ਪਰਿਭਾਸ਼ਾ ਤੱਕ ਸੀਮਿਤ ਕਰਕੇ ਭਾਰੀ ਬਣਾ ਦਿੱਤਾ ਜਾਂਦਾ ਹੈ ਜਿਸਦੇ ਚਲਦੇ ਵਿਦਿਆਰਥੀਆਂ ਦਾ ਰੁਝੇਵਾਂ ਸਹਿਜ ਰੂਪ ਵਿੱਚ ਇਨ੍ਹਾਂ ਵਿਸ਼ਿਆਂ ਦੇ ਵੱਲ ਨਹੀਂ ਬਣਦਾ। ਹਾਲਾਂਕਿ ਹਾਲ ਹੀ ਵਿੱਚ ਲਿਆਂਦੀ ਗਈ ਰਾਸ਼ਟਰੀ ਸਿੱਖਿਆ ਨੀਤੀ ਨੂੰ ਆਰਥਿਕ ਅਤੇ ਸਮਾਜਿਕ ਵਿਸ਼ਲੇਸ਼ਕ ਬੇਰੁਜ਼ਗਾਰੀ ਦੂਰ ਕਰਨ ਦੀ ਇੱਕ ਮਜ਼ਬੂਤ ਪਹਿਲ ਦੇ ਰੂਪ ਵਿੱਚ ਦੇਖ ਰਹੇ ਹਨ। ਸਕੂਲੀ ਸਿੱਖਿਆ ਵਿੱਚ ਕੌਸ਼ਲ ਵਿਕਾਸ ਅਤੇ ਵਪਾਰਕ ਅਧਿਐਨ ਯਕੀਨੀ ਰੁਜਗਾਰ ਯੁਕਤ ਵਿਵਸਥਾ ਦੀ ਨੀਂਹ ਨੂੰ ਮਜ਼ਬੂਤ ਕਰੇਗਾ। ਪਰ ਇਸਦੇ ਨਾਲ ਇਹ ਸਵਾਲ ਜ਼ਰੂਰ ਜੁੜਿਆ ਹੋਇਆ ਹੈ ਕਿ ਸਮਾਜ ਸਿੱਖਿਆ ਨੀਤੀ ਵਿੱਚ ਬਦਲਾਅ ਦੀ ਇਸ ਪਹਿਲ ਨੂੰ ਲੈ ਕੇ ਕਿੰਨਾ ਸਕਾਰਾਤਮਕ ਨਜ਼ਰੀਆ ਦਿਖਾ ਪਾਵੇਗਾ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਦਹਾਕੇ ਵਿੱਚ ਪਹਿਲਾਂ ਦੀ ਹੀ ਤਰ੍ਹਾਂ ਡਾਕਟਰਾਂ ਦੀ ਮੰਗ ਬਣੀ ਰਹੇਗੀ ਪਰ ਇੰਜੀਨਿਅਰਿੰਗ ਦੀ ਪੜ੍ਹਾਈ ਨੂੰ ਇੰਡਸਟਰੀ ਦੇ ਨਵੇਂ ਤਕਾਜਿਆਂ ਦੇ ਮੁਤਾਬਕ ਢਾਲਣ ਦੀ ਜ਼ਰੂਰਤ ਹੈ। ਅੱਗੇ ਅਜਿਹੇ ਕੁੱਝ ਖੇਤਰਾਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਦੇਖੇ ਜਾ ਸਕਦੇ ਹਨ ਜੋ ਅੱਜ ਨੌਜਵਾਨਾਂ ਦੇ ਰਡਾਰ ਤੇ ਨਹੀਂ ਹਨ। ਉਦਾਹਰਣ ਲਈ ਜਲਵਾਯੂ ਤਬਦੀਲੀ ਅਤੇ ਵਾਤਾਵਰਣ ਦਾ ਖੇਤਰ। ਆਰਟਿਫਿਸ਼ਲ ਇੰਟੇਲਿਜੈਂਸ ਇਸ ਲਿਹਾਜ਼ ਨਾਲ ਕਾਫੀ ਸੰਭਾਵਨਾਸ਼ੀਲ ਖੇਤਰ ਹੈ। ਕੈਲੀਫੋਰਨੀਆ ਦੀ ਅੱਗ ਦਾ ਦਾਇਰਾ ਫੈਲਣ ਤੋਂ ਰੋਕਣ ਲਈ ਆਰਟਿਫਿਸ਼ਲ ਇੰਟੇਲਿਜੈਂਸ (ਏਆਈ) ਦੀ ਮਦਦ ਲਈ ਗਈ। ਜੰਗਲਾਂ ਦੀ ਮੈਪਿੰਗ ਕਰਨ ਅਤੇ ਰਿਮੋਟ ਸੈਂਸਿੰਗ ਸੈਟਲਾਇਟ ਨਾਲ ਜ਼ਮੀਨੀ ਅੰਕੜੇ ਜੁਟਾਉਣ ਵਿੱਚ ਹੀ ਨਹੀਂ, ਅੱਗ ਦੇ ਫੈਲਾਅ ਦਾ ਪੂਰਵ ਅਨੁਮਾਨ ਲਗਾਉਣ ਵਿੱਚ ਵੀ ਇਸਦੀ ਮਹੱਤਵਪੂਰਣ ਭੂਮਿਕਾ ਰਹੀ। ਇਹੀ ਨਹੀਂ ਹੜ੍ਹ ਰੋਕਣ ਵਿੱਚ ਵੀ ਇਹ ਕਾਫੀ ਮਦਦਗਾਰ ਸਾਬਿਤ ਹੋ ਰਹੀ ਹੈ।
ਹੜ੍ਹ ਭਾਰਤ ਲਈ ਵੀ ਇੱਕ ਵੱਡੀ ਸਮੱਸਿਆ ਹੈ। ਅਜਿਹੇ ਵਿੱਚ ਹੈਰਾਨੀ ਨਹੀਂ ਕਿ ਭਵਿੱਖ ਵਿੱਚ ਇੱਥੇ ਵੀ ਏਆਈ ਮਹੱਤਵਪੂਰਣ ਭੂਮਿਕਾ ਵਿੱਚ ਨਜ਼ਰ ਆਵੇ। ਸਿੱਖਿਆ ਦੇ ਖੇਤਰ ਵਿੱਚ ਏਆਈ ਦਾ ਪ੍ਰਯੋਗ ਗਰੇਡਿੰਗ ਅਤੇ ਰਿਕਾਰਡ ਕੀਪਿੰਗ ਦੇ ਨਾਲ-ਨਾਲ ਨੰਬਰ ਦੇਣ ਅਤੇ ਵਪਾਰ ਵਿੱਚ ਗਾਹਕਾਂ ਨੂੰ ਤੱਤਕਾਲ ਸੇਵਾ ਦੇਣ ਲਈ ਵੀ ਹੋ ਸਕਦਾ ਹੈ। 2030 ਤੱਕ ਵਿਸ਼ਵ ਅਰਥ ਵਿਵਸਥਾ ਵਿੱਚ ਏਆਈ 15.7 ਖਰਬ ਡਾਲਰ ਦਾ ਯੋਗਦਾਨ ਕਰੇਗਾ। ਇਸ ਲਿਹਾਜ਼ ਨਾਲ ਭਾਰਤ ਦੀ ਏਆਈ ਦੇ ਖੇਤਰ ਵਿੱਚ ਮਹੱਤਵਪੂਰਣ ਭੂਮਿਕਾ ਹੋ ਸਕਦੀ ਹੈ। ਭਾਰਤ ਦੇ ਸਾਹਮਣੇ ਸਭਤੋਂ ਵੱਡੀ ਚੁਣੌਤੀ ਆਪਣੀ ਅਰਥ ਵਿਵਸਥਾ ਨੂੰ ਗਿਆਨ ਆਧਾਰਿਤ ਬਣਾਉਣ ਦੀ ਹੈ, ਜਿਸਦੇ ਲਈ ਸਿੱਖਿਆ ਦੇ ਬੁਨਿਆਦੀ ਢਾਂਚੇ ਤੇ ਵਿਆਪਕ ਨਿਵੇਸ਼ ਦੀ ਜ਼ਰੂਰਤ ਹੈ। ਨਾਲ ਹੀ ਚੌਥੀ ਉਦਯੋਗਿਕ ਕ੍ਰਾਂਤੀ ਦੇ ਮੱਦੇਨਜਰ ਇੱਕ ਅਜਿਹੀ ਟਾਸਕ ਫੋਰਸ ਦੇ ਗਠਨ ਦੀ ਜ਼ਰੂਰਤ ਹੈ ਜੋ ਬਹੁਆਯਾਮੀ ਕੌਸ਼ਲ ਨਾਲ ਯੁਕਤ ਹੋਵੇ। ਇਨ੍ਹਾਂ ਤਮਾਮ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਹਿਰ ਦੱਸ ਰਹੇ ਹਨ ਕਿ ਆਉਣ ਵਾਲੇ ਦਹਾਕੇ ਵਿੱਚ ਭਾਰਤ ਵਿੱਚ ਕਰੀਬ ਪੰਜ ਕਰੋੜ ਤਕਨੀਕੀ ਮਾਹਿਰ ਕਰਮਚਾਰੀਆਂ ਦੀ ਲੋੜ ਪਵੇਗੀ। ਮਤਲਬ ਡਿਜੀਟਲ ਅਰਥ ਵਿਵਸਥਾ ਵੱਲ ਤੇਜ਼ੀ ਨਾਲ ਕਦਮ ਵਧਾ ਕੇ ਭਾਰਤ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਕਾਫੀ ਹੱਦ ਤੱਕ ਨਜਿੱਠ ਸਕਦਾ ਹੈ।
ਇਸਦੇ ਲਈ ਉੱਚ ਸਿੱਖਿਆ ਸੰਸਥਾਵਾਂ ਵਿੱਚ ਤਕਨੀਕੀ ਅਧਿਐਨ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਸ਼ਾਇਦ ਇਸ ਲਈ ਨਵੀਂ ਸਿੱਖਿਆ ਨੀਤੀ ਸਕੂਲ ਅਤੇ ਕਾਲਜ ਦੋਵਾਂ ਹੀ ਪੱਧਰਾਂ ਤੇ ਤਕਨੀਕੀ ਅਧਿਐਨ ਅਤੇ ਉਸ ਨਾਲ ਸਬੰਧਿਤ ਸਿਲੇਬਸ ਦੀ ਗੱਲ ਕਰਦੀ ਹੈ। ਲੰਮੇ ਸਮੇਂ ਦੀਆਂ ਯੋਜਨਾਵਾਂ ਦੀ ਆਪਣੀ ਅਹਿਮੀਅਤ ਹੈ, ਪਰ ਜੇਕਰ ਏਆਈ ਵਰਗੇ ਇਨੋਵੇਟਿਵ ਪ੍ਰੋਗਰਾਮ ਤੱਤਕਾਲ ਕਾਲਜ ਪਾਠਕ੍ਰਮ ਵਿੱਚ ਸ਼ਾਮਿਲ ਕਰ ਲਏ ਜਾਣ ਤਾਂ ਆਉਣ ਵਾਲੇ ਦੋ-ਤਿੰਨ ਸਾਲਾਂ ਵਿੱਚ ਹੀ ਭਾਰਤੀ ਨੌਜਵਾਨ ਏਆਈ ਮਾਹਿਰ ਦੇ ਰੂਪ ਵਿੱਚ ਰੁਜਗਾਰ ਪ੍ਰਾਪਤ ਕਰਨ ਲੱਗਣਗੇ। ਠੀਕ ਇਸੇ ਤਰ੍ਹਾਂ ਭਾਰਤ ਦੇ ਆਈਟੀ ਉਦਯੋਗ ਜਗਤ ਵਿੱਚ ਕਲਾਉਡ ਕੰਪਿਊਟਿੰਗ ਦੇ ਕੁੱਝ ਰੂਪਾਂ ਦੀ ਮੰਗ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਦੇਸ਼ ਦੀਆਂ ਕੰਪਨੀਆਂ ਕਲਾਉਡ ਨੂੰ ਅਪਣਾ ਰਹੀਆਂ ਹਨ ਕਿਉਂਕਿ ਇਹ ਉਨ੍ਹਾਂ ਨੂੰ ਕੰਮਧੰਦੇ ਵਿੱਚ ਲਚੀਲਾਪਨ, ਵਿਆਪਕਤਾ ਅਤੇ ਰਫਤਾਰ ਦਿੰਦਾ ਹੈ।
ਵਰਲਡ ਇਕਨਾਮਿਕ ਫੋਰਮ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਮ ਕੌਸ਼ਲ ਮੈਦਾਨ ਵਿੱਚ ਨਹੀਂ ਟਿਕ ਪਾਉਣਗੇ। ਉਦੋਂ ਦੋ ਹੀ ਤਰ੍ਹਾਂ ਦੇ ਕੌਸ਼ਲ ਸੈਟ ਰਹਿਣਗੇ। ਪਹਿਲਾ, ਬਹੁਤ ਜ਼ਿਆਦਾ ਵਿਕਸਿਤ ਤਕਨੀਕ ਵਾਲੇ, ਜਿਵੇਂ ਮਸ਼ੀਨ ਲਰਨਿੰਗ, ਬਿੱਗ ਡੇਟਾ, ਰੋਬਾਟਿਕਸ ਅਤੇ ਦੂਜਾ ਮਨੁੱਖੀ ਕੌਸ਼ਲ। ਆਉਣ ਵਾਲੇ ਸਮੇਂ ਵਿੱਚ ਸਾਇਬਰ ਸੁਰੱਖਿਆ ਪ੍ਰਬੰਧਨ ਅਤੇ ਐਪ ਡਿਵੈਲਪਰ ਵਰਗੀ ਯੋਗਤਾ ਵੀ ਰੋਜਗਾਰ ਗਾਰੰਟੀ ਬਣ ਸਕਦੀ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਜੋਕਾ ਤੰਤਰ ਇੱਕ ਅਜਿਹੇ ਕਾਰਜਬਲ ਦੀ ਮੰਗ ਕਰ ਰਿਹਾ ਹੈ ਜੋ ਅਨਿਸ਼ਚਿਤਤਾ ਨੂੰ ਸੰਭਾਲ ਸਕੇ ਅਤੇ ਲਗਾਤਾਰ ਹੋਣ ਵਾਲੇ ਪਰਿਵਰਤਨਾਂ ਦੇ ਬਰਾਬਰ ਹੋਵੇ। ਇਸ ਸਭ ਦੇ ਵਿੱਚ ਅਸਲ ਚੁਣੌਤੀ ਉਨ੍ਹਾਂ ਗਰੀਬ ਨੌਜਵਾਨਾਂ ਲਈ ਹੋਵੇਗੀ ਜੋ ਉੱਚ ਸਿੱਖਿਆ ਦੇ ਨਿੱਜੀਕਰਣ ਦੇ ਚਲਦੇ ਕਰਜਦਾਰ ਹੋਣ ਲਈ ਮਜਬੂਰ ਹੋਵੇਗਾ।
ਰਿਤੂ ਸਾਰਸਤਵ

Leave a Reply

Your email address will not be published. Required fields are marked *