ਰੇਤ ਮਾਫੀਆ ਤੇ ਸਖਤੀ ਨਾਲ ਕਾਬੂ ਕਰੇ ਸਰਕਾਰ

ਪਿਛਲੇ ਸਮੇਂ ਦੌਰਾਨ ਸੂਬੇ ਵਿੱਚ ਰੇਤਾ ਅਤੇ ਬਜਰੀ ਦੀ ਕੀਮਤ ਵਿੱਚ ਹੋਏ ਭਾਰੀ ਵਾਧੇ ਤੋਂ ਆਮ ਜਨਤਾ ਬੁਰੀ ਤਰ੍ਹਾਂ ਤ੍ਰਸਤ ਹੈ ਅਤੇ ਸੂਬਾ ਸਰਕਾਰ ਜਨਤਾ ਨੂੰ ਰਾਹਤ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਰਕਮ ਖਰਚ ਕੇ ਆਪਣੇ ਮਕਾਨਾਂ ਆਦਿ ਦੀ ਉਸਾਰੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ| ਇਸ ਦੌਰਾਨ ਭਾਵੇਂ ਨਵੀਂ ਸਰਕਾਰ ਵਲੋਂ ਸੂਬੇ ਦੀ ਨਵੀਂ ਮਾਇਨਿੰਗ ਨੀਤੀ ਬਣਾ ਕੇ ਇਹ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਛੇਤੀ ਹੀ ਸੂਬੇ ਵਿੱਚ ਰੇਤ ਅਤੇ ਬਜਰੀ ਦੀ ਕੀਮਤ ਘੱਟ ਹੋ ਜਾਵੇਗੀ ਪਰੰਤੂ ਸਰਕਾਰ ਦੇ ਇਹ ਦਾਅਵੇ (ਹੁਣ ਤਕ ਤਾਂ) ਪੂਰੀ ਤਰ੍ਹਾਂ ਹਵਾ ਹਵਾਈ ਹੀ ਸਾਬਿਤ ਹੋਏ ਹਨ|
ਰੇਤਾ ਬਜਰੀ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰਕੇ ਅਰਬਾਂ ਖਰਬਾਂ ਰੁਪਏ ਕਮਾਉਣ ਵਾਲੇ ਰੇਤ ਮਾਫੀਏ ਦਾ ਇਹ ਮੁੱਦਾ ਸਵਾ ਸਾਲ ਪਹਿਲਾਂ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਸਭ ਤੋਂ ਵੱਡੇ ਚੋਣ ਮੁੱਦੇ ਦੇ ਰੂਪ ਵਿੱਚ ਉਭਰਿਆ ਸੀ ਅਤੇ ਇਸਨੂੰ ਪੰਜਾਬ ਵਿੱਚ ਹੋਈ ਸੱਤਾ ਤਬਦੀਲੀ ਦੇ ਪ੍ਰਮੁਖ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ| ਰੇਤਾ ਅਤੇ ਬਜਰੀ ਦੀਆਂ ਲਗਾਤਾਰ ਵੱਧਦੀਆਂ ਕੀਮਤਾਂ ਤੋਂ ਬੁਰੀ ਤਰ੍ਹਾਂ ਤੰਗ ਆਈ ਪੰਜਾਬ ਦੀ ਜਨਤਾ ਵਲੋਂ ਉਸ ਵੇਲੇ ਸੂਬੇ ਦੀ ਸੱਤਾ ਤੇ ਕਾਬਿਜ ਅਕਾਲੀ ਭਾਜਪਾ ਸਰਕਾਰ ਨੂੰ ਰੇਤ ਮਾਫੀਏ ਲਈ ਜਿੰਮੇਵਾਰ ਮੰਨਦਿਆਂ ਉਸ ਨੂੰ ਪੰਜਾਬ ਦੀ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ|
ਪਰੰਤੂ ਪੰਜਾਬ ਦੀ ਸੱਤਾ ਵਿੱਚ ਹੋਈ ਤਬਦੀਲੀ ਵੀ ਇਸ ਮੁੱਦੇ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਅਤੇ ਸਿਆਸੀ ਸਰਪਰਸਤੀ ਹੇਠ ਚਲਦਾ ਰੇਤ ਮਾਫੀਏ ਦਾ ਕਾਰੋਬਾਰ ਪਹਿਲਾਂ ਵਾਂਗ ਹੀ ਵੱਧ ਫੁੱਲ ਰਿਹਾ ਹੈ| ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਆਮ ਲੋਕਾਂ ਵਿੱਚ ਇਹ ਆਸ ਜਾਗੀ ਸੀ ਕਿ ਨਵੀਂ ਸਰਕਾਰ ਵਲੋਂ ਉਹਨਾਂ ਨੂੰ ਰੇਤਾ ਅਤੇ ਬਜਰੀ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਤੋਂ ਨਿਜਾਤ ਦਿਵਾਈ ਜਾਵੇਗੀ ਪਰੰਤੂ ਅਜਿਹਾ ਕੁੱਝ ਵੀ ਨਹੀਂ ਹੋਇਆ ਬਲਕਿ ਰੇਤ ਅਤੇ ਬਜਰੀ ਦੀਆਂ ਕੀਮਤਾਂ ਪਹਿਲਾਂ ਤੋਂ ਵੀ ਵੱਧ ਗਈਆਂ ਹਨ| ਇਸ ਦੌਰਾਨ ਫਰਕ ਸਿਰਫ ਇੰਨਾ ਪਿਆ ਹੈ ਕਿ ਰੇਤ ਮਾਫੀਏ ਨੂੰ ਸਰਪਰਸਤੀ ਦੇਣ ਵਾਲੇ ਚਿਹਰੇ ਬਦਲ ਗਏ ਹਨ| ਪੰਜਾਬ ਦੀ ਸੱਤਾ ਤੇ ਕਾਬਿਜ ਕਾਂਗਰਸ ਪਾਰਟੀ ਦੇ ਨੇਤਾਵਾਂ ਵਲੋਂ ਵਿਰੋਧੀ ਧਿਰ ਵਿੱਚ ਹੁੰਦਿਆਂ ਰੇਤਾ ਬਜਰੀ ਦੀ ਸਪਲਾਈ ਕਰਨ ਵਾਲੇ ਟਰੱਕਾਂ ਤੋਂ ਗੁੰਡਾ ਟੈਕਸ ਦੀ ਵਸੂਲੀ ਦਾ ਮਾਮਲਾ ਪੂਰੇ ਜੋਰ ਸ਼ੋਰ ਨਾਲ ਚੁੱਕਿਆ ਜਾਂਦਾ ਸੀ ਅਤੇ ਇਹਨਾਂ ਨੇਤਾਵਾਂ ਵਲੋਂ ਖੁੱਲੇਆਮ ਇਹ ਇਲਜਾਮ ਲਗਾਇਆ ਜਾਂਦਾ ਸੀ ਕਿ ਅਕਾਲੀ ਦਲ ਦੇ ਕੁੱਝ ਵੱਡੇ ਆਗੂਆਂ ਦੀ ਸਰਪਰਸਤੀ ਵਿੱਚ ਰੇਤ ਮਾਫੀਏ ਵਲੋਂ ਇਸ ਗੁੰਡਾ ਟੈਕਸ ਦੀ ਵਸੂਲੀ ਕੀਤੀ ਜਾਂਦੀ ਹੈ ਪਰੰਤੂ ਸੂਬੇ ਵਿੱਚ ਸੱਤਾ ਬਦਲਣ ਤੋਂ ਬਾਅਦ ਸੱਤਾਧਾਰੀ ਪਾਰਟੀ ਦਾ ਕੋਈ ਵੀ ਆਗੂ ਇਸ ਬਾਰੇ ਗੱਲ ਕਰਨ ਤਕ ਲਈ ਤਿਆਰ ਨਹੀਂ ਹੈ| ਰੇਤਾ ਬਜਰੀ ਦੀ ਢੋਆ ਢੁਆਈ ਕਰਨ ਵਾਲੇ ਟਰੱਕਾਂ ਤੋਂ ਗੁੰਡਾ ਟੈਕਸ ਦੀ ਵਸੂਲੀ ਪਹਿਲਾਂ ਵਾਂਗ ਹੀ ਜਾਰੀ ਹੈ ਬਸ ਇਸਦੀ ਵਸੂਲੀ ਕਰਨ ਅਤੇ ਇਸਨੂੰ ਸਰਪਰਸਤੀ ਦੇਣ ਵਾਲੇ ਚਿਹਰੇ ਜਰੂਰ ਬਦਲ ਗਏ ਹਨ|
ਅਸਲੀਅਤ ਇਹੀ ਹੈ ਕਿ ਨਵੀਂ ਸਰਕਾਰ ਸੂਬੇ ਵਿੱਚ ਆਪਣੀਆਂ ਜੜ੍ਹਾਂ ਜਮਾਂ ਚੁੱਕੇ ਰੇਤ ਮਾਫੀਆ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ| ਜਮੀਨੀ ਹਾਲਾਤ ਇਹ ਹਨ ਕਿ ਸੂਬੇ ਵਿੱਚ ਰੇਤ ਮਾਫੀਆ ਵਲੋਂ ਧੜੱਲੇ ਨਾਲ ਆਪਣਾ ਕਾਲਾ ਕਾਰੋਬਾਰ ਚਲਾਇਆ ਜਾ ਰਿਹਾ ਹੈ| ਰੇਤ ਮਾਫੀਆ ਵਲੋਂ ਆਪਣੀ ਆਮਦਨੀ ਵਧਾਉਣ ਲਈ ਲੋਕਾਂ ਤੋਂ ਰੇਤਾ ਅਤੇ ਬਜਰੀ ਦੇ ਮਨਮਰਜੀ ਦੇ ਦਾਮ ਵਸੂਲੇ ਜਾਂਦੇ ਹਨ ਅਤੇ ਸੂਬੇ ਵਿੱਚ ਰੇਤ ਅਤੇ ਬਜਰੀ ਦੇ ਦਾਮ ਅਸਮਾਨ ਛੂਹ ਰਹੇ ਹਨ| ਹੁਣ ਇਸ ਕਾਰੋਬਾਰ ਵਿੱਚ ਸੱਤਾ ਤੇ ਕਾਬਿਜ ਹੋਏ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੀ ਸ਼ਮੂਲੀਅਤ ਦੇ ਇਲਜਾਮ ਲੱਗ ਰਹੇ ਹਨ ਅਤੇ ਜਿਸ ਤਰੀਕੇ ਨਾਲ ਰੇਤ ਮਾਫੀਆ ਵਲੋਂ ਖੁੱਲੀ ਖੇਡ ਖੇਡੀ ਜਾ ਰਹੀ ਹੈ ਉਸਨੂੰ ਮੁੱਖ ਰੱਖਦਿਆਂ ਅਜਿਹਾ ਕਿਹਾ ਜਾ ਸਕਦਾ ਹੈ ਕਿ ਦਾਲ ਵਿੱਚ ਕੁੱਝ ਨਾ ਕੁੱਝ ਕਾਲਾ ਤਾਂ ਜਰੂਰ ਹੈ|
ਜਨਤਾ ਖੁੱਲੇਆਮ ਇਹ ਇਲਜਾਮ ਲਗਾਉਂਦੀ ਹੈ ਕਿ ਇਹ ਪੂਰਾ ਤਾਮਝਾਮ ਵੱਡੇ ਰਾਜਨੀਤਿਕ ਆਗੂਆਂ ਅਤੇ ਉੱਚ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਸਰਪਰਸਤੀ ਵਿੱਚ ਹੀ ਚਲਾਇਆ ਜਾਂਦਾ ਹੈ ਅਤੇ ਜੇਕਰ ਸਰਕਾਰ ਚਾਹੇ ਤਾਂ ਰੇਤ ਮਾਫੀਏ ਤੇ ਬੜੀ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ| ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲੇ ਅਤੇ ਉਹਨਾਂ ਨੂੰ ਜਾਇਜ ਕੀਮਤ ਤੇ ਰੇਤਾ ਅਤੇ ਬਜਰੀ ਹਾਸਿਲ ਹੋਵੇ|

Leave a Reply

Your email address will not be published. Required fields are marked *