ਰੇਹੜੀਆਂ ਵਾਲਿਆਂ ਦੇ ਨਜਾਇਜ ਕਬਜੇ ਦੂਰ ਕਿਉਂ ਨਹੀਂ ਕਰਦਾ ਪ੍ਰਸ਼ਾਸ਼ਨ: ਅਤੁਲ ਸ਼ਰਮਾ

ਐਸ ਏ ਐਸ ਨਗਰ, 10 ਜੂਨ (ਸ. ਬ.) ਮੁਹਾਲੀ ਸ਼ਹਿਰ ਵਿਚ ਵੱਖ- ਵੱਖ ਥਾਵਾਂ ਉਪਰ ਮੁੱਖ ਸੜਕਾਂ ਦੇ ਕਿਨਾਰੇ ਰੇਹੜੀਆਂ ਲਗਾ ਕੇ ਫਲ ਵੇਚਣ ਵਾਲਿਆਂ ਨੇ ਨਜਾਇਜ ਕਬਜੇ ਕੀਤੇ ਹੋਏ ਹਨ, ਪਰ ਪ੍ਰਸ਼ਾਸਨ ਵਲੋਂ  ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿਤਾ ਜਾ ਰਿਹਾ |
ਇਹ ਰੇਹੜੀਆਂ ਵਾਲੇ ਸਵੇਰੇ 10 ਵਜੇ ਹੀ ਆ ਕੇ ਸੜਕਾਂ ਕਿਨਾਰੇ ਆਪਣਾ ਅੱਡਾ ਲਾ ਲੈਂਦੇ ਹਨ ਅਤੇ ਸ਼ਾਮ ਤੱਕ ਫਿਰ ਉਥੇ ਖੜ ਕੇ ਹੀ ਆਪਣਾ ਸਮਾਨ ਵੇਚਦੇ ਰਹਿੰਦੇ ਹਨ| ਸੜਕਾਂ ਉਪਰ ਜਾ ਰਹੇ ਵਾਹਨ ਚਾਲਕ ਇਹਨਾਂ  ਰੇਹੜੀਆਂ ਨੂੰ ਵੇਖ ਕੇ ਅਚਾਨਕ ਹੀ ਬਰੇਕ ਮਾਰ ਕੇ ਰੇਹੜੀਆਂ ਵਾਲਿਆਂ ਤੋਂ ਫਲਾਂ ਦੇ ਭਾਅ ਪੁੱਛਣ ਅਤੇ ਖਰੀਦਣ ਲੱਗ ਜਾਂਦੇ ਹਨ, ਜਿਸ ਕਾਰਨ ਸੜਕਾਂ ਉਪਰ ਜਾਮ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ| ਅਨੇਕਾਂ ਵਾਹਨਾਂ ਵਲੋਂ ਰੇਹੜੀਆਂ ਵੇਖਕੇ ਇਕ ਦਮ ਬਰੇਕਾਂ ਲਗਾਉਣ ਕਾਰਨ ਉਸ ਵਾਹਨ ਦੇ ਪਿਛੇ ਆ ਰਹੇ ਵਾਹਨ ਅਕਸਰ ਹੀ ਉਸ ਵਾਹਨ ਨਾਲ ਟਕਰਾ ਜਾਂਦੇ ਹਨ, ਜਿਸ ਕਾਰਨ ਕਈ ਵਾਹਨ ਚਾਲਕਾਂ ਵਿਚ ਇਸ ਕਾਰਨ ਬਹਿਸ ਅਤੇ ਲੜਾਈ ਹੋ ਜਾਂਦੀ ਹੈ|
ਫਲਾਂ ਦੀਆਂ ਰੇਹੜੀਆਂ ਵਾਲੇ ਫੇਜ 4 ਦੇ ਮੰਦਿਰ ਨੇੜੇ, ਫੇਜ 7 ਦੀ ਸਕੂਟਰ ਮਾਰਕੀਟ ਸਾਹਮਣੇ, ਫੇਜ 3 ਏ ਵਿਚ ਮਾਰਕੀਟ ਦੇ ਸਾਹਮਣੇ , ਸੈਕਟਰ 69 ਨੂੰ ਜਾਂਦੀ ਸੜਕ ਉਪਰ, ਫੇਜ 10 ਅਤੇ 11 ਵਿਚ ਸੜਕਾਂ ਕਿਨਾਰੇ ਵੱਡੀ ਗਿਣਤੀ ਵਿਚ ਖੜੇ ਰਹਿੰਦੇ ਹਨ| ਇਹ ਰੇਹੜੀਆਂ ਵਾਲੇ ਆਪਣਾ ਸਾਮਾਨ ਵੀ ਕਾਫੀ ਮਹਿੰਗਾ ਵੇਚਦੇ ਹਨ ਪਰ ਫਿਰ ਵੀ ਲੋਕ ਇਹਨਾਂ ਕੋਲ ਸਮਾਨ ਖਰੀਦਣ ਲਈ ਸੜਕਾਂ ਉਪਰ ਹੀ ਖੜੇ ਰਹਿੰਦੇ ਹਨ, ਜਿਸ ਕਾਰਨ ਹਰ ਦਿਨ ਹੀ ਆਵਾਜਾਈ ਵਿਚ ਵੀ ਵਿਘਨ ਪੈਂਦਾ ਹੈ|
ਸਮਾਜ ਸੇਵੀ ਸ੍ਰੀ ਅਤੁਲ ਸ਼ਰਮਾ ਨੇ ਮੰਗ ਕੀਤੀ ਹੈ ਕਿ ਵੱਖ ਵੱਖ ਥਾਂਵਾਂ ਉਪਰ ਲੱਗੀਆਂ ਫਲਾਂ ਤੇ ਹੋਰ ਸਮਾਨ  ਵੇਚਣ ਵਾਲੀਆਂ ਨਜਾਇਜ ਰੇਹੜੀਆਂ ਵਿਰੁੱਧ  ਸਖਤ ਕਾਰਵਾਈ ਕੀਤੀ ਜਾਵੇ ਅਤੇ ਇਹ ਰੇਹੜੀਆਂ ਸੜਕਾਂ ਕਿਨਾਰੇ ਖੜਨੀਆਂ ਬੰਦ ਕਰਵਾਈਆਂ ਜਾਣ|

Leave a Reply

Your email address will not be published. Required fields are marked *