ਰੇਹੜੀਆਂ ਤੇ ਵਿਕਦੇ ਖਾਣ ਪੀਣ ਦੇ ਖੁੱਲੇ ਸਾਮਾਨ ਦੀ ਗੁਣਵਤਾ ਜਾਂਚ ਦ ਲੋੜੀਂਦੇ ਪ੍ਰਬੰਧ ਕਰੇ ਪ੍ਰਸ਼ਾਸ਼ਨ

ਦੇਸ਼ ਦੇ ਹੋਰਨਾਂ ਸ਼ਹਿਰਾਂ ਅਤੇ ਕਸਬਿਆਂ ਵਾਂਗ ਸਾਡੇ ਸ਼ਹਿਰ ਵਿੱਚ ਵੀ ਥਾਂ ਥਾਂ ਤੇ ਖਾਣ ਪੀਣ ਦਾ ਵੱਖੋਂ ਵੱਖਰਾ ਸਾਮਾਨ ਵੇਚਣ ਵਾਲੀਆਂ ਅਜਿਹੀਆਂ ਰੇਹੜੀਆਂ ਆਮ ਲੱਗਦੀਆਂ ਹਨ ਜਿਹਨਾਂ ਵਲੋਂ ਖੁਲ੍ਹੀ ਹਵਾ ਵਿੱਚ ਲੋਕਾਂ ਨੂੰ ਖਾਣ ਪੀਣ ਦਾ ਹਰ ਤਰ੍ਹਾਂ ਦਾ ਸਾਮਾਨ ਵੇਚਿਆ ਜਾਂਦਾ ਹੈ| ਸ਼ਹਿਰ ਦੀਆਂ ਸੜਕਾਂ ਕਿਨਾਰੇ, ਮਾਰਕੀਟਾਂ ਦੀਆਂ ਪਾਰਕਿੰਗਾਂ ਦੇ ਕੋਨਿਆਂ ਜਾਂ ਗ੍ਰੀਨ ਬੈਲਟਾਂ ਵਿੱਚ ਅਜਿਹੀਆਂ ਰੇਹੜੀਆਂ ਆਮ ਨਜਰ ਆ ਜਾਂਦੀਆਂ ਹਨ ਜਿਹਨਾਂ ਉੱਪਰ ਪਾਵ-ਭਾਜੀ, ਛੋਲੇ-ਭਟੂਰੇ, ਕੁਲਚੇ-ਛੋਲੇ, ਕੜ੍ਹੀ-ਚਾਵਲ, ਰੋਟੀ-ਸਬਜੀ, ਮੂਮੋ, ਸੂਪ, ਖਰੌੜੇ, ਅੰਡੇ, ਮਛਲੀ ਅਤੇ ਅਜਿਹਾ ਹੋਰ ਪਤਾ ਨਹੀਂ ਕਿੰਨੀ ਤਰ੍ਹਾਂ ਦਾ ਇਹ ਸਾਮਾਨ ਇਸੇ ਤਰ੍ਹਾਂ ਖੁਲ੍ਹੇ ਆਮ ਵੇਚਿਆ ਜਾਂਦਾ ਹੈ| ਸ਼ਹਿਰ ਵਿੱਚ ਖੁਲ੍ਹੇਆਮ ਵਿਕਣ ਵਾਲਾ ਇਹ ਸਾਮਾਨ ਮਾਰਕੀਟਾਂ ਵਿਚਲੀਆਂ ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਹੋਰਨਾਂ ਦੁਕਾਨਾਂ ਦੇ ਮੁਕਾਬਲੇ ਕਾਫੀ ਸਸਤਾ ਹੁੰਦਾ ਹੈ ਅਤੇ ਇਹਨਾਂ ਰੇਹੜੀਆਂ ਤੇ ਖਾਣ ਪੀਣ ਦਾ ਸਾਮਾਨ ਲੈਣ ਵਾਲਿਆਂ ਦੀ ਹਰ ਵੇਲੇ ਭੀੜ ਲੱਗੀ ਰਹਿੰਦੀ ਹੈ|
ਇਹਨਾਂ ਰੇਹੜੀਆਂ ਤੇ ਵਿਕਣ ਵਾਲੇ ਖਾਣ ਪੀਣ ਦੇ ਇਸ ਸਾਮਾਨ ਦੀ ਗੁਣਵਤਾ ਜਾਂਚ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇਸ ਸਾਮਾਨ ਦੀ ਗੁਣਵਤਾ ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ ਅਤੇ ਡਾਕਟਰਾਂ ਵਲੋਂ ਅਜਿਹੀਆਂ ਰੇਹੜੀਆਂ ਤੇ ਵਿਕਣ ਵਾਲੇ ਖਾਣ ਪੀਣ ਦੇ ਸਾਮਾਨ ਨੂੰ ਮਨੁੱਖੀ ਸਿਹਤ ਲਈ ਨੁਕਸਾਨਦੇਹ ਦੱਸਦਿਆਂ ਅਕਸਰ ਮਰੀਜਾਂ ਨੂੰ ਅਜਿਹਾ ਸਾਮਾਨ ਨਾ ਖਾਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ| ਇਸਦਾ ਇੱਕ ਵੱਡਾ ਕਾਰਨ ਇਹਨਾਂ ਰੇਹੜੀਆਂ ਤੇ ਸਾਫ ਸਫਾਈ ਦੇ ਲੋੜੀਂਦੇ ਪ੍ਰਬੰਧਾਂ ਦਾ ਨਾ ਹੋਣਾ ਹੀ ਹੈ| ਇਹਨਾਂ ਰੇਹੜੀਆਂ ਦੇ ਆਸ ਪਾਸ ਵੀ ਅਕਸਰ ਗੰਦਗੀ ਖਿੱਲਰੀ ਰਹਿੰਦੀ ਹੈ ਪਰੰਤੂ ਇਸ ਸਾਰੇ ਕੁੱਝ ਤੋਂ ਇਹ ਰੇਹੜੀਆਂ ਵਾਲੇ ਪੂਰੀ ਤਰ੍ਹਾਂ ਬੇਪਰਵਾਹ ਦਿਖਦੇ ਹਨ|
ਇਹਨਾਂ ਰੇਹੜੀਆਂ ਤੇ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਲੋਕਾਂ (ਜਿਹਨਾਂ ਵਿੱਚੋਂ ਜਿਆਦਾਤਰ ਪ੍ਰਵਾਸੀ ਹਨ) ਵਲੋਂ ਆਮ ਤੌਰ ਤੇ ਆਪਣੇ ਘਰਾਂ ਵਿੱਚ ਹੀ ਸਾਮਾਨ ਤਿਆਰ ਕਰਕੇ ਅਤੇ ਬਾਅਦ ਵਿੱਚ ਰੇਹੜੀਆਂ ਤੇ ਲਿਆ ਕੇ ਵੇਚਿਆ ਜਾਂਦਾ ਹੈ| ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਇਹਨਾਂ ਰੇਹੜੀਆਂ ਤੋਂ ਸਸਤਾ ਮਾਲ ਲੈ ਕੇ ਖਾਣ ਪੀਣ ਵਾਲਿਆਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਕਿ ਜਿਹੜਾ ਸਾਮਾਨ ਉਹ ਖਾ ਰਹੇ ਹਨ ਉਸਦੀ ਗੁਣਵਤਾ ਦਾ ਪੱਧਰ ਕੀ ਹੈ ਅਤੇ ਉਸਨੂੰ ਕਿਹੋ ਜਿਹੀ ਥਾਂ ਤੇ ਪਕਾ ਕੇ ਲਿਆਂਦਾ ਗਿਆ ਹੈ| ਬਸ ਸਸਤੇ ਸਾਮਾਨ ਦੀ ਚਾਹਤ ਵਿੱਚ ਉਹ ਖੁਦ ਦੀ ਸਿਹਤ ਨੂੰ ਨੁਕਸਾਨ ਤਕ ਪਹੁੰਚਾਉਣ ਵਾਲਾ ਇਹ ਸਾਮਾਨ ਖਰੀਦ ਕੇ ਖਾਂਦੇ ਰਹਿੰਦੇ ਹਨ|
ਸਥਾਨਕ ਪ੍ਰਸ਼ਾਸ਼ਨ ਵਲੋਂ ਵੀ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਇਸ ਤਰ੍ਹਾਂ ਖੁਲ੍ਹੇਆਮ ਵਿਕਣ ਵਾਲਾ ਇਹ ਸਾਮਾਨ ਆਮ ਲੋਕਾਂ ਦੀ ਸਿਹਤ ਲਈ ਕਿਸ ਕਦਰ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ| ਚਾਹੀਦਾ ਤਾਂ ਇਹ ਹੈ ਕਿ ਸ਼ਹਿਰ ਵਿੱਚ ਵੇਚੇ ਜਾਣ ਵਾਲੇ ਅਜਿਹੇ ਹਰ ਤਰ੍ਹਾਂ ਦੇ ਖਾਣ ਪੀਣ ਦੇ ਸਾਮਾਨ ਦੀ ਜਾਂਚ ਦਾ ਪੂਰਾ ਪ੍ਰਬੰਧ ਹੋਵੇ ਅਤੇ ਇਸਦੇ ਨਾਲ ਨਾਲ ਇਸ ਗੱਲ ਦੀ ਜਾਂਚ ਦਾ ਵੀ ਮੁਕੰਮਲ ਪ੍ਰਬੰਧ ਹੋਵੇ ਕਿ ਜਿਹਨਾਂ ਥਾਵਾਂ ਤੇ ਇਹ ਸਾਮਾਨ ਤਿਆਰ ਕੀਤਾ ਜਾਂਦਾ ਹੈ ਉਹਨਾਂ ਥਾਵਾਂ ਤੇ ਸਾਫ ਸਫਾਈ ਦੀ ਹਾਲਤ ਸੰਤੋਸ਼ਜਨਕ ਹੋਵੇ, ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ|
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਤਰੀਕੇ ਨਾਲ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਲੋੜੀਂਦੇ ਕਦਮ ਚੁੱਕੇ ਅਤੇ ਇਹਨਾਂ ਰੇਹੜੀਆਂ ਤੇ ਵਿਕਣ ਵਾਲੇ ਖਾਣ ਪੀਣ ਦੇ ਸਾਮਾਨ ਦੇ ਮਿਆਰ ਦੀ ਜਾਂਚ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ| ਇਸ ਸੰਬੰਧੀ ਸਿਹਤ ਵਿਭਾਗ ਵਲੋਂ ਸ਼ਹਿਰ ਵਿੱਚ ਵਿਕਣ ਵਾਲੇ ਖਾਣ ਪੀਣ ਦੇ ਹਰ ਤਰ੍ਹਾਂ ਦੇ ਸਾਮਾਨ ਦੀ ਮੁਕੰਮਲ ਜਾਂਚ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਹੁੰਦੇ ਖਿਲਵਾੜ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਊਣ ਤਾਂ ਜੋ ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਨੂੰ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *