ਰੇਹੜੀਆਂ ਫੜੀਆਂ ਲਈ ਵੈਂਡਿੰਗ ਜੋਨ ਮਾਰਕੀਟਾਂ ਤੋਂ ਦੂਰ ਬਣਾਏ ਜਾਣ : ਜੇ ਪੀ

ਐਸ ਏ ਐਸ ਨਗਰ,13 ਅਪ੍ਰੈਲ (ਸ.ਬ.) ਮਾਰਕੀਟ ਐਸੋਸੀਏਸ਼ਨ ਫੇਜ਼ 3ਬੀ2 ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਨਗਰ ਨਿਗਮ ਦੇ ਮੇਅਰ ਤੋਂ ਮੰਗ ਕੀਤੀ ਹੈ ਕਿ ਨਗਰ ਨਿਗਮ ਵਲੋਂ ਬਣਾਏ ਜਾ ਰਹੇ  ਵੈਂਡਿੰਗ ਜੋਨ ਸ਼ਹਿਰ ਦੀਆਂ ਮਾਰਕੀਟਾਂ ਤੋਂ ਦੂਰ ਬਣਾਏ ਜਾਣ| ਅੱਜ ਇਕ ਬਿਆਨ ਵਿੱਚ ਸ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਨਗਰ ਨਿਗਮ ਵਲੋਂ ਵੈਂਡਿੰਗ ਜੋਨ  ਬਨਾਉਣ ਦਾ ਕੰਮ ਸ਼ਲਾਘਾਯੋਗ ਹੈ ਪਰ ਇਹ ਵੈਂਡਿੰਗ ਜੋਨ ਸਹਿਰ ਦੀਆਂ ਮਾਰਕੀਟਾਂ ਤੋਂ ਦੂਰ ਬਣਾਏ ਜਾਣੇ ਚਾਹੀਦੇ ਹਨ| ਉਹਨਾਂ ਕਿਹਾ ਕਿ ਮੁਹਾਲੀ  ਦੀਆਂ ਵੱਖ ਵੱਖ ਮਾਰਕੀਟਾਂ ਵਿਚ ਦੁਕਾਨਦਾਰਾਂ ਨੇ ਮਹਿੰਗੇ ਭਾਅ ਸ਼ੋਅਰੂਮ ਅਤੇ ਦੁਕਾਨਾਂ ਕਿਰਾਏ ਉਪਰ ਲਈਆਂ ਹੋਈਆਂ ਹਨ, ਜਿਨ੍ਹਾਂ ਦੇ ਹੋਰ ਖਰਚੇ ਵੀ ਬਹੁਤ ਹਨ| ਇਸ ਤੋਂ ਇਲਾਵਾ ਇਹ ਦੁਕਾਨਦਾਰ ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ ਵੀ ਅਦਾ ਕਰਦੇ ਹਨ| ਉਹਨਾਂ ਕਿਹਾ ਕਿ ਨੋਟਬੰਦੀ ਕਾਰਨ ਪਹਿਲਾਂ ਹੀ ਹਰ ਤਰ੍ਹਾਂ ਦਾ ਕਾਰੋਬਾਰ ਮੰਦੀ ਦੀ ਮਾਰ ਹੇਠ ਹੈ ਅਤੇ ਹਰ ਦੁਕਾਨਦਾਰ ਦਾ ਕੰਮ ਹੀ ਇਸ ਸਮੇਂ ਸਹੀ ਤਰੀਕੇ ਨਾਲ ਨਹੀਂ ਚਲ ਰਿਹਾ, ਜਿਸ ਕਰਕੇ ਦੁਕਾਨਦਾਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|  ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਕਿਰਾਏ ਅਤੇ ਹੋਰ ਖਰਚਿਆਂ ਤੋਂ ਇਲਾਵਾ ਦੁਕਾਨਾਂ ਅਤੇ ਸ਼ੋਅਰੂਮਾਂ ਉਪਰ ਲੱਗੇ ਮੁਲਾਜਮਾਂ ਦੀਆਂ ਤਨਖਾਹਾਂ ਵੀ ਦੇਣੀਆਂ ਹੁੰਦੀਆਂ ਹਨ|  ਉਹਨਾਂ ਕਿਹਾ ਕਿ ਜੇ ਹੁਣ ਨਗਰ ਨਿਗਮ ਨੇ ਵੈਂਡਿੰਗ ਜੋਨ ਬਣਾ ਕੇ ਮਾਰਕੀਟਾਂ ਵਿੱਚ ਰੇਹੜੀਆਂ ਫੜੀਆਂ ਲਗਵਾ ਦਿਤੀਆਂ ਤਾਂ ਇਹਨਾਂ ਦੁਕਾਨਦਾਰਾਂ ਦਾ ਕੰਮ ਬਿਲਕੁਲ ਹੀ ਠੱਪ ਹੋ ਜਾਵੇਗਾ|
ਉਹਨਾਂ ਮੰਗ ਕੀਤੀ ਕਿ ਰੇਹੜੀਆਂ ਫੜੀਆਂ ਲਗਾਉਣ ਲਈ ਵੈਂਡਿੰਗ ਜੋਨ ਸ਼ਹਿਰ ਦੀਆਂ ਮਾਰਕੀਟਾਂ ਵਿਚ ਬਣਾਉਣ ਦੀ ਥਾਂ ਮਾਰਕੀਟਾਂ ਤੋਂ ਦੂਰ ਬਣਾਏ ਜਾਣ|

Leave a Reply

Your email address will not be published. Required fields are marked *