ਰੇਹੜੀਆਂ-ਫੜੀਆਂ ਵਾਲਿਆਂ ਦੀ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ

ਨਿਗਮ ਦੇ ਅਸਿਸਟੈਂਟ ਕਮਿਸ਼ਨਰ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਤਹਿਬਾਜਾਰੀ ਵਿਭਾਗ ਵਲੋਂ ਕੀਤੀ ਜਾਵੇਗੀ ਕਾਰਵਾਈ
ਐਸ ਏ ਐਸ ਨਗਰ, 24 ਫਰਵਰੀ (ਸ.ਬ.) ਨਗਰ ਨਿਗਮ ਵਲੋਂ ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਸੰਬੰਧੀ ਇੱਕ ਨਿੱਜੀ ਕੰਪਨੀ ਤੋਂ ਤਿਆਰ ਕੀਤੀ ਗਈ ਸਰਵੇ ਰਿਪੋਰਟ ਦੀ ਹੁਣ ਨਿਗਮ ਦੇ ਅਧਿਕਾਰੀਆਂ ਵਲੋਂ ਮੌਕੇ ਤੇ ਜਾ ਕੇ ਜਾਂਚ ਕੀਤੀ ਜਾਵੇਗੀ ਤਾਂ ਜੋ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਰੈਗੁਲਰਾਈਜ ਕਰਕੇ ਉਹਨਾਂ ਨੂੰ ਬਦਲਵੀਆਂ ਥਾਵਾਂ ਅਲਾਟ ਕਰਨ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਮੁਕੰਮਲ ਕੀਤੀ ਜਾ ਸਕੇ| ਇਸ ਸੰਬੰਧੀ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਸ੍ਰੀ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਨਿਗਮ ਦੇ ਤਹਿਬਾਜਾਰੀ ਵਿਭਾਗ ਵਲੋਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦੀ ਮੌਕੇ ਤੇ ਜਾ ਕੇ ਜਾਂਚ ਕੀਤੀ ਜਾਵੇਗੀ ਅਤੇ ਜਿਹੜੇ ਵਿਅਕਤੀ ਵਾਕਈ ਰੇਹੜੀਆਂ ਫੜੀਆਂ ਲਗਾਉਂਦੇ ਹਨ ਉਹਨਾਂ ਦੇ ਨਾਮ ਸਰਵੇ ਵਿੱਚ ਰੱਖ ਕੇ ਉਹਨਾਂ ਨੂੰ ਥਾਂ ਦੇਣ ਸੰਬੰਧੀ ਅਗਲੇਰੀ ਕਾਰਵਾਈ ਕੀਤੀ           ਜਾਵੇਗੀ|
ਇੱਥੇ ਇਹ ਜਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਪਿਛਲੇ ਹਫਤੇ ਸ਼ਹਿਰ ਦੇ ਕੌਂਸਲਰਾਂ ਨੂੰ ਸ਼ਹਿਰ ਵਿੱਚ ਲੱਗਦੀਆਂ          ਰੇਹੜੀਆਂ ਫੜੀਆਂ ਦੀਆਂ ਵਾਰਡ ਵਾਈਜ਼ ਸੂਚੀਆਂ ਤਿਆਰ ਕਰਕੇ ਇਸ ਸੰਬੰਧੀ ਆਪਣੇ ਇਤਰਾਜ ਦੇਣ ਲਈ ਕਿਹਾ ਸੀ ਜਿਸਤੇ ਜਿਆਦਾਤਰ ਕੌਂਸਲਰਾਂ ਨੇ ਨਿਗਮ ਨੂੰ ਲਿਖ ਕੇ ਦਿੱਤਾ ਸੀ ਕਿ ਇਹਨਾਂ ਰੇਹੜੀਆਂ ਫੜੀਆਂ ਦੀ ਫਿਜੀਕਲ ਵੈਰੀਫਿਕੇਸ਼ਨ ਦਾ ਕੰਮ ਨਗਰ ਨਿਗਮ ਦੇ ਕਰਮਚਾਰੀਆਂ ਤੋਂ ਕਰਵਾਇਆ ਜਾਵੇ ਅਤੇ ਕੌਂਸਲਰਾਂ ਦੇ ਸੁਝਾਅ ਤੇ ਅਮਲ ਕਰਦਿਆਂ ਨਗਰ ਨਿਗਮ ਵਲੋਂ ਹੁਣ ਅਸਿਸਟੈਂਟ ਕਮਿਸ਼ਨਰ ਦੀ ਅਗਵਾਈ ਵਿੱਚ ਇਹਨਾਂ ਰੇਹੜੀਆਂ ਫੜੀਆਂ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ|
ਇੱਥੇ ਇਹ ਜਿਕਰਯੋਗ ਹੈ ਕਿ ਇਹਨਾਂ ਰੇਹੜੀਆਂ ਫੜੀਆਂ ਦਾ ਸਰਵੇ ਕਰਨ ਵਾਲੀ ਨਿੱਜੀ ਕੰਪਨੀ ਵਲੋਂ ਕੀਤੇ ਸਰਵੇ ਵਿੱਚ ਪਹਿਲਾਂ ਸ਼ਹਿਰ ਵਿੱਚ 2600 ਦੇ ਕਰੀਬ ਰੇਹੜੀਆਂ ਫੜੀਆਂ ਲੱਗਦੀਆਂ ਹੋਣ ਦੀ ਗੱਲ ਆਖੀ ਗਈ ਸੀ ਅਤੇ ਇਹ ਰਿਪੋਰਟ ਜਦੋਂ ਨਗਰ ਨਿਗਮ ਦੀ ਟਾਊਨ ਵੈਂਡਿੰਗ ਕਮੇਟੀ ਦੀ ਮੀਟਿੰਗ ਵਿੱਚ ਪੇਸ਼ ਕੀਤੀ ਗਈ ਤਾਂ  ਕਮੇਟੀ ਦੇ ਮੈਂਬਰਾਂ ਨੇ ਇੰਨੀ ਵੱਡੀ ਗਿਣਤੀ ਵਿੱਚ ਰੇਹੜੀਆਂ ਲੱਗਦੀਆਂ ਹੋਣ ਸੰਬੰਧੀ ਰਿਪੋਰਟ ਨੂੰ ਸਿਰੇ ਤੋਂ ਨਕਾਰਦਿਆਂ ਨਵੇਂ ਸਿਰੇ ਤੋਂ ਸਰਵੇ ਕਰਵਾਉਣ ਲਈ ਕਿਹਾ ਸੀ| ਉਸ ਵੇਲੇ ਮੀਟਿੰਗ ਵਿੱਚ ਇਹ ਗੱਲ ਆਖੀ ਗਈ ਸੀ ਕਿ ਕੁੱਝ ਸਮਾਂ ਪਹਿਲਾਂ ਨਗਰ ਨਿਗਮ ਵਲੋਂ ਆਪਣੇ ਪੱਧਰ ਤੇ ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦੀ ਗਿਣਤੀ 800 ਦੇ ਕਰੀਬ ਦੱਸੀ ਸੀ ਅਤੇ ਇਹ ਇੰਨੀ ਛੇਤੀ ਵੱਧ ਕੇ 2600         ਕਿਵੇਂ ਹੋ ਗਈ| ਬਾਅਦ ਵਿੱਚ  ਇਸ ਕੰਪਨੀ ਵਲੋਂ ਇਸ ਸਰਵੇ ਦੀ ਸੋਧੀ ਹੋਈ ਰਿਪੋਰਟ ਪੇਸ਼ ਕੀਤੀ ਗਈ ਤਾਂ ਇਹ ਗਿਣਤੀ ਘਟ ਕੇ 1700 ਦੇ ਕਰੀਬ ਰਹਿ ਗਈ ਸੀ ਜਿਸਦੀ ਹੁਣ ਨਿਗਮ ਵਲੋਂ ਮੌਕੇ ਤੇ ਜਾ ਕੇ ਜਾਂਚ ਕੀਤੀ ਜਾਣੀ ਹੈ|ੇ
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਸ੍ਰ. ਸਰਬਜੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਿਗਮ ਵਲੋਂ ਹੁਣ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਦੀ ਫਿਜੀਕਲ ਵੈਰੀਫਿਕੇਸ਼ਨ ਕਰਵਾਈ ਜਾ ਰਹੀ ਹੈ| ਉਹਨਾਂ ਕਿਹਾ ਕਿ ਉਹਨਾਂ ਵਲੋਂ ਇਸ ਸੰਬੰਧੀ ਸ਼ਹਿਰ ਦੇ ਚੁਣੇ ਹੋਏ ਕੌਂਸਲਰਾਂ ਨੂੰ ਵੀ ਭਰੋਸੇ ਵਿੱਚ ਲਿਆ ਜਾਵੇਗਾ ਅਤੇ ਜੇਕਰ ਕੌਂਸਲਰ ਸਾਹਿਬਾਨ ਚਾਹੁਣ ਤਾਂ ਉਹ ਖੁਦ ਵੀ ਇਸ ਵੈਰੀਫਿਕੇਸ਼ਨ ਦੇ ਕੰਮ ਵੇਲੇ ਸ਼ਾਮਿਲ ਹੋ ਸਕਦੇ ਹਨ| ਉਹਨਾਂ ਕਿਹਾ ਕਿ ਨਿਗਮ ਵਲੋਂ ਇਹ ਕੰਮ ਇੱਕ ਹਫਤੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਅਤੇ ਉਸਤੋਂ ਬਾਅਦ ਇਸ ਸੰਬੰਧੀ ਰਿਪੋਰਟ ਬਣਾ ਕੇ ਅਧਿਕਾਰੀਆਂ ਨੂੰ ਸੌਂਪ ਦਿੱਤੀ            ਜਾਵੇਗੀ ਜਿਸਤੋਂ ਬਾਅਦ ਇਸ ਰਿਪੋਰਟ ਨੂੰ ਟਾਉਨ ਵੈਂਡਿੰਗ ਕਮੇਟੀ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਕਮੇਟੀ ਵਲੋਂ ਰਿਪੋਰਟ ਨੂੰ ਪਾਸ ਕਰਨ ਤੋਂ ਬਾਅਦ ਇਸਨੂੰ ਨਿਗਮ ਦੇ ਹਾਉਸ ਦੀ ਮੀਟਿੰਗ ਵਿੱਚ ਲਿਜਾਇਆ ਜਾਵੇਗਾ ਤਾਂ ਜੋ ਇਸ ਸੰਬੰਧੀ ਅਗਲੇਰੀ ਕਾਰਵਾਈ ਮੁਕੰਮਲ ਕੀਤੀ ਜਾ ਸਕੇ|

Leave a Reply

Your email address will not be published. Required fields are marked *