ਰੂਸ ਵਲੋਂ ਚੀਨ ਨੂੰ ਕੀਤੀ ਜਾਣ ਵਾਲੀ ਐਸ-400 ਮਿਜ਼ਾਈਲਾਂ ਦੀ ਡਿਲੀਵਰੀ ਤੇ ਰੋਕ

ਮਾਸਕ, 27 ਜੁਲਾਈ (ਸ.ਬ.) ਭਾਰਤ ਦੇ ਨਾਲ ਤਣਾਅ ਦੇ ਬਾਅਦ ਚੀਨ ਨੂੰ ਹਰ ਪਾਸੇ ਤੋਂ ਝਟਕੇ ਲੱਗ ਰਹੇ ਹਨ| ਪਹਿਲਾਂ ਅਮਰੀਕਾ ਨੇ ਹਿਊਸਟਨ ਸਥਿਤ ਚੀਨੀ ਕੌਂਸਲੇਟ ਨੂੰ ਬੰਦ ਕੀਤਾ ਉੱਥੇ ਹੁਣ ਚੀਨ ਦੀ ਆਸ ਦੇ ਉਲਟ ਰੂਸ ਨੇ ਐਲਾਨ ਕੀਤਾ ਹੈ ਕਿ ਉਸ ਨੇ ਚੀਨ ਨੂੰ ਦਿੱਤੀ ਜਾਣ ਵਾਲੀ ਐਸ-400 ਮਿਜ਼ਾਈਲ ਡਿਫੈਂਸ ਸਿਸਟਮ ਦੀ ਸਪਲਾਈ ਤੇ ਤੁਰੰਤ ਰੋਕ ਲਗਾ ਦਿੱਤੀ ਹੈ| ਖਾਸ ਗੱਲ ਇਹ ਹੈ ਕਿ ਇਸ ਮਿਜ਼ਾਇਲ ਦੀ ਸਪਲਾਈ ਰੋਕਣ ਤੋਂ ਪਹਿਲਾਂ ਮਾਸਕੋ ਨੇ ਬੀਜਿੰਗ ਤੇ ਜਾਸੂਸੀ ਕਰਨ ਦਾ ਦੋਸ਼ ਲਗਾਇਆ ਸੀ| ਰੂਸੀ ਅਧਿਕਾਰੀਆਂ ਨੇ ਆਪਣੇ ਸੈਂਟ ਪੀਟਰਸਬਰਗ ਆਰਕਟਿਕ ਸੋਸ਼ਲ ਸਾਈਂਸੇਜ ਅਕੈਡਮੀ ਦੇ ਪ੍ਰਧਾਨ ਵਾਲੇਰੀ ਮਿਟਕੋ ਨੂੰ ਚੀਨ ਨੂੰ ਗੁਪਤ ਸਮਗੱਰੀ ਸੌਂਪਣ ਦਾ ਦੋਸ਼ੀ ਪਾਇਆ ਹੈ| ਇਸ ਘਟਨਾ ਨੂੰ ਵੀ ਇਸ ਫੈਸਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ| 
ਐਸ-400 ਉਨੱਤ ਪ੍ਰਣਾਲੀ ਵਾਲਾ ਮਿਜ਼ਾਈਲ ਸਿਸਟਮ ਹੈ ਜਿਸ ਵਿਚ ਸਤਹਿ ਤੋਂ ਹਵਾ ਵਿਚ ਮਾਰ ਕਰਨ ਦੀ ਸਮਰੱਥਾ ਹੈ| ਰੂਸ ਨੇ ਡਿਲੀਵਰੀ ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਭਵਿੱਖ ਵਿੱਚ ਐਸ-400 ਦੀ ਡਿਲੀਵਰੀ ਨੂੰ ਲੈ ਕੇ ਤਰੀਕ ਨਿਰਧਾਰਤ ਕੀਤੀ ਜਾਵੇਗੀ| ਚੀਨੀ ਅਖਬਾਰ ਸੋਹ ਦੇ ਹਵਾਲੇ ਨਾਲ ਰੂਸੀ ਮੀਡੀਆ ਏਜੰਸੀ ਯੂਏਵਾਇਰ ਨੇ ਰਿਪੋਰਟ ਦਿੱਤੀ ਕਿ ਇਸ ਵਾਰ ਰੂਸ ਨੇ ਐਲਾਨ ਕੀਤਾ ਹੈ ਕਿ ਉਹ ਐਸ-400 ਮਿਜ਼ਾਈਲ ਸਿਸਟਮ ਨੂੰ ਚੀਨ ਨੂੰ ਸੌਂਪਣ ਤੇ ਰੋਕ ਲਗਾ ਰਿਹਾ ਹੈ| ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਰੂਸ ਦਾ ਕਹਿਣਾ ਹੈ ਕਿ ਇਹਨਾਂ ਹਥਿਆਰਾਂ ਨੂੰ ਪਹੁੰਚਾਉਣ ਦਾ ਕੰਮ ਕਾਫੀ ਮੁਸ਼ਕਲ ਹੈ ਕਿਉਂਕਿ ਚੀਨ ਨੂੰ ਸਿਖਲਾਈ ਲਈ ਮਿਲਟਰੀ ਕਰਮੀ ਅਤੇ ਤਕਨੀਕੀ ਸਟਾਫ ਭੇਜਣਾ ਪੈਂਦਾ ਹੈ|
ਉੱਥੇ ਰੂਸ ਨੂੰ ਵੀ ਹਥਿਆਰਾਂ ਨੂੰ ਸੇਵਾ ਵਿੱਚ ਲਿਆਉਣ ਲਈ ਵੱਡੀ ਗਿਣਤੀ ਵਿੱਚ ਆਪਣੇ ਤਕਨੀਕੀ ਕਰਮੀਆਂ ਨੂੰ ਬੀਜਿੰਗ ਭੇਜਣਾ ਪੈਂਦਾ ਜੋ ਕਿ ਮੌਜੂਦਾ ਦੌਰ ਵਿੱਚ ਕਾਫੀ ਮੁਸ਼ਕਲ ਕੰਮ ਹੈ| ਰੂਸ ਵੱਲੋਂ ਮਿਜ਼ਾਈਲਾਂ ਦੀ ਸਪਲਾਈ ਰੱਦ ਕੀਤੇ ਜਾਣ ਦੇ ਬਾਅਦ ਚੀਨ ਦਾ ਕਹਿਣਾ ਹੈ ਕਿ ਮਾਸਕੋ ਨੂੰ ਇਹ ਕਦਮ ਮਜਬੂਰੀ ਵਿੱਚ ਚੁੱਕਣਾ ਪਿਆ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਹੈ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਵਿੱਚ ਲੱਗੀ ਚੀਨੀ ਕਮਿਊਨਿਸਟ ਪਾਰਟੀ ਦਾ ਧਿਆਨ ਭਟਕੇ| ਇਕ ਮਿਲਟਰੀ ਡਿਪਲੋਮੈਟਿਕ ਸੂਤਰ ਨੇ ਰੂਸ ਦੀ ਨਿਊਜ਼ ਏਜੰਸੀ ਤਾਸ ਨੂੰ ਦੱਸਿਆ ਕਿ 2018 ਵਿਚ ਚੀਨ ਨੂੰ ਐਸ-400 ਮਿਜ਼ਾਈਲ ਦਾ ਪਹਿਲਾ ਬੈਚ ਮਿਲਿਆ ਸੀ| ਐਸ-400 ਹਵਾ ਰੱਖਿਆ ਮਿਜ਼ਾਈਲ ਪ੍ਰਣਾਲੀ ਨੂੰ ਆਪਣੀ ਤਰ੍ਹਾਂ ਦੀ ਸਭ ਤੋਂ ਉਨੱਤ ਪ੍ਰਣਾਲੀ ਮੰਨਿਆ ਜਾਂਦਾ ਹੈ ਜੋ 400 ਕਿਲੋਮੀਟਰ ਦੀ ਦੂਰੀ ਅਤੇ 30 ਕਿਲੋਮੀਟਰ ਦੀ ਉਚਾਈ ਤੱਕ ਟੀਚੇ ਨੂੰ ਨਸ਼ਟ ਕਰਨ ਵਿੱਚ ਸਮਰੱਥ ਹੈ|

Leave a Reply

Your email address will not be published. Required fields are marked *