ਰੇਲਵੇ ਵਿਭਾਗ ਵਿੱਚ ਵੱਧਦਾ ਭ੍ਰਿਸ਼ਟਾਚਾਰ

ਪਿਛਲੇ ਦਿਨੀਂ ਸਵੇਰ ਲਖਨਊ ਦੇ ਕੋਲ ਹਰੌਨੀ ਸਟੇਸ਼ਨ ਉਤੇ ਆ ਰਹੀ ਇੱਕ ਯਾਤਰੀ ਰੇਲਗੱਡੀ ਦਾ ਪਲੈਟਫਾਰਮ ਨੰਬਰ ਐਨ ਸਮੇਂ ਉਤੇ ਬਦਲ ਦਿੱਤਾ ਗਿਆ| ਇਸ ਵਜ੍ਹਾ ਨਾਲ ਯਾਤਰੀਆਂ ਵਿੱਚ ਹਫੜਾ ਦਫੜੀ ਮਚ ਗਈ, ਜਿਸ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਜਖ਼ਮੀ ਹੋ ਗਏ| ਐਨ ਵਕਤ ਤੇ ਪਲੈਟਫਾਰਮ ਬਦਲਿਆ ਜਾਣਾ ਇੱਕ ਅਜਿਹੀ ਸਮੱਸਿਆ ਹੈ ਜਿਸਦੇ ਨਾਲ ਰੇਲ ਯਾਤਰੀਆਂ ਨੂੰ ਆਏ ਦਿਨ ਜੂਝਨਾ ਪੈਂਦਾ ਹੈ| ਰੇਲਗੱਡੀ ਵਿੱਚ ਸਫਰ ਕਰਨ ਸਟੇਸ਼ਨ ਤੇ ਆਏ ਬਜੁਰਗਾਂ, ਔਰਤਾਂ, ਬੱਚਿਆਂ ਅਤੇ ਖਾਸ ਕਰਕੇ ਬਿਮਾਰ ਯਾਤਰੀਆਂ ਨੂੰ ਇਸ ਨਾਲ ਬਹੁਤ ਜ਼ਿਆਦਾ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ| ਇਸਨੂੰ ਸਟੇਸ਼ਨ ਪ੍ਰਬੰਧਨ ਦਾ ਸਥਾਨਕ ਮਸਲਾ ਮੰਨ ਕੇ ਰੇਲਵੇ ਨੇ ਇਸ ਬਾਰੇ ਰਾਸ਼ਟਰੀ ਪੱਧਰ ਤੇ ਕੋਈ ਦਿਸ਼ਾ- ਨਿਰਦੇਸ਼ ਜਾਰੀ ਕਰਨ ਦੀ ਜ਼ਰੂਰਤ ਨਹੀਂ ਮਹਿਸੂਸ ਕੀਤੀ|
ਨਤੀਜਾ ਇਹ ਹੈ ਕਿ ਯਾਤਰੀਆਂ ਨੂੰ ਆਖਰੀ ਸਮੇਂ ਤੱਕ ਟ੍ਰੇਨ ਦਾ ਪਲੇਟਫਾਰਮ ਬਦਲੇ ਜਾਣ ਦਾ ਡਰ ਸਤਾਉਂਦਾ ਰਹਿੰਦਾ ਹੈ| ਇੱਕ ਰਿਪੋਰਟ ਦੇ ਮੁਤਾਬਕ ਸਿਰਫ ਲਖਨਊ ਕੈਂਟ ਸਟੇਸ਼ਨ ਉਤੇ ਪਿਛਲੇ 72 ਘੰਟੇ ਵਿੱਚ 19 ਰੇਲਗੱਡੀਆਂ ਦਾ ਪਲੈਟਫਾਰਮ ਨੰਬਰ ਬਦਲਿਆ ਗਿਆ ਹੈ| ਅਫਸਰਾਂ ਦਾ ਕਹਿਣਾ ਹੈ ਕਿ ਪਲੇਟਫਾਰਮ ਕਦੇ ਬੇਵਜ੍ਹਾ ਨਹੀਂ ਬਦਲੇ ਜਾਂਦੇ, ਹਮੇਸ਼ਾ ਇਸਦੀ ਕੋਈ ਨਾ ਕੋਈ ਠੋਸ ਵਜ੍ਹਾ ਹੁੰਦੀ ਹੈ| ਪਰੰਤੂ ਵਿੱਚ – ਵਿਚਾਲੇ ਆਉਣ ਵਾਲੀਆਂ ਖਬਰਾਂ ਦੱਸਦੀਆਂ ਹਨ ਕਿ ਇਸ ਵਿੱਚ ਕੁੱਝ ਭੂਮਿਕਾ ਹੇਠਲੇ ਪੱਧਰ ਉਤੇ ਜਾਰੀ ਭ੍ਰਿਸ਼ਟਾਚਾਰ ਦੀ ਵੀ ਹੋ ਸਕਦੀ ਹੈ| ਕੁੱਝ ਦਿਨ ਪਹਿਲਾਂ ਬਿਹਾਰ ਦੇ ਇੱਕ ਰੇਲਵੇ ਸਟੇਸ਼ਨ ਉਤੇ ਵੈਂਡਰਾਂ ਅਤੇ ਰੇਲਕਰਮੀਆਂ ਦੀ ਗੱਲਬਾਤ ਦੀ ਇੱਕ ਆਡੀਓ ਕਲਿੱਪ ਵਾਇਰਲ ਹੋਈ ਸੀ, ਜਿਸ ਵਿੱਚ ਸਟੇਸ਼ਨ ਦਾ ਇੱਕ ਜ਼ਿੰਮੇਵਾਰ ਰੇਲਕਰਮੀ ਵੈਂਡਰਾਂ ਨੂੰ ਧਮਕਾ ਰਿਹਾ ਸੀ ਕਿ ਜੇਕਰ ਪੈਸੇ ਪੂਰੇ ਨਹੀਂ ਦਿੱਤੇ ਗਏ ਤਾਂ ਰੇਲਗੱਡੀਆਂ ਦੂਜੇ ਪਲੇਟਫਾਰਮ ਤੇ ਲਗਵਾ ਦਿੱਤੀਆਂ ਜਾਣਗੀਆਂ|
ਯੂਪੀ ਦੇ ਜੌਨਪੁਰ ਸਟੇਸ਼ਨ ਉਤੇ ਹਾਲ ਹੀ ਵਿੱਚ ਬਾਹਰੀ ਵੈਂਡਰਾਂ ਅਤੇ ਪੈਂਟਰੀਕਾਰ ਕਰਮਚਾਰੀਆਂ ਦੀ ਮਾਰ ਕੁਟਾਈ ਦੀ ਘਟਨਾ ਨਾਲ ਵੀ ਹਿਤਾਂ ਦੇ ਟਕਰਾਓ ਦਾ ਮਾਮਲਾ ਸਾਹਮਣੇ ਆਇਆ ਹੈ|
ਇਸ ਸੰਦਰਭ ਵਿੱਚ ਯਾਦ ਕੀਤਾ ਜਾ ਸਕਦਾ ਹੈ ਕਿ ਕੁੱਝ ਸਮਾਂ ਪਹਿਲਾਂ ਦਿੱਲੀ ਦੇ ਸਟੇਸ਼ਨਾਂ ਲਈ ਇਹ ਦਿਸ਼ਾ – ਨਿਰਦੇਸ਼ ਆਇਆ ਸੀ ਕਿ ਕਿਸੇ ਵੀ ਗੱਡੀ ਦਾ ਪਲੇਟਫਾਰਮ ਨੰਬਰ ਗੱਡੀ ਆਉਣ ਤੋਂ ਅੱਧਾ ਘੰਟਾ ਪਹਿਲਾਂ ਤੈਅ ਕਰ ਦਿੱਤਾ ਜਾਵੇ ਅਤੇ ਹੰਗਾਮੀ ਹਲਾਤਾਂ ਨੂੰ ਛੱਡ ਕੇ ਉਸ ਵਿੱਚ ਕੋਈ ਬਦਲਾਵ ਨਾ ਕੀਤਾ ਜਾਵੇ| ਰੇਲਵੇ ਨੂੰ ਦੇਖਣਾ ਚਾਹੀਦਾ ਹੈ ਕਿ ਇਸ ਨਿਰਦੇਸ਼ ਨੂੰ ਰਾਸ਼ਟਰੀ ਪੱਧਰ ਤੇ ਲਾਗੂ ਕਰਨ ਵਿੱਚ ਕੀ ਦਿੱਕਤਾਂ ਹਨ ਅਤੇ ਕੀ ਇਹ ਇੰਨੀਆਂ ਵੱਡੀਆਂ ਹਨ ਕਿ ਇਨ੍ਹਾਂ ਨੂੰ ਦੂਰ ਕੀਤਾ ਹੀ ਨਹੀਂ ਜਾ ਸਕਦਾ|
ਜੋਗਿੰਦਰ ਸਿੰਘ

Leave a Reply

Your email address will not be published. Required fields are marked *