ਰੇਹੜੀਆਂ ਫੜੀਆਂ ਕਾਰਨ ਦੁਕਾਨਦਾਰਾਂ ਨੂੰ ਕਰਨਾ ਪੈਂਦਾ ਹੈ ਮੰਦੀ ਦਾ ਸਾਹਮਣਾ
ਐਸ ਏ ਐਸ ਨਗਰ, 4 ਦਸੰਬਰ (ਸ.ਬ.) ਕੋਰੋਨਾ ਮਹਾਂਮਾਰੀ ਦੌਰਾਨ ਪਹਿਲਾਂ ਤੋਂ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਦੁਕਾਨਦਾਰਾਂ ਲਈ ਵੱਖ ਵੱਖ ਮਾਰਕੀਟਾਂ ਵਿੱਚ ਲੱਗਦੀਆਂ ਨਜਾਇਜ ਲੱਗਦੀਆਂ ਰੇਹੜੀਆਂ ਫੜੀਆਂ ਵੀ ਵੱਡੀ ਸਮੱਸਿਆ ਬਣੀਆਂ ਹੋਈਆਂ ਹਨ| ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਵੱਖ ਵੱਖ ਥਾਵਾਂ ਤੇ ਨਾਜਾਇਜ ਰੇਹੜੀਆਂ ਫੜੀਆਂ ਸਾਰਾ ਦਿਨ ਦਿਖਾਈ ਦਿੰਦੀਆਂ ਹਨ ਅਤੇ ਸ਼ਾਮ ਵੇਲੇ ਇਹਨਾਂ ਰੇਹੜੀਆਂ ਫੜੀਆਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋ ਜਾਂਦਾ ਹੈ, ਕਿਉਂਕਿ ਉਸ ਸਮੇਂ ਅੰਡੇ, ਆਮਲੇਟ, ਮੀਟ ਮੁਰਗਾ ਵੇਚਣ ਵਾਲੀਆਂ ਰੇਹੜੀਆਂ ਫੜੀਆਂ ਵੀ ਲੱਗ ਜਾਂਦੀਆਂ ਹਨ|
ਹਾਲਾਂਕਿ ਕੁਝ ਮਾਰਕੀਟਾਂ ਵਿੱਚ ਦੁਕਾਨਦਾਰਾਂ ਵਲੋਂ ਇਹਨਾਂ ਰੇਹੜੀਆਂ ਫੜੀਆਂ ਦਾ ਵਿਰੋਧ ਕਰਦਿਆਂ ਰੇਹੜੀਆਂ ਫੜੀਆਂ ਨੂੰ ਚੁਕਵਾਇਆ ਵੀ ਗਿਆ ਹੈ, ਪਰ ਫਿਰ ਵੀ ਵੱਖ ਵੱਖ ਮਾਰਕੀਟਾਂ ਵਿੱਚ ਅਨੇਕਾਂ ਰੇਹੜੀਆਂ ਫੜੀਆਂ ਲੱਗ ਰਹੀਆਂ ਹਨ, ਜਿਹਨਾਂ ਉਪਰ, ਕਪੜੇ, ਜੁੱਤੀਆਂ, ਖਿਡੌਨੇ ਅਤੇ ਮੇਕਅਪ ਦੇ ਸਮਾਨਾਂ ਦੇ ਨਾਲ ਨਾਲ ਖਾਣ ਪੀਣ ਦਾ ਸਮਾਨ ਅਤੇ ਹੋਰ ਕਈ ਤਰ੍ਹਾਂ ਦਾ ਸਮਾਨ ਵੇਚਿਆ ਜਾਂਦਾ ਹੈ|
ਇਹਨਾਂ ਰੇਹੜੀਆਂ ਫੜੀਆਂ ਉਪਰ ਵਿਕਣ ਵਾਲਾ ਸਾਮਾਨ ਸ਼ੋਰੂਮਾਂ ਦੇ ਮੁਕਾਬਲੇ ਸਸਤਾ ਹੋਣ ਕਾਰਨ ਆਮ ਲੋਕ ਇਹਨਾਂ ਰੇਹੜੀਆਂ ਫੜੀਆਂ ਤੋਂ ਸਮਾਨ ਖਰੀਦਦੇ ਰਹਿੰਦੇ ਹਨ ਅਤੇ ਵੱਖ ਵੱਖ ਤਰਾਂ ਦਾ ਸਮਾਨ ਵੇਚਣ ਵਾਲੀਆਂ ਰੇਹੜੀਆ ਫੜੀਆਂ ਵਾਲਿਆਂ ਕੋਲ ਗਾਹਕਾਂ ਦੀ ਭੀੜ ਦਿਖਦੀ ਹੈ, ਜਦੋਂਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਵਿੱਚ ਵਿਹਲੇ ਬੈਠੇ ਹੁੰਦੇ ਹਨ|
ਅੱਜ ਕਲ ਵੱਖ ਵੱਖ ਥਾਂਵਾਂ ਤੇ ਗਰਮ ਕਪੜਿਆਂ ਦੀਆਂ ਰੇਹੜੀਆਂ ਫੜੀਆਂ ਦੀ ਭਰਮਾਰ ਹੈ| ਇਹ ਫੜੀਆਂ ਵਾਲੇ ਆਪਣਾ ਸਾਮਾਨ ਗੱਡੀਆਂ ਵਿੱਚ ਬੋਰੀਆਂ ਭਰ ਕੇ ਲਿਆਉਂਦੇ ਹਨ ਅਤੇ ਕਿਸੇ ਵੀ ਮਾਰਕੀਟ ਵਿੱਚ ਖਾਲੀ ਥਾਂ ਵੇਖ ਕੇ ਆਲੇ ਦੁਆਲੇ ਹੈਂਗਰ ਟੰਗ ਕੇ ਉਹਨਾਂ ਉਪਰ ਕਪੜੇ ਟੰਗ ਕੇ ਆਪਣਾ ਸਾਮਾਨ ਵੇਚਣਾ ਸ਼ੁਰੂ ਕਰ ਦਿੰਦੇ ਹਨ| ਇਸ ਕਾਰਨ ਮਾਰਕੀਟਾਂ ਵਿੱਚ ਆਮ ਲੋਕਾਂ ਲਈ ਆਉਣ ਜਾਣ ਵਾਲਾ ਰਸਤਾ ਬੰਦ ਹੋ ਜਾਂਦਾ ਹੈ ਜਾਂ ਘੱਟ ਜਾਂਦਾ ਹੈ|
ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਅਤੇ ਦੁਕਾਨਦਾਰਾਂ ਵਿਚਾਲੇ ਬਹਿਸ ਅਤੇ ਲੜਾਈ ਝਗੜਾ ਵੀ ਹੁੰਦਾ ਹੈ ਅਤੇ ਕਈ ਥਾਵਾਂ ਤੇ ਇਹ ਫੜੀਆਂ ਵਾਲੇ ਬਦਮਾਸ਼ੀ ਵਿਖਾ ਕੇ ਕਿਸੇ ਰਸੂਖਦਾਰ ਵਿਅਕਤੀ ਦੀ ਸਿਫਾਰਿਸ਼ ਨਾਲ ਆਪਣੀਆਂ ਫੜੀਆਂ ਲਗਾ ਲੈਂਦੇ ਹਨ ਅਤੇ ਇੱਕ ਵਾਰ ਜਿੱਥੇ ਇਹਨਾਂ ਦਾ ਕੰਮ ਚਲ ਜਾਂਦਾ ਹੈ ਉੱਥੇ ਇਹਨਾਂ ਦਾ ਪੱਕਾ ਕਬਜਾ ਹੋ ਜਾਂਦਾ ਹੈ|
ਇਸਤੋਂ ਇਲਾਵਾ ਅੰਡੇ, ਮੀਟ ਮੁਰਗੇ, ਬਰਗਰ, ਨਿਊਟਰੀ ਕੁਲਚਾ ਵੇਚਣ ਵਾਲਿਆਂ ਨੇ ਵੀ ਵੱਖ ਵੱਖ ਥਾਵਾਂ ਤੇ ਆਪਣੇ ਪੱਕੇ ਅੱਡੇ ਬਣਾ ਕੇ ਨਾਜਾਇਜ ਕਬਜੇ ਕੀਤੇ ਹੋਏ ਹਨ| ਜਦੋਂ ਵੀ ਨਗਰ ਨਿਗਮ ਦੀ ਨਾਜਾਇਜ ਕਬਜੇ ਹਟਾਉਣ ਵਾਲੀ ਟੀਮ ਆਉਂਦੀ ਹੈ ਇਹ ਰੇਹੜੀਆਂ ਫੜੀਆਂ ਵਾਲੇ ਤੁਰੰਤ ਆਪਣੇ ਤਾਮ ਝਾਮ ਸਮੇਤ ਗਾਇਬ ਹੋ ਜਾਂਦੇ ਹਨ ਅਤੇ ਨਿਗਮ ਟੀਮ ਦੇ ਜਾਣ ਤੋਂ ਬਾਅਦ ਮੁੜ ਪਹਿਲਾਂ ਵਾਂਗ ਰੇਹੜੀਆਂ ਫੜੀਆਂ ਲੱਗ ਜਾਂਦੀਆਂ ਹਨ|
ਇਸ ਦੌਰਾਨ ਇਹ ਸ਼ਿਕਾਇਤ ਵੀ ਮਿਲਦੀ ਹੈ ਕਿ ਕੁੱਝ ਦੁਕਾਨਦਾਰ ਖੁਦ ਹੀ ਪੈਸੇ ਲੈ ਕੇ ਆਪਣੀਆਂ ਦੁਕਾਨਾਂ ਸਾਮ੍ਹਣੇ ਫੜੀ ਵਾਲਿਆਂ ਨੂੰ ਬਿਠਾ ਦਿੰਦੇ ਹਨ ਅਤੇ ਫਿਰ ਜਦੋਂ ਇਹ ਫੜੀ ਵਾਲੇ ਪੱਕੇ ਹੋ ਜਾਂਦੇ ਹਨ ਅਤੇ ਉਹਨਾਂ ਦਾ ਕੰਮ ਚਲ ਜਾਂਦਾ ਹੈ ਤਾਂ ਉਹਨਾਂ ਦਾ ਦੁਕਾਨਦਾਰ ਨਾਲ ਝਗੜਾ ਹੋ ਜਾਂਦਾ ਹੈ ਅਤੇ ਇਹ ਕੰਮ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ| ਇਸ ਮਾਮਲੇ ਵਿੱਚ ਸਿਆਸੀ ਦਬਾਓ ਵੀ ਚਲਦਾ ਹੈ ਅਤੇ| ਕਈ ਫੜੀਆਂ ਵਾਲੇ ਕਿਸੇ ਨਾ ਕਿਸੇ ਸਿਆਸੀ ਆਗੂ ਦੀ ਸ਼ਹਿ ਤੇ ਹੀ ਆਪਣਾਂ ਕੰਮ ਚਲਾਉਂਦੇ ਰਹਿੰਦੇ ਹਨ|
ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਕਹਿੰਦੇ ਹਨ ਕਿ ਇਹਨਾਂ ਫੜੀਆਂ ਵਾਲਿਆਂ ਨੂੰ ਹਟਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ| ਉਹਨਾਂ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਕਾਰਨ ਵਪਾਰੀਆਂ ਨੁੰ ਹੋਣ ਵਾਲੇ ਨੁਕਸਾਨ ਨੂੰ ਕਾਬੂ ਕੀਤਾ ਜਾ ਸਕੇ|