ਰੇਲਵੇ ਫਾਟਕ ਲੰਮਾ ਸਮਾਂ ਬੰਦ ਰਹਿਣ ਕਾਰਨ ਲੋਕ ਪ੍ਰੇਸ਼ਾਨ

ਰੇਲਵੇ ਫਾਟਕ ਲੰਮਾ ਸਮਾਂ ਬੰਦ ਰਹਿਣ ਕਾਰਨ ਲੋਕ ਪ੍ਰੇਸ਼ਾਨ
ਫਾਟਕ ਦੇ ਦੋਵੇਂ ਪਾਸੇ ਲੱਗ ਜਾਂਦੀਆਂ ਨੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ

ਰਾਜਪੁਰਾ, 22 ਅਪ੍ਰੈਲ (ਸ. ਬ.) ਰਾਜਪੁਰਾ ਸ਼ਹਿਰ ਵਿੱਚ ਰੇਲਵੇ ਸਟੇਸ਼ਨ ਅਤੇ  ਬੱਸ ਸਟੈਂਡ ਦੇ ਨੇੜੇ ਹੀ ਸਥਿਤ ਫਾਟਕ ਸਾਰਾ ਦਿਨ ਬਹੁਤ ਵਾਰ ਲੰਮਾ ਲੰਮਾ ਸਮਾਂ ਬੰਦ ਰਹਿੰਦਾ ਹੈ| ਇਸ ਫਾਟਕ ਦੇ ਬੰਦ ਹੋਣ ਕਾਰਨ ਇਸ ਫਾਟਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ  ਲੰਮੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ| ਜਦੋਂ ਪੌਣੇ ਕੁ ਘੰਟੇ ਬਾਅਦ ਇਹ ਫਾਟਕ ਖੁਲਦਾ ਹੈ ਤਾਂ ਵਾਹਨਾਂ ਦਾ ਇਕ ਦੂਜੇ ਤੋਂ ਅੱਗੇ ਨਿਕਲਣ ਦੇ ਚੱਕਰ ਵਿੱਚ ਘੜਮੱਸ ਜਿਹਾ ਹੀ ਪੈ ਜਾਂਦਾ ਹੈ ਅਤੇ ਇਸ ਕਾਰਨ ਉਥੇ ਜਾਮ ਹੀ ਲੱਗ ਜਾਂਦਾ ਹੈ| ਕਈ ਵਾਰ ਤਾਂ ਵਾਹਨ ਚਾਲਕਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਵੀ ਹੋ ਜਾਂਦੀ ਹੈ ਜੋ ਕਿ ਕਈ ਵਾਰ ਮਾਰਕੁਟਾਈ ਤੱਕ ਵੀ ਪਹੁੰਚ ਜਾਂਦੀ ਹੈ|
ਆਮ ਲੋਕਾਂ ਨੂੰ ਇਹ ਹੀ ਸਮਝ ਨਹੀਂ ਆਂਉਂਦੀ ਕਿ ਜਦੋਂ ਰਾਜਪੁਰਾ ਦਾ ਨਵਾਂ ਬੱਸ ਸਟੈਂਡ ਗਗਨ ਚੌਂਕ ਵਿੱਚ ਬਣਾ ਦਿਤਾ ਗਿਆ ਹੈ ਪਰ ਉਸ   ਨਵੇਂ ਬੱਸ ਸਟੈਂਡ ਨੂੰ ਅਜੇ ਤੱਕ ਵੀ ਚਾਲੂ ਨਹੀਂ ਕੀਤਾ ਗਿਆ| ਇਸ ਕਰਕੇ  ਬੱਸਾ  ਰਾਜਪੁਰਾ ਦੇ ਪੁਰਾਣੇ ਬੱਸ ਸਟੈਂਡ ਹੀ ਜਾਂਦੀਆਂ ਹਨ| ਪਟਿਆਲਾ ਮੁਹਾਲੀ ਰੂਟ ਉਪਰ ਚਲਦੀਆਂ ਬੱਸਾਂ ਸਮੇਤ ਹੋਰ ਰੁਟਾਂ ਉਪਰ ਚਲਦੀਆਂ ਬੱਸਾਂ ਰਾਜਪੁਰਾ ਦੇ ਪੁਰਾਣੇ ਬੱਸ ਸਟੈਂਡ ਉਪਰ ਦੀ ਹੀ ਹੋ ਕੇ ਜਾਂਦੀਆਂ ਹਨ| ਬੱਸ ਸਟ ੈਂਡ ਨੇੜੇ ਹੀ ਬਣੇ ਇਸ ਫਾਟਕ ਉਪਰ ਰੇਲ ਆਵਾਜਾਈ ਕਾਫੀ ਰਹਿੰਦੀ ਹੈ, ਜਿਸ ਕਰਕੇ ਕੁਝ ਸਮੇਂ ਬਾਅਦ ਹੀ ਇਹ ਫਾਟਕ ਬੰਦ ਹੋ ਜਾਂਦਾ ਹੈ ਅਤੇ ਫਿਰ ਲੰਮਾਂ ਸਮਾਂ ਹੀ ਬੰਦ ਰਹਿੰਦਾ ਹੈ| ਅਕਸਰ ਹੀ ਇਸ ਫਾਟਕ ਉਪਰ ਦੋ ਦੋ ਰੇਲ ਗੱੱਡੀਆਂ ਲੰਘਣ ਤੋਂ ਬਾਅਦ ਹੀ ਇਸ ਫਾਟਕ ਨੂੰ ਖੋਲਿਆ ਜਾਂਦਾ ਹੈ| ਇਸ ਤੋਂ ਇਲਾਵਾ ਇਸ ਫਾਟਕ ਦੇ   ਨੇੜੇ ਹੀ ਰੇਲਵੇ ਸਟੇਸ਼ਨ ਹੋਣ ਕਰਕੇ ਅਨੇਕਾਂ ਹੀ ਮਾਲ ਗੱਡੀਆਂ ਹਰ ਦਿਨ ਹੀ ਵੇਲੇ ਕੁਵੇਲੇ ਸ਼ੰਟਿੰਗ ਕਰਦੀਆਂ ਰਹਿੰਦੀਆਂ ਹਨ| ਇਹਨਾਂ ਮਾਲ ਗੱਡੀਆਂ ਦੇ ਕਾਰਨ ਵੀ ਇਹ ਫਾਟਕ ਲੰਮਾ ਸਮਾਂ ਬੰਦ ਰਹਿੰਦਾ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ  ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|  ਦੂਜੇ ਪਾਸੇ ਰਾਜਪੁਰਾ ਬਾਈਪਾਸ ਉਪਰ ਫਲਾਈ ਓਵਰ ਬਣਨ ਕਾਰਨ ਉਥੇ ਵੀ ਵਾਹਨਾਂ ਦਾ ਭਾਰੀ ਰਸ਼ ਰਹਿੰਦਾ ਹੈ, ਜਿਸ ਕਰਕੇ ਅਨੇਕਾਂ ਹੀ ਵਾਹਨ ਬਾਈਪਾਸ ਲੰਘਣ ਦੀ ਥਾਂ ਸ਼ਹਿਰ ਵਿੱਚ ਦੀ ਹੀ ਲੰਘਣ ਨੂੰ ਤਰਜੀਹ ਦਿੰਦੇ ਹਨ ਪਰ ਸ਼ਹਿਰ ਵਿੱਚ ਲੱਗਿਆ ਇਹ ਫਾਟਕ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਫਾਟਕ ਦੇ ਲੰਮਾ ਸਮਾਂ ਬੰਦ ਰਹਿਣ ਕਾਰਨ ਰੌਜਾਨਾ ਡਿਊਟੀ ਜਾਣ ਵਾਲੇ ਲੋਕ ਵੀ ਬਹੁਤ  ਲੇਟ ਹੋ ਜਾਂਦੇ ਹਨ|

Leave a Reply

Your email address will not be published. Required fields are marked *