ਰੂਸ ਨਹੀਂ ਜਾ ਸਕਦੀ ਕੈਨੇਡਾ ਦੀ ਨਵੀਂ ਵਿਦੇਸ਼ ਮੰਤਰੀ, ਲੱਗੀ ਹੈ ਪਾਬੰਦੀ

ਟੋਰਾਂਟੋ, 14 ਜਨਵਰੀ (ਸ.ਬ.) ਕੈਨੇਡਾ ਦੇ ਮੰਤਰੀ ਮੰਡਲ ਵਿੱਚ             ਫੇਰਬਦਲ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕ੍ਰਿਸਟੀਆ ਫਰੀਲੈਂਡ ਨੂੰ ਦੇਸ਼ ਦੀ ਵਿਦੇਸ਼ ਮੰਤਰੀ ਬਣਾਇਆ ਹੈ| ਉਹ ਯੂਕਰੇਨ ਮੂਲ ਦੀ ਕੈਨੇਡੀਅਨ ਹੈ ਅਤੇ ਉਸ ਨੇ ਲੰਬਾ ਸਮਾਂ ਰੂਸ ਵਿੱਚ ਪੜ੍ਹਾਈ ਕੀਤੀ| ਇਸ ਦੇ ਬਾਵਜੂਦ ਉਹ ਰੂਸ ਨਹੀਂ ਜਾ ਸਕਦੀ| ਦੱਸਣਯੋਗ ਹੈ ਕਿ 2014 ਵਿੱਚ ਕ੍ਰੀਮਿਆਂ ਖਿੱਤੇ ਉੱਪਰ ਕਬਜ਼ੇ ਤੋਂ ਬਾਅਦ ਰੂਸ ਅਤੇ ਕੈਨੇਡਾ ਦੇ ਸੰਬੰਧਾਂ ਵਿੱਚ ਤਰੇੜ ਆ ਗਈ ਸੀ| ਇਸ ਦੌਰਾਨ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਚੋਣਵੇਂ ਨਾਗਰਿਕਾਂ ਅਤੇ ਕੂਟਨੀਤਕਾਂ ਉੱਪਰ ਇੱਕ-ਦੂਜੇ ਦੇ ਦੇਸ਼ ਵਿੱਚ ਆਉਣ-ਜਾਣ ਤੇ ਪਾਬੰਦੀ ਲਗਾ ਦਿੱਤੀ| ਰੂਸ ਨੇ ਆਪਣੇ ਸਰਕਾਰੀ ਐਲਾਨ ਵਿਚ ਫਰੀਲੈਂਡ ਅਤੇ ਕੁਝ ਹੋਰ ਯੂਕਰੇਨ ਮੂਲ ਦੇ ਕੈਨੇਡੀਅਨ ਨਾਗਰਿਕਾਂ ਦੇ ਰੂਸ ਆਉਣ ਤੇ ਪਾਬੰਦੀ ਲਗਾ ਦਿੱਤੀ ਸੀ| 2015 ਵਿੱਚ ਲਿਬਰਲ ਪਾਰਟੀ ਦੀ ਜਿੱਤ ਮਗਰੋਂ ਫਰੀਲੈਂਡ ਅੰਤਰਰਾਸ਼ਟਰੀ ਵਪਾਰ ਮੰਤਰੀ ਬਣਾਈ ਗਈ ਪਰ ਉਸ ਤੋਂ ਰੂਸ ਜਾਣ ਦੀ ਰੋਕ ਨਹੀਂ ਹਟਾਈ ਗਈ| 11 ਜਨਵਰੀ, 2017 ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ਵਿੱਚ ਕੁਝ ਫੇਰਬਦਲ ਕੀਤੇ ਅਤੇ ਇਨ੍ਹਾਂ ਮੁਤਾਬਕ ਫਰੀਲੈਂਡ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ| ਫਿਲਹਾਲ ਫਰੀਲੈਂਡ ਦੇ ਰੂਸ ਜਾਣ ਤੇ ਲੱਗੀ ਪਾਬੰਦੀ ਕਾਇਮ ਹੈ ਅਤੇ ਇਸ ਬਾਰੇ ਚਰਚਾ ਜਾਰੀ ਹੈ|

Leave a Reply

Your email address will not be published. Required fields are marked *