ਰੇਗਿਸਤਾਨ ਵਿੱਚ ਤਬਦੀਲ ਹੋਣ ਵੱਲ ਵੱਧਦਾ ਭਾਰਤ

ਪਿਛਲੇ ਸਮੇਂ ਦੌਰਾਨ ਯੂਨੈਸਕੋ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਾਲ 2050 ਤਕ ਭਾਰਤ ਵਿੱਚ ਬਹੁਤ ਵੱਡੇ ਪੱਧਰ ਉਪਰ ਪਾਣੀ ਦਾ ਸੰਕਟ ਆ ਜਾਵੇਗਾ ਅਤੇ ਇਸ ਸੰਕਟ ਤੋਂ ਬਚਣ ਲਈ ਜੇ ਤੁਰੰਤ (ਜੰਗੀ ਪੱਧਰ ਤੇ) ਕਦਮ ਨਾ ਚੁੱਕੇ ਗਏ ਤਾਂ ਭਾਰਤ ਦੇ ਵੱਡੀ ਗਿਣਤੀ ਹਿੱਸੇ ਮਾਰੂਥਲ ਬਣ ਸਕਦੇ ਹਨ| ਯੂਨੈਸਕੋ ਦੇ ਪਾਣੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਦੇ ਪਾਣੀ ਦੇ ਸਰੋਤਾਂ ਵਿੱਚ ਆਉਣ ਵਾਲੇ ਤੀਹ ਸਾਲਾਂ ਤਕ 40 ਫੀਸਦੀ ਤੋਂ ਵੀ ਵੱਧ ਦੀ ਕਮੀ ਆ ਜਾਵੇਗੀ ਜਿਸ ਕਾਰਨ ਭਾਰਤ ਵਿੱਚ ਪਾਣੀ ਦਾ ਭਾਰੀ ਸੰਕਟ ਖੜਾ ਹੋ ਜਾਵੇਗਾ| ਇਸ ਰਿਪੋਰਟ ਅਨੁਸਾਰ ਭਾਰਤ ਦੇ ਉਤਰੀ ਹਿੱਸੇ ਵਿੱਚ ਪਾਣੀ ਦੀ ਸਥਿਤੀ ਕਾਫੀ ਖਰਾਬ ਹੈ| ਇਸ ਉਤਰੀ ਹਿੱਸੇ ਵਿੱਚ ਪੰਜਾਬ ਵੀ ਆਉਂਦਾ ਹੈ| ਸਿਰਫ ਉਤਰੀ ਭਾਰਤ ਹੀ ਨਹੀਂ ਬਲਕਿ ਪੂਰਾ ਭਾਰਤ ਆਉਣ ਵਾਲੇ ਸਾਲਾਂ ਵਿੱਚ ਪਾਣੀ ਦੇ ਗੰਭੀਰ ਸੰਕਟ ਵਿੱਚ ਫਸਣ ਵਾਲਾ ਹੈ| ਯੂਨੈਸਕੋ ਦੀ ਰਿਪੋਰਟ ਤਾਂ ਇਹੀ ਇਸ਼ਾਰਾ ਕਰਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਯੂਨੈਸਕੋ ਵੱਲੋਂ ਜਾਰੀ ਇਸ ਰਿਪੋਰਟ ਦੇ ਆਉਣ ਉਪਰੰਤ ਕੇਂਦਰ ਅਤੇ ਰਾਜ ਸਰਕਾਰਾਂ ਨੇ ਪਾਣੀ ਨੂੰ ਬਚਾਉਣ ਲਈ ਕੋਈ ਯੋਜਨਾ ਤਾਂ ਕੀ ਬਣਾਉਣੀ ਸੀ, ਉਲਟਾ ਇਸ ਵੱਲ ਕੋਈ ਧਿਆਨ ਤਕ ਨਹੀਂ ਦਿੱਤਾ ਗਿਆ|
ਜੇ ਦੇਸ਼ ਦੀ ਆਬਾਦੀ ਦੀ ਗੱਲ ਕਰੀਏ ਤਾਂ ਇਹ ਲਗਾਤਾਰ ਵੱਧ ਰਹੀ ਹੈ ਅਤੇ ਇਸਦੇ ਨਾਲ ਹੀ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ ਵੀ ਘਟਦੀ ਜਾ ਰਹੀ ਹੈ| ਭਾਰਤ ਵਿੱਚ ਪਾਣੀ ਦੇ ਕੁਦਰਤੀ ਸਰੋਤ ਸੁੱਕਦੇ ਜਾ ਰਹੇ ਹਨ ਅਤੇ ਹਿਮਾਲਿਆ ਪਰਵਤ ਬਾਰੇ ਵੀ ਕਿਹਾ ਜਾਂਦਾ ਹੈ ਕਿ ਇਸ ਉਪਰ ਪਈ ਹੋਈ ਬਰਫ ਪਿਘਲ ਪਿਘਲ ਕੇ ਕਾਫੀ ਘਟ ਗਈ ਹੈ ਅਤੇ ਇਸ ਕਾਰਨ ਗੰਗਾ ਅਤੇ ਯਮੁਨਾ ਨਦੀਆਂ ਦਾ ਸਰੋਤ ਇੱਕ ਕਿਲੋਮੀਟਰ ਪਿਛੇ ਚਲਾ ਗਿਆ ਹੈ| ਜੇ ਇਹੀ ਹੀ ਹਾਲ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਦਿਨ ਹਿਮਾਲਿਆਂ ਦੀ ਬਰਫ ਬਿਲਕੁਲ ਹੀ ਖਤਮ ਹੋ ਜਾਵੇ ਅਤੇ ਅਜਿਹਾ ਹੋਣ ਤੇ ਇਸ ਬਰਫ ਦੇ ਪਿਘਲਣ ਨਾਲ ਬਣਦੀਆਂ ਗੰਗਾ, ਯਮੁਨਾ ਅਤੇ ਹੋਰ ਨਦੀਆਂ ਵੀ ਸੁੱਕ ਜਾਣੀਆਂ ਹਨ|
ਸਾਡੇ ਦੇਸ਼ ਵਿੱਚ ਪਾਣੀ ਦੀ ਉਪਲਬਧਤਾ ਸਬੰਧੀ ਹਾਲਾਤ ਇੰਨੇ ਖਰਾਬ ਹਨ ਕਿ ਜੇ ਜੰਗੀ ਪੱਧਰ ਉਪਰ ਪਾਣੀ ਬਚਾਉਣ ਲਈ ਉਪਰਾਲੇ ਨਹੀਂ ਕੀਤੇ ਗਏ ਤਾਂ ਆਉਣ ਵਾਲੇ ਸਾਲਾਂ ਵਿੱਚ ਪਾਣੀ ਦਾ ਗੰਭੀਰ ਸੰਕਟ ਆਉਣਾ ਪੱਕਾ ਹੈ| ਪਾਣੀ ਦੇ ਆ ਰਹੇ ਇਸ ਸੰਕਟ ਦੇ ਹਲ ਲਈ ਸਿਰਫ ਜੁਬਾਨੀ ਜਮਾਂ ਖਰਚੇ ਹੀ ਵਧੇਰੇ ਹੁੰਦਾ ਰਿਹਾ ਹੈ ਅਤੇ ਠੋਸ ਕਾਰਵਾਈ ਘੱਟ ਹੀ ਹੋਈ ਹੈ ਅਤੇ ਇਹੀ ਕਾਰਨ ਹੈ ਕਿ ਦੇਸ਼ ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ ਲਗਾਤਾਰ ਘੱਟਦੀ ਜਾ ਰਹੀ ਹੈ| ਸਾਲ 2001 ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ 1820 ਘਣ ਮੀਟਰ ਸੀ ਜੋ ਕਿ ਸਾਲ 2011 ਵਿੱਚ 1545 ਘਣ ਮੀਟਰ ਰਹਿ ਗਈ| 2015 ਵਿੱਚ ਪਾਣੀ ਦੀ ਪ੍ਰਤੀ ਵਿਅਕਤੀ ਉਪਲਬਧਤਾ 1341 ਘਣ ਮੀਟਰ ਸੀ ਅਤੇ ਸਾਲ 2050 ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ 1140 ਘਣ ਮੀਟਰ ਰਹਿ ਜਾਣ ਦਾ ਖਤਰਾ ਬਣਿਆ ਹੋਇਆ ਹੈ| ਯੂਨੈਸਕੋ ਦੇ ਅੰਕੜੇ ਦਸਦੇ ਹਨ ਕਿ ਭਾਰਤ ਵਿੱਚ ਕਰੀਬ 7 ਕਰੋੜ ਤੋਂ ਵੱਧ ਲੋਕਾਂ ਨੂੰ ਪੀਣ ਲਈ ਸ਼ੁੱਧ ਪਾਣੀ ਨਹੀਂ ਮਿਲ ਰਿਹਾ| ਇਹ ਵੀ ਇੱਕ ਹਕੀਕਤ ਹੈ ਕਿ ਭਾਰਤ ਵਿੱਚ ਹਰ ਸਾਲ ਇੱਕ ਲੱਖ ਤੋਂ ਵੱਧ ਬੱਚੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰ ਜਾਂਦੇ ਹਨ|
ਸਾਡੇ ਦੇਸ਼ ਵਿੱਚ ਅਨੇਕਾਂ ਹੀ ਦਰਿਆਵਾਂ ਅਤੇ ਨਦੀਆਂ ਹੋਣ ਦੇ ਬਾਵਜੂਦ ਦੇਸ਼ ਦੀ 80 ਫੀਸਦੀ ਤਕ ਪਾਣੀ ਦੀ ਲੋੜ ਧਰਤੀ ਹੇਠਲੇ ਪਾਣੀ ਰਾਹੀਂ ਹੀ ਪੂਰੀ ਕੀਤੀ ਜਾਂਦੀ ਹੈ ਜਿਸ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ| ਧਰਤੀ ਹੇਠਲਾਂ ਪਾਣੀ ਅਸੀਂ ਬਾਹਰ ਤਾਂ ਕੱਢ ਹੀ ਰਹੇ ਹਾਂ ਪਰ ਧਰਤੀ ਹੇਠਾਂ ਮੁੜ ਪਾਣੀ ਭੇਜਣ ਬਾਰੇ ਕੋਈ ਕੁੱਝ ਨਹੀਂ ਸੋਚਦਾ| ਵਿਸ਼ਵ ਦੇ ਕਈ ਦੇਸ਼ਾਂ ਵਿੱਚ ਖੇਤੀ ਵਾਸਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਉਪਰ ਪੂਰਨ ਪਾਬੰਦੀ ਹੈ| ਉਹਨਾਂ ਦੇਸ਼ਾਂ ਵਿੱਚ ਸਾਰੀ ਖੇਤੀ ਨਹਿਰੀ ਪਾਣੀ ਅਤੇ ਬਰਸਾਤੀ ਪਾਣੀ ਨਾਲ ਹੀ ਕੀਤੀ ਜਾਂਦੀ ਹੈ| ਭਾਰਤ ਖਾਸ ਕਰਕੇ ਪੰਜਾਬ ਵਿੱਚ ਤਾਂ ਝੋਨੇ ਦੀ ਫਸਲ ਲਈ ਪਾਣੀ ਦੇਣ ਲਈ ਧਰਤੀ ਦਾ ਪਾਣੀ ਅੰਨੇਵਾਹ ਕੱਢਿਆ ਜਾਂਦਾ ਹੈ, ਜਿਸ ਕਰਕੇ ਇੱਕ ਦਿਨ ਧਰਤੀ ਹੇਠਲੇ ਪਾਣੀ ਨੇ ਵੀ ਮੁੱਕ ਜਾਣਾ ਹੈ| ਇਸ ਤੋਂ ਇਲਾਵਾ ਸੀਵਰੇਜ ਅਤੇ ਉਦਯੋਗਾਂ ਦਾ ਗੰਦਾ ਪਾਣੀ ਧਰਤੀ ਹੇਠਾਂ ਰਿਸ ਰਿਹਾ ਹੈ ਜਿਸ ਕਾਰਨ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋ ਗਿਆ ਹੈ|
ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਯੂਨੈਸਕੋ ਵਲੋਂ ਜਾਰੀ ਕੀਤੀ ਭਾਰਤ ਵਿੱਚ ਆਉਣ ਵਾਲੇ ਪਾਣੀ ਦੇ ਗੰਭੀਰ ਸੰਕਟ ਦੀ ਰਿਪੋਰਟ ਨੂੰ ਗੰਭੀਰਤਾ ਨਾਲ ਲੈ ਕੇ ਆਉਣ ਵਾਲੇ ਸਾਲਾਂ ਵਿੱਚ ਆਉਣ ਵਾਲੇ ਪਾਣੀ ਦੇ ਸੰਕਟ ਤੋਂ ਬਚਾਓ ਲਈ ਉਪਰਾਲੇ ਸ਼ੁਰੂ ਕਰੇ ਤਾਂ ਕਿ ਆਉਣ ਵਾਲੇ ਸਾਲਾਂ ਦੌਰਾਨ ਦੇਸ਼ ਨੂੰ ਮਾਰੂਥਲ ਬਣਨ ਤੋਂ ਬਚਾਇਆ ਜਾ ਸਕੇ| ਇਸਦੇ ਨਾਲ ਨਾਲ ਆਮ ਭਾਰਤੀਆਂ ਨੂੰ ਵੀ ਪਾਣੀ ਦੀ ਬਰਬਾਦੀ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ|

Leave a Reply

Your email address will not be published. Required fields are marked *