ਰੇਤ ਮਾਫੀਆ ਤੇ ਕਾਬੂ ਕਰਨ ਵਿੱਚ ਨਾਕਾਮ ਸਾਬਿਤ ਹੋਈ ਮੌਜੂਦਾ ਸਰਕਾਰ

ਪੰਜਾਬ ਦੀ ਸੱਤਾ ਤੇ ਕਾਬਿਜ ਕਾਗਰਸ ਪਾਰਟੀ ਦੀ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੇ ਹੋਰਨਾਂ ਆਗੂਆਂ ਵਲੋਂ ਦੋ ਸਾਲ ਪਹਿਲਾਂ ਹੋਈਆਂ ਵਿਧਾਨਸਭਾ ਚੋਣਾਂ ਵੇਲੇ ਸੂਬੇ ਵਿੱਚ ਰੇਤਾ ਅਤੇ ਬਜਰੀ ਦੀ ਬੇਤਹਾਸ਼ਾ ਵੱਧ ਚੁੱਕੀ ਕੀਮਤ ਅਤੇ ਸਰਕਾਰੀ ਸਰਪ੍ਰਸਤੀ ਹੇਠ ਚਲਦੇ ਰੇਤਾ ਬਜਰੀ ਦੇ ਨਾਜਾਇਜ ਕਾਰੋਬਾਰ ਦੇ ਮੁੱਦੇ ਤੇ ਪੰਜਾਬ ਦੀ ਜਨਤਾ ਤੋਂ ਵੋਟਾਂ ਮੰਗੀਆਂ ਗਈਆਂ ਸਨ ਅਤੇ ਜਨਤਾ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਉਹਨਾਂ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਰੇਤ ਮਾਫੀਆ ਤੇ ਪੂਰੀ ਤਰ੍ਹਾਂ ਕਾਬੂ ਕਰਕੇ ਆਮ ਲੋਕਾਂ ਨੂੰ ਸਸਤੀ ਅਤੇ ਵਾਜਿਬ ਕੀਮਤ ਤੇ ਰੇਤ ਅਤੇ ਬਜਰੀ ਦੀ ਸਪਲਾਈ ਯਕੀਨੀ ਕਰਵਾਈ ਜਾਵੇਗੀ| ਪਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਇਸ ਮੁੱਦੇ ਤੇ ਜਨਤਾ ਨੂੰ ਕੋਈ ਵੀ ਰਾਹਤ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ| ਨਵੀਂ ਸਰਕਾਰ ਦੇ ਰਾਜ ਵਿੱਚ ਰੇਤ ਅਤੇ ਬਜਰੀ ਦੀ ਕੀਮਤ ਘੱਟ ਤਾਂ ਕੀ ਹੋਣੀ ਸੀ ਉਲਟਾ ਇਸ ਵਿੱਚ ਹੋਰ ਵੀ ਵਾਧਾ ਹੋ ਗਿਆ ਹੈ ਅਤੇ ਆਮ ਲੋਕਾਂ ਨੂੰ ਆਪਣੇ ਮਕਾਨਾਂ ਆਦਿ ਦੀ ਉਸਾਰੀ ਲਈ ਮੋਟੀ ਰਕਮ ਖਰਚ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ|
ਇਸ ਵੇਲੇ ਹਾਲਾਤ ਇਹ ਹਨ ਕਿ ਰੇਤ ਮਾਫੀਆ ਵਲੋਂ (ਪੰਜਾਬ ਦੀ ਸੱਤਾ ਤੇ ਕਾਬਿਜ ਰਾਜਨੀਤਿਕ ਅਗਵਾਈ ਦੀ ਕਥਿਤ ਸਰਪ੍ਰਸਤੀ ਹੇਠ ਚਲਾਏ ਜਾਂਦੇ) ਰੇਤਾ ਬਜਰੀ ਦੇ ਨਾਜਾਇਜ ਖਨਨ ਅਤੇ ਇਸਦੀ ਮਹਿੰਗੀ ਕੀਮਤ ਤੋਂ ਆਮ ਜਨਤਾ ਬੁਰੀ ਤਰ੍ਹਾਂ ਤ੍ਰਸਤ ਹੈ ਅਤੇ ਸੂਬਾ ਸਰਕਾਰ ਜਨਤਾ ਨੂੰ ਰਾਹਤ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ| ਇਸ ਦੌਰਾਨ (ਸਰਕਾਰ ਦੇ ਦਾਅਵਿਆਂ ਅਨੁਸਾਰ) ਨਾ ਤਾਂ ਰੇਤ ਬਜਰੀ ਦੇ ਨਾਜਾਇਜ ਖਨਨ ਅਤੇ ਇਸਦੇ ਕਾਰੋਬਾਰ ਵਿੱਚ ਕੋਈ ਕਮੀ ਆਈ ਹੈ ਅਤੇ ਨਾ ਹੀ ਕੀਮਤ ਵਿੱਚ ਕਮੀ ਦੇ ਕੋਈ ਆਸਾਰ ਦਿਖਦੇ ਹਨ|
ਜੇਕਰ ਕੁੱਝ ਬਦਲਿਆ ਹੈ ਤਾਂ ਉਹ ਇਹ ਹੈ ਕਿ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਰੇਤ ਮਾਫੀਆ ਨੂੰ ਸਰਪ੍ਰਸਤੀ ਦੇਣ ਵਾਲਿਆਂ ਦੇ ਚਿਹਰੇ ਜਰੂਰ ਬਦਲ ਗਏ ਹਨ| ਕਾਂਗਰਸ ਸਰਕਾਰ ਵਲੋਂ ਸੂਬੇ ਦੀ ਨਵੀਂ ਮਾਈਨਿੰਗ ਨੀਤੀ ਬਣਾ ਕੇ ਇਹ ਜਰੂਰ ਦਾਅਵਾ ਕੀਤਾ ਗਿਆ ਸੀ ਕਿ ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ ਲੋਕਾਂ ਨੂੰ ਰੇਤਾ ਬਜਰੀ ਸਸਤੀ ਕੀਮਤ ਤੇ ਮਿਲਣ ਲੱਗ ਜਾਵੇਗੀ ਪਰੰਤੂ ਅਜਿਹਾ ਕੁੱਝ ਵੀ ਨਹੀਂ ਹੋਇਆ ਅਤੇ ਸਰਕਾਰ ਰੇਤ ਮਾਫੀਆ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ| ਇਸ ਦੌਰਾਨ ਸਰਕਾਰ ਵਲੋਂ ਕਰਵਾਈ ਗਈ ਰੇਤ ਦੀਆਂ ਖੱਡਾਂ ਦੀ ਬੋਲੀ ਵੇਲੇ ਸਰਕਾਰ ਦੇ ਇੱਕ ਕੈਬਿਨਟ ਮੰਤਰੀ ਵਲੋਂ ਲੁਕਵੇਂ ਤਰੀਕੇ ਨਾਲ ਰੇਤੇ ਦੀਆਂ ਖੱਡਾਂ ਤੇ ਕਾਬਿਜ ਹੋਣ ਦੇ ਇਲਜਾਮਾਂ ਨਾਲ ਸਰਕਾਰ ਦੀ ਨੀਯਤ ਸਵਾਲਾਂ ਦੇ ਘੇਰੇ ਵਿੱਚ ਆ ਗਈ ਸੀ|
ਸੂਬੇ ਦੀ ਜਨਤਾ ਆਮ ਇਲਜਾਮ ਲਗਾਉਂਦੀ ਹੈ ਕਿ ਵੱਡੇ ਪੱਧਰ ਤੇ ਚਲਣ ਵਾਲਾ ਨਾਜਾਇਜ ਖਨਨ ਦਾ ਇਹ ਪੂਰਾ ਤਾਮਝਾਮ ਵੱਡੇ ਰਾਜਨੀਤਿਕ ਆਗੂਆਂ ਅਤੇ ਉੱਚ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਸਰਪਰਸਤੀ ਵਿੱਚ ਹੀ ਸਿਰੇ ਚੜ੍ਹਾਇਆ ਜਾਂਦਾ ਹੈ, ਵਰਨਾ ਇੰਨੇ ਵੱਡੇ ਪੱਧਰ ਤੇ ਇਸ ਤਰੀਕੇ ਨਾਲ ਇਹ ਕਾਰੋਬਾਰ ਚਲਾਇਆ ਹੀ ਨਹੀਂ ਜਾ ਸਕਦਾ| ਇਸ ਸਭ ਦੇ ਬਾਵਜੂਦ ਸਰਕਾਰ ਵਲੋਂ ਨਾ ਤਾਂ ਸੂਬੇ ਵਿੱਚ ਚਲਦੇ ਰੇਤਾ ਬਜਰੀ ਦੇ ਇਸ ਨਾਜਾਇਜ ਕਾਰੋਬਾਰ ਤੇ ਰੋਕ ਲਗਾਉਣ ਲਈ ਕੋਈ ਸਾਰਥਕ ਕਦਮ ਚੁੱਕਿਆ ਗਿਆ ਹੈ ਅਤੇ ਨਾ ਹੀ ਸਰਕਾਰ ਨੇ ਰੇਤੇ ਅਤੇ ਬਜਰੀ ਦੀਆਂ ਕੀਮਤਾਂ ਤੇ ਕਾਬੂ ਕਰਨ ਲਈ ਕੁੱਝ ਕੀਤਾ ਗਿਆ ਹੈ| ਮੌਜੂਦਾ ਹਾਲਾਤ ਇਹ ਹਨ ਕਿ ਰੇਤ ਮਾਫੀਆ ਵਲੋਂ ਧੜੱਲੇ ਨਾਲ ਆਪਣਾ ਕਾਲਾ ਕਾਰੋਬਾਰ ਚਲਾਇਆ ਜਾ ਰਿਹਾ ਹੈ ਅਤੇ ਸੂਬੇ ਦੀਆਂ ਵੱਖ ਵੱਖ ਛੋਟੀਆਂ ਵੱਡੀਆਂ ਨਦੀਆਂ ਵਿੱਚ ਰੇਤ ਮਾਫੀਆ ਵਲੋਂ ਬਾਕਾਇਦਾ ਵੱਡੇ ਪਲਾਂਟ ਲਗਾ ਕੇ ਸ਼ਰ੍ਹੇਆਮ ਕੀਤੇ ਜਾਣ ਵਾਲੇ ਕਾਰੋਬਾਰ ਨਾਲ ਜਿੱਥੇ ਕਰੋੜਾਂ ਰੁਪਏ ਕਮਾਏ ਜਾ ਰਹੇ ਹਨ ਉੱਥੇ ਇਸ ਨਾਲ ਸਰਕਾਰ ਨੂੰ ਵੀ ਟੈਕਸ ਦੇ ਰੂਪ ਵਿੱਚ ਹੋਣ ਵਾਲੀ ਆਮਦਨ ਦਾ ਚੂਨਾ ਲਗਾਇਆ ਜਾ ਰਿਹਾ ਹੈ|
ਰੇਤ ਮਾਫੀਆ ਵਲੋਂ ਆਪਣੀ ਆਮਦਨੀ ਵਧਾਉਣ ਲਈ ਲੋਕਾਂ ਤੋਂ ਰੇਤਾ ਅਤੇ ਬਜਰੀ ਦੇ ਮਨਮਰਜੀ ਦੇ ਦਾਮ ਵਸੂਲੇ ਜਾਂਦੇ ਹਨ ਅਤੇ ਸੂਬੇ ਵਿੱਚ ਰੇਤ ਅਤੇ ਬਜਰੀ ਦੇ ਦਾਮ ਅਸਮਾਨ ਛੂਹ ਰਹੇ ਹਨ| ਪ੍ਰਸ਼ਾਸ਼ਨ ਵਲੋਂ ਇਸ ਸਾਰੇ ਕੁੱਝ ਤੇ ਕਾਬੂ ਕਰਨ ਦੀ ਥਾਂ ਜਿਸ ਤਰੀਕੇ ਨਾਲ ਰੇਤ ਮਾਫੀਆ ਨੂੰ ਖੁੱਲੀ ਖੇਡ ਖੇਡਣ ਦੀ ਇਜਾਜਤ ਦਿੱਤੀ ਜਾਂਦੀ ਹੈ ਉਸਨੂੰ ਮੁੱਖ ਰੱਖਦਿਆਂ ਅਜਿਹਾ ਕਿਹਾ ਜਾ ਸਕਦਾ ਹੈ ਕਿ ਇਸ ਸੰਬੰਧੀ ਲਗਣ ਵਾਲੇ ਇਲਜਾਮਾਂ ਵਿੱਚ ਕੁੱਝ ਨਾ ਕੁੱਝ ਸੱਚਾਈ ਤਾਂ ਜਰੂਰ ਹੈ| ਪੰਜਾਬ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਰਾਜਨੇਤਾਵਾਂ ਅਤੇ ਉੱਚ ਅਧਿਕਾਰੀਆਂ ਦੀ ਕਥਿਤ ਸ਼ਹਿ ਤੇ ਚਲਣ ਵਾਲੇ ਇਸ ਕਾਰੋਬਾਰ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕੇ ਅਤੇ ਇਸਨੂੰ ਮੁਕੰਮਲ ਰੂਪ ਨਾਲ ਬੰਦ ਕਰਵਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲੇ ਅਤੇ ਉਹਨਾਂ ਦਾ ਸਰਕਾਰ ਤੇ ਭਰੋਸਾ ਬਣਿਆ ਰਹੇ|

Leave a Reply

Your email address will not be published. Required fields are marked *