ਰੇਹੜੀਆਂ-ਫੜੀਆਂ ਵਾਲਿਆਂ ਨੂੰ ਨਵੇਂ ਸਿਰੇ ਤੋਂ ਥਾਂ ਦੇਣ ਦੀ ਕਵਾਇਦ ਨਗਰ ਨਿਗਮ ਨੇ ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ-ਫੜੀਆਂ ਦੀਆਂ ਸੂਚੀਆਂ ਕੌਂਸਲਰਾਂ ਨੂੰ ਭੇਜ ਕੇ ਇਤਰਾਜ ਮੰਗੇ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 16 ਫਰਵਰੀ

ਨਗਰ ਨਿਗਮ ਵਲੋਂ ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਰੈਗੁਲਰਾਈਜ ਕਰਕੇ ਉਹਨਾਂ ਨੂੰ ਬਦਲਵੀਆਂ ਥਾਵਾਂ ਅਲਾਟ ਕਰਨ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਇੱਕ ਨਿੱਜੀ ਕੰਪਨੀ ਤੋਂ ਸ਼ਹਿਰ ਵਿੱਚ ਲੱਗਦੀਆਂ  ਰੇਹੜੀਆਂ ਫੜੀਆਂ ਸੰਬੰਧੀ ਤਿਆਰ ਕੀਤੀ ਗਈ ਸਰਵੇ ਰਿਪੋਰਟ ਬਾਰੇ ਉਠ ਰਹੇ ਵਿਵਾਦਾਂ ਦੇ ਦਰਮਿਆਨ ਨਗਰ ਨਿਗਮ ਵਲੋਂ ਇਸ ਸੰਬੰਧੀ ਸ਼ਹਿਰ ਦੇ ਵੱਖ ਵੱਖ ਕੌਂਸਲਰਾਂ ਨੂੰ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦੀ ਫੇਜ਼ ਵਾਈਜ ਰਿਪੋਰਟ         ਭੇਜ ਕੇ ਇਸ ਸੰਬੰਧੀ ਉਹਨਾਂ ਨੂੰ ਆਪਣੇ ਦਾਅਵੇ ਅਤੇ ਇਤਰਾਜ ਦੇਣ ਲਈ ਕਿਹਾ ਗਿਆ ਹੈ| ਇਸ ਸੰਬੰਧੀ ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਵਿੱਚੋਂ ਕਈਆਂ ਵਲੋਂ ਨਗਰ ਨਿਗਮ ਨੂੰ ਇਹ ਲਿਖ ਕੇ ਭੇਜ ਦਿੱਤਾ ਗਿਆ ਹੈ ਕਿ ਇਸ ਸਰਵੇ ਰਿਪੋਰਟ ਦੇ ਆਧਾਰ ਤੇ ਕਾਰਵਾਈ ਕਰਨ ਦੀ ਥਾਂ ਨਗਰ ਨਿਗਮ ਵਲੋਂ ਆਪਣੇ ਪੱਧਰ ਤੇ ਇਸ ਸਰਵੇ ਰਿਪੋਰਟ ਵਿੱਚ ਦਰਜ ਦੁਕਾਨਦਾਰਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇ ਅਤੇ ਉਸਤੋਂ ਬਾਅਦ ਹੀ ਇਸ ਸੰਬੰਧੀ          ਅਗਲੇਰੀ ਕਾਰਵਾਈ ਕੀਤੀ ਜਾਵੇ|
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ ਵੱਖ                ਫੇਜ਼ਾਂ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦੀ ਗਿਣਤੀ ਅਤੇ ਇਹਨਾਂ  ਰੇਹੜੀਆਂ ਫੜੀਆਂ ਲਗਵਾਉਣ ਵਾਲਿਆਂ ਦੇ ਵੇਰਵੇ ਇਕੱਤਰ ਕਰਨ ਦਾ ਕੰਮ ਇੱਕ ਨਿੱਜੀ ਕੰਪਨੀ ਤੋਂ ਕਰਵਾਇਆ ਗਿਆ ਸੀ ਅਤੇ ਇਸ ਕੰਪਨੀ ਵਲੋਂ ਸ਼ਹਿਰ ਵਿੱਚ 2600 ਦੇ ਕਰੀਬ ਰੇਹੜੀਆਂ ਫੜੀਆਂ ਲੱਗਦੀਆਂ ਹੋਣ ਦੀ ਸਰਵੇਰਿਪੋਰਟ ਪੇਸ਼ ਕੀਤੀ ਗਈ ਸੀ| ਇਹ ਰਿਪੋਰਟ ਜਦੋਂ ਨਗਰ ਨਿਗਮ ਦੀ ਟਾਊਨ ਵੈਂਡਿੰਗ ਕਮੇਟੀ ਦੀ ਮੀਟਿੰਗ ਵਿੱਚ ਪੇਸ਼ ਕੀਤੀ ਗਈ ਤਾਂ ਕਮੇਟੀ ਦੇ ਮੈਂਬਰਾਂ ਨੇ ਇੰਨੀ ਵੱਡੀ ਗਿਣਤੀ ਵਿੱਚ ਰੇਹੜੀਆਂ ਲੱਗਦੀਆਂ ਹੋਣ ਸੰਬੰਧੀ ਰਿਪੋਰਟ ਨੂੰ ਸਿਰੇ ਤੋਂ ਨਕਾਰਦਿਆਂ ਨਵੇਂ ਸਿਰੇ ਤੋਂ ਸਰਵੇ ਕਰਵਾਉਣ ਲਈ ਕਿਹਾ| ਉਸ ਵੇਲੇ ਮੀਟਿੰਗ ਵਿੱਚ ਇਹ ਗੱਲ ਆਖੀ ਗਈ ਸੀ ਕਿ ਕੁੱਝ ਸਮਾਂ ਪਹਿਲਾਂ ਨਗਰ ਨਿਗਮ ਵਲੋਂ ਆਪਣੇ ਪੰਧਰ ਤੇ ਕਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦੀ ਗਿਣਤੀ 800 ਦੇ ਕਰੀਬ ਦੱਸੀ ਗਈ ਸੀ ਅਤੇ ਇਹ ਇੰਨੀ ਛੇਤੀ ਵੱਧ ਕੇ 2600 ਕਿਵੇਂ ਹੋ ਗਈ| ਬਾਅਦ ਵਿੱਚ  ਇਸ ਕੰਪਨੀ ਵਲੋਂ ਇਸ ਸਰਵੇ ਦੀ ਸੋਧੀ ਹੋਈ ਰਿਪੋਰਟ ਪੇਸ਼ ਕੀਤੀ ਗਈ ਜਿ ਵਿੱਚ ਇਹ ਗਿਣਤੀ ਘਟ ਕੇ 1700 ਦੇ ਕਰੀਬ ਰਹਿ ਗਈ|
ਹੁਣ ਨਗਰ ਨਿਗਮ ਵਲੋਂ ਇਹ ਸੋਧੀ ਹੋਈ ਸਰਵੇ ਰਿਪੋਰਟ ਨੂੰ ਨਵੇਂ ਸਿਰੇ ਤੋਂ ਤਿਆਰ ਕਰਵਾ ਕੇ ਕੌਂਸਲਰਾਂ ਨੂੰ          ਭੇਜਿਆ ਗਿਆ ਹੈ| ਨਗਰ ਨਿਗਮ ਵਲੋਂ ਕੌਸਲਰਾਂ ਨੂੰ ਭੇਜੀ ਗਈ ਇਸ ਤਾਜਾ ਸਰਵੇ ਰਿਪੋਰਟ ਵਿੱਚ ਵੱਖ ਵੱਖ ਫੇਜ਼ਾਂ ਦੇ ਹਿਸਾਬ ਨਾਲ ਰੇਹੜੀਆਂ ਫੜੀਆਂ ਦੀ ਗਿਣਤੀ ਦਰਸ਼ਾਈ ਗਈ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਇਹਨਾਂ ਵਿੱਚੋਂ ਕਿਹੜੇ ਵਿਅਕਤੀ ਰੇਹੜੀਆਂ ਤੇ ਕੀ ਸਾਮਾਨ ਵੇਚਦੇ ਹਨ| ਮਸਲਨ ਕਪੜੇ, ਸਟੇਸ਼ਨਰੀ, ਖਾਣ ਪੀਣ ਦਾ ਸਾਮਾਨ ਅਤੇ ਹੋਰ ਵੱਖ ਵੱਖ ਕੰਮ ਕਰਨ ਵਾਲੇ ਰੇਹੜੀਆਂ ਫੜੀਆਂ ਵਾਲਿਆਂ ਦੀਆਂ ਵੱਖਰੀਆਂ ਸੂਚੀਆਂ ਵੀ ਬਣਾ ਕੇ ਭੇਜੀਆਂ ਗਈਆਂ ਹਨ|
ਇਸ ਸੰਬਧੀ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ (ਜੋ ਟਾਉਨ ਵੈਂਡਿੰਗ              ਕਮੇਟੀ ਦੇ ਮੈਂਬਰ ਵੀ ਹਨ) ਨੇ ਦੱਸਿਆ ਕਿ ਉਹਨਾਂ ਵਲੋਂ ਕਮੇਟੀ ਦੀ ਮੀਟਿੰਗ ਵਿੱਚ ਇਹ ਸੁਝਾਅ ਦਿੱਤਾ ਗਿਆ ਸੀ ਕਿ ਇਸ ਸੰਬੰਧੀ ਕੌਂਸਲਰਾਂ ਨੂੰ ਭਰੋਸੇ ਵਿੱਚ ਲਿਆ ਜਾਵੇ ਤਾਂ ਜੋ ਬਾਅਦ ਵਿੱਚ ਨਿਗਮ ਦੀ ਮੀਟਿੰਗ ਵਿੱਚ ਇਸ ਰਿਪੋਰਟ ਬਾਰੇ ਕੋਈ ਬਲੋੜਾ ਵਾਵਦ ਨਾ ਹੋਵੇ|  ਉਹਨਾਂ ਕਿਹਾ ਕਿ ਇਹ ਸਰਵੇ ਰਿਪੋਰਟ (ਜਿਹੜੀ ਨਿੱਜੀ ਕੰਪਨੀ ਵਲੋਂ ਤਿਆਰ ਕੀਤੀ ਗਈ ਹੈ) ਵਿੱਚ ਹੁਣ ਵੀ ਵੱਡੇ ਪੱਧਰ ਤੇ ਖਾਮੀਆਂ ਹੋਣ ਦੀ ਸੰਭਾਵਨਾਂ ਹੈ ਅਤੇ ਉਹਨਾਂ ਨੇ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਸ ਸੂਚੀ ਨੂੰ ਨਿਗਮ ਦੇ ਤਹਿਬਾਜਾਰੀ ਵਿਭਾਗ ਦੇ ਸੁਪਰਡੈਂਟ ਦੀ ਨਿਗਰਾਨੀ ਵਿੱਚ ਵੈਰੀਫਾਈ ਕਰਵਾਉਣ ਅਤੇ ਵੈਰੀਫਾਈ ਕੀਤੀ ਰਿਪੋਰਟ ਨੂੰ ਟਾਉਨ ਵੈਂਡਿਗ ਕਮੇਟੀ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ|
ਨਗਰ ਨਿਗਮ ਦੇ ਡਿਪਟੀ ਮੇਅਰ  ਸ੍ਰੀ ਮਨਜੀਤ ਸਿੰਘ ਇਸ ਸੰਬੰਧੀ ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਨਿੱਜੀ ਕੰਪਨੀ ਵਲੋਂ ਬਣਾਈ ਗਈ ਇਹ ਪੂਰੀ ਰਿਪੋਰਟ ਹੀ ਸ਼ੱਕੀ ਹੈ| ਉਹਨਾਂ ਕਿਹਾ ਕਿ ਇਸ ਕੰਪਨੀ ਵਲੋਂ ਪਹਿਲਾਂ ਚੰਡੀਗੜ੍ਹ ਵਿੱਚ ਵੀ ਅਜਿਹੀ ਸਰਵੇ ਰਿਪੋਰਟ ਤਿਆਰ ਕੀਤੀ ਗਈ ਸੀ ਜਿਸ ਵਿੱਚ 21000 ਦੇ ਕਰੀਬ                   ਰੇਹੜੀਆਂ ਫੜੀਆਂ ਲੱਗਦੀਆਂ ਹੋਣ ਦੀ ਗੱਲ ਆਖੀ ਗਈ ਸੀ ਪਰੰਤੂ ਜਦੋਂ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਆਪਣੇ ਪੱਧਰ ਤੇ ਜਾਂਚ ਕਰਵਾਈ ਗਈ ਤਾਂ ਇਹ ਅੰਕੜਾ ਘਟ ਕੇ 12000 ਰਹਿ ਗਿਆ| ਉਹਨਾਂ ਕਿਹਾ ਇਸ ਕੰਪਨੀ ਦੀ ਤਾਜਾ ਸਰਵੇ ਰਿਪੋਰਟ ਵਿੱਚ ਵੱਡੀ ਗਿਣਤੀ ਰੇਹੜੀਆਂ ਫੜੀਆਂ ਵਾਲੇ ਸਟੇਸ਼ਨਰੀ ਦਾ ਸਾਮਾਨ ਵੇਚਦੇ ਵਿਖਾਏ ਗਏ ਹਨ ਅਤੇ ਇਸੇ ਤਰ੍ਹਾਂ ਕਪੜਾ ਅਤੇ ਹੋਰ ਸਾਮਾਨ ਵੇਚਣ ਵਾਲੀਆਂ ਫੜੀਆਂ ਵੀ ਦੱਸੀਆਂ ਗਈਆਂ ਹਨ ਜਿਹੜੀਆਂ ਕੁਲ                    ਰੇਹੜੀਆਂ ਦਾ 40 ਫੀਸਦੀ ਦੇ ਕਰੀਬ ਹੈ ਜਦੋਂਕਿ ਅਜਿਹੇ ਰੇਹੜੀਆਂ ਵਾਲੇ ਉਂਗਲਾ ਤੇ ਗਿਣੇ ਜਾਣ ਲਾਇਕ ਹੁੰਦੇ ਹਨ| ਉਹਨਾਂ ਕਿਹਾ ਕਿ ਇਸ ਸਰਵੇ ਵਿੱਚ ਵੱਡੀ ਗਿਣਤੀ ਰੇਹੜੀਆਂ ਫੜੀਆਂ ਚੰਡੀਗੜ੍ਹ ਦੇ ਵਸਨੀਕਾਂ ਦੀਆਂ ਦੱਸੀਆਂ ਗਈਆਂ ਹਨ ਜਦੋਂਕਿ ਕਾਨੂੰਨ ਮੁਤਾਬਿਕ ਮੁਹਾਲੀ ਵਿੱਚ ਮੁਹਾਲੀ ਦੇ ਵਸਨੀਕ ਹੀ ਰੇਹੜੀ ਲਗਾ ਸਕਦੇ ਹਨ ਅਤੇ ਇਸ ਵਿੱਚ ਘਪਲਾ ਸਾਫ ਦਿਖਦਾ ਹੈ| ਉਹਨਾਂ ਕਿਹਾ ਕਿ ਨਿੱਜੀ ਕੰਪਨੀ ਵਾਲੇ ਇਸ ਕਰਕੇ ਵੀ ਗਿਣਤੀ ਵਧਾਉਂਦੇ ਹਨ ਕਿਉਂਕਿ ਉਹਨਾ ਪ੍ਰਤੀ ਰੇਹੜੀ ਫੜੀ ਧਾਰਕ ਦਾ ਤਿੰਨ ਸੌ ਰੁਪਏ ਮਿਲਦੇ ਹਨ ਅਤੇ ਉਹ ਵੱਧ ਤੋਂ ਵੱਧ ਰੇਹੜੀਆਂ ਫੜੀਆਂ ਦਿਖਾ ਕੇ ਵੱਧ ਰਕਮ ਵਸੂਲਣਾ ਚਾਹੁੰਦੇ ਹਨ|
ਇਸ ਸੰਬੰਧੀ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦੀਆਂ ਸੂਚੀਆਂ (ਫੇਜ਼ ਵਾਈਜ ਬਣਾ ਕੇ) ਸਾਰੇ ਕੌਂਸਲਰਾਂ ਨੂੰ ਭੇਜੀਆਂ ਗਈਆਂ ਹਨ ਜੋ ਜੋ ਕੌਂਸਲਰ ਆਪਣੇ ਵਾਰਡਾਂ ਵਿੰਚ ਲੱਗਦੀਆਂ ਰੇਹੜੀਆਂ ਫੜੀਆਂ ਦੀ ਜਾਂਚ ਕਰਕੇ ਇਸ ਸੰਬੰਧੀ ਆਪਣੇ ਇਤਰਾਜ ਦਰਜ ਕਰਵਾਉਣ ਅਤੇ ਬਾਅਦ ਵਿੱਚ ਨਿਗਮ ਦੀ ਮੀਟਿੰਗ ਵਿੱਚ ਇਸ ਸੰਬੰਧੀ ਕੋਈ ਵਿਵਾਦ ਨਾ ਹੋਵੇ|

Leave a Reply

Your email address will not be published. Required fields are marked *