ਰੇਤਾ ਬਜਰੀ ਦੀਆਂ ਕੀਮਤਾਂ ਦੇ ਮੁੱਦੇ ਤੇ ਜਨਤਾ ਦੇ  ਗੁੱਸੇ ਦਾ ਸਾਮ੍ਹਣਾ ਕਰਨ ਲਈ ਤਿਆਰ ਰਹੇ ਨਵੀਂ ਸਰਕਾਰ

ਕਿਸੇ ਵੀ ਸਰਕਾਰ ਦੀ ਸਭ ਤੋਂ ਪਹਿਲੀ ਜਿੰਮੇਵਾਰੀ ਹੁੰਦੀ ਹੈ ਆਪਣੀ ਜਨਤਾ ਦੀਆਂ ਮੁੱਢਲੀਆਂ ਲੋੜਾਂ (ਰੋਟੀ ਕਪੜਾ ਅਤੇ ਮਕਾਨ) ਨੂੰ ਪੂਰਾ ਕਰਨਾ ਅਤੇ ਸਰਕਾਰ ਦਾ ਇਹ ਮੁੱਢਲਾ ਫਰਜ ਹੁੰਦਾ ਹੈ ਕਿ ਉਹ  ਇਸ ਸੰਬੰਧੀ ਲੋੜੀਂਦੇ ਪ੍ਰਬੰਧ ਕਰੇ| ਉਸ ਸਰਕਾਰ ਨੂੰਹੀ ਜਨਹਿਤ ਵਿੱਚ ਕੰਮ ਕਰਨ ਵਾਲੀ ਸਰਕਾਰ ਦਾ ਦਰਜਾ ਹਾਸਿਲ ਹੁੰਦਾ ਹੈ ਜਿਸਦੇ ਰਾਜ ਵਿੱਚ ਜਨਤਾ ਨੂੰ ਇਹ ਬੁਨਿਆਦੀ ਸਹੂਲਤਾਂ ਹਾਸਿਲ ਹੁੰਦੀਆਂ ਹੋਣ ਅਤੇ ਜਿਹੜੀ ਸਰਕਾਰ ਆਪਣੀ ਜਨਤਾ ਦੀਆਂ ਇਹਨਾਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਅਸਮਰਥ ਸਾਬਿਤ ਹੁੰਦੀ ਹੈ ਉਸਦੀ ਕਾਰਗੁਜਾਰੀ ਤੇ ਹਮੇਸ਼ਾ ਸਵਾਲੀਆ ਨਿਸ਼ਾਨ ਉਠਦੇ ਰਹਿੰਦੇ ਹਨ|
ਪੁਰਾਣੇ ਸਮਿਆਂ ਤੋਂ ਹੀ ਮਨੁੱਖ ਦੀਆਂ ਇਹਨਾਂ ਤਿੰਨ ਮੁੱਢਲੀਆਂ ਲੋੜਾਂ (ਰੋਟੀ ਕਪੜਾ ਅਤੇ ਮਕਾਨ) ਵਿੱਚੋਂ ਮਕਾਨ ਦੀ ਲੋੜ ਅਜਿਹੀ ਹੈ  ਜਿਸਦਾ ਸੁਪਨਾ ਹਰੇਕ ਨਾਗਰਿਕ ਵੇਖਦਾ ਹੈ ਅਤੇ ਕਈ ਵਾਰ ਉਹ ਆਪਣੀ ਪੂਰੀ ਜਿੰਦਗੀ ਆਪਣੇ ਆਸ਼ਿਆਨੇ ਦੀ ਉਸਾਰੀ ਦੀ ਤਿਆਰੀ ਦੀ ਉਡੀਕ ਵਿੱਚ ਹੀ ਲੰਘਾ ਦਿੰਦਾ ਹੈ| ਆਪਣੇ ਇਸ ਸੁਫਨੇ ਨੂੰ ਪੂਰਾ ਕਰਨ ਲਈ ਇਨਸਾਨ ਆਪਣੀ ਪੂਰੀ ਜਿੰਦਗੀ ਬਚਤ ਕਰਦਾ ਰਹਿੰਦਾ ਹੈ ਪਰੰਤੂ  ਜਦੋਂ ਉਹ ਆਪਣੇ ਮਕਾਨ ਦੀ ਉਸਾਰੀ ਦਾ ਕੰਮ ਆਰੰਭ ਕਰਨ ਦੀ ਸੋਚਦਾ ਹੈ ਤਾਂ ਉਸਨੂੰ ਪਤਾ ਲੱਗਦਾ ਹੈ ਕਿ ਉਸਾਰੀ ਦੇ ਸਾਮਾਨ ਦੀਆਂ ਬਹੁਤ ਜਿਆਦਾ ਵੱਧ ਹੋਣ ਕਾਰਨ ਉਸਦੀ ਪੂਰੀ ਜਿੰਦਗੀ ਦੀ ਕਮਾਈ ਨਾਲ ਵੀ ਉਸਦੇ ਘਰ ਦੀ ਉਸਾਰੀ ਵਿੱਚ ਪੂਰੀ ਨਹੀਂ ਪੈਣ ਵਾਲੀ ਅਤੇ ਉਹ ਆਪਣਾ ਮਕਾਨ ਬਣਾਉਣ ਦਾ ਹੀ ਸਮਰਥ ਨਹੀਂ ਰਿਹਾ ਹੈ ਤਾਂ ਉਸਨੂੰ ਸਮਝ ਹੀ ਨਹੀਂ ਆਉਂਦਾ ਕਿ ਉਹ ਕਿੱਥੇ ਜਾ ਕੇ ਫਰਿਆਦ ਕਰੇ|
ਪਿਛਲੇ ਕੁੱਝ ਸਾਲਾਂ ਦੌਰਾਨ ਸਾਡੇ ਸੂਬੇ ਵਿੱਚ ਮਕਾਨ ਉਸਾਰੀ ਵਿੱਚ ਵਰਤੇ ਜਾਣ ਵਾਲੇ ਹਰ ਤਰ੍ਹਾਂ ਦੇ ਸਾਮਾਨ (ਰੇਤਾ, ਬਜਰੀ, ਇੱਟਾਂ, ਸੀਮਿੰਟ ਅਤੇ ਹੋਰ ਸਾਮਾਨ) ਦੀ ਕੀਮਤ ਵਿੱਚ ਹੋਏ ਬੇਤਹਾਸ਼ਾ ਵਾਧੇ ਦਾ ਮੁੱਦਾ ਫਰਵਰੀ ਮਹੀਨੇ ਵਿੱਚ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਪੂਰੇ ਜੋਰ ਸ਼ੋਰ ਨਾਲ ਉਠਿਆ ਸੀ ਅਤੇ ਕਾਂਗਰਸ ਪਾਰਟੀ ਵਲੋਂ ਇਸ ਮੁੱਦੇ ਤੇ ਪਿਛਲੇ 10 ਸਾਲਾਂ ਤੋਂ ਸੁਬੇ ਦੀ ਸੱਤਾ ਤੇ ਕਾਬਿਜ ਅਕਾਲੀ ਭਾਜਪਾ ਗਠਜੋੜ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਵੋਟਰਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੇ ਰੇਤਾ ਬਜਰੀ ਦੀਆ ਅਸਮਾਨੀ ਚੜ੍ਹੀਆਂ ਕੀਮਤਾਂ ਨੂੰ ਹੇਠਾਂ ਲਿਆ ਕੇ ਸੂਬੇ ਦੀ ਜਨਤਾ ਨੂੰ ਰਾਹਤ ਦਿੱਤੀ ਜਾਵੇਗੀ ਪਰੰਤੂ ਨਵੀਂ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਰੇਤੇ ਅਤੇ ਬਜਰੀ ਦੀ ਕੀਮਤ ਪਹਿਲਾਂ ਤੋਂ ਕਿਤੇ ਵੱਧ ਹੋ ਗਈ ਹੈ ਅਤੇ ਨਵੀਂ ਸਰਕਾਰ ਜਨਤਾ ਨੂੰ ਕਿਸੇ ਤਰ੍ਹਾਂ ਰਾਹਤ ਦੇਣ ਵਿੱਚ ਨਾਕਾਮ ਰਹੀ ਹੈ|
ਪੰਜਾਬ ਵਿੱਚ ਪੂਰੀ ਤਰ੍ਹਾਂ ਸਰਗਰਮ ਰੇਤ ਮਾਫੀਆ (ਜਿਸਨੂੰ ਵੱਡੇ ਸਿਆਸੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਕਥਿਤ ਸਰਪਰਸਤੀ ਹਾਸਿਲ ਹੈ) ਵਲੋਂ ਪਿਛਲੇ ਕੁੱਝ ਸਾਲਾਂ ਤੋਂ  ਰੇਤਾ ਅਤੇ ਬਜਰੀ ਦੇ ਕਾਰੋਬਾਰ ਤੇ ਪੂਰੀ ਤਰ੍ਹਾਂ ਕਬਜਾ ਕਰਕੇ ਅਤੇ ਮਨਮਰਜੀ ਦੀ ਕੀਮਤ ਤੇ ਰੇਤਾ ਅਤੇ ਬਜਰੀ ਵੇਚ ਕੇ ਮੋਟਾ ਮੁਨਾਫਾ ਕਮਾਇਆ ਜਾਂਦਾ ਰਿਹਾ ਹੈ ਅਤੇ ਇਹ ਮਾਫੀਆ ਹੁਣੇ ਵੀ ਪੂਰੀ ਤਰ੍ਹਾਂ ਸਰਗਰਮ ਹੈ| ਬਸ ਇਸ ਮਾਫੀਆ ਨੂੰਸਰਪਰਸਤੀ ਦੇਣ ਵਾਲੇ ਰਾਜਨੇਤਾਵਾਂ ਅਤੇ ਅਧਿਕਾਰੀਆਂ ਦੇ ਸਿਰਫ ਚਿਹਰੇ ਹੀ ਬਦਲੇ ਹਨ ਅਤੇ ਆਮ ਲੋਕਾਂ ਨੂੰ ਲੁੱਟਣ ਦੀ ਇਹ  ਕਾਰਵਾਈ ਪਹਿਲਾਂ ਨਾਲੋਂ ਵੀ ਵੱਧ ਗਈ ਹੈ|
ਮਕਾਨ ਉਸਾਰੀ ਲਈ ਬੁਨਿਆਦੀ ਸਾਮਾਨ ਰੇਤ ਅਤੇ ਬਜਰੀ ਦੀ ਹੱਦੋਂ ਵੱਧ ਚੁੱਕੀ ਕੀਮਤ ਤੇ ਕਾਬੂ ਕਰਨ ਲਈ ਸਭ ਤੋਂ ਜਰੂਰੀ ਹੈ ਕਿ ਸਰਕਾਰ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੀ ਕਥਿਤ ਸ਼ਹਿ ਨਾਲ ਕਾਬਜ ਹੋਏ ਰੇਤ ਮਾਫੀਆ ਤੇ ਕਾਬੂ ਕਰੇ ਅਤੇ ਇਸ ਗੱਲ ਨੂੰ ਯਕੀਨੀ ਬਣਾਏ ਕਿ ਆਮ ਲੋਕਾਂ ਨੂੰ ਮਕਾਨ ਉਸਾਰੀ ਦਾ ਇਹ ਸਾਮਾਨ ਜਾਇਜ ਕੀਮਤ ਤੇ ਹਾਸਿਲ ਹੋਵੇ| ਪੰਜਾਬ ਦੀ ਸੱਤਾ ਸੰਭਾਲਣ ਵਾਲੀ ਕਾਂਗਰਸ ਪਾਰਟੀ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਉਸਨੂੰ ਫਿਰ ਵੋਟਰਾਂ ਦੇ ਦਰਵਾਜੇ ਤੇ ਜਾਣਾ ਪੈਣਾ ਹੈ| ਨਗਰ ਨਿਗਮਾਂ ਦੀਆਂ ਚੋਣਾਂ ਦਾ ਸਮਾਂ ਨੇੜੇ ਆ ਗਿਆ ਹੈ ਅਤੇ ਇਸ ਦੌਰਾਨ ਰੇਤੇ ਅਤੇ ਬਜਰੀ ਦੀ ਭਾਰੀ ਕੀਮਤ ਦਾ ਇਹ ਮੁੱਦਾ ਵੀ ਉਠਣਾ ਹੈ ਅਤੇ ਉਸਨੂੰ ਇਸ ਸੰਬੰਧੀ ਜਨਤਾ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਣੇ ਹਨ| ਇਹ ਮੁੱਦਾ ਸੱਤਾਧਾਰੀ ਪਾਰਟੀ ਲਈ ਕਾਫੀ ਭਾਰੀ ਪੈ ਸਕਦਾ ਹੈ ਅਤੇ ਉਸਨੂੰ ਇਸ ਮੁੱਦੇ ਤੇ ਜਨਤਾ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਹੀ ਪੈਣਾ ਹੈ|

Leave a Reply

Your email address will not be published. Required fields are marked *