ਰੇਹੜੀ ਅਤੇ ਖੋਖਾ ਮਾਰਕੀਟ ਵਿੱਚ ਲਾਗੂ ਨਹੀਂ ਹੁੰਦੇ ਸਮਾਜਿਕ ਦੂਰੀ ਦੇ ਨਿਯਮ

ਐਸ.ਏ.ਐਸ ਨਗਰ 26 ਅਗਸਤ (ਆਰ.ਪੀ.ਵਾਲੀਆ) ਇੱਕ ਪਾਸੇ ਤਾਂ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਕੋਵਿਡ ਦੀ ਮਹਾਮਾਰੀ ਤੋਂ ਬਚਾਓ ਲਈ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ ਅਤੇ ਜਨਤਕ ਥਾਵਾਂ ਤੇ ਘੁੰਮਣ ਵਾਲੇ ਲੋਕਾਂ ਵਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਮਾਸਕ ਨਾ ਪਾਉਣ ਵਾਲੇ ਲੋਕਾਂ ਨੂੰ ਜੁਰਮਾਨੇ ਕੀਤੇ ਜਾਂਦੇ ਹਨ ਅਤੇ ਦੂਜੇ ਪਾਸੇ ਸ਼ਹਿਰ ਦੀਆਂ ਖੋਖਾ ਮਾਰਕੀਟਾਂ ਅਤੇ ਸ਼ਹਿਰ ਵਿੱਚ ਥਾਂ ਥਾਂ ਤੇ ਲੱਗਦੀਆਂ ਰੇਹੜੀਆਂ ਫੜੀਆਂ ਵਿੱਚ ਇਹਨਾਂ ਨਿਯਮਾਂ ਦੀ ਖੁੱਲੀ ਉਲੰਘਣਾ ਕੀਤੀ ਜਾਂਦੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾਂਦਾ| 
ਫੇਜ਼ 1 ਵਿੱਚ ਸਥਿਤ ਗੁਰੂ ਨਾਨਕ ਖੋਖਾ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਅਤੇ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਸਮਾਜਿਕ ਨਿਯਮਾਂ ਦੀਆਂ ਖੁੱਲ ਕੇ ਧੱਜੀਆਂ ਉਡਾਈਆਂ ਜਾਦੀਆਂ ਹਨ| ਮਾਰਕੀਟ ਵਿੱਚ ਕੰਮ ਕਰਦੇ ਦੁਕਾਨਦਾਰਾਂ ਅਤੇ ਗ੍ਰਾਹਕਾਂ ਵਲੋਂ ਸਮਾਜਿਕ  ਦੂਰੀ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਅਤੇ ਕਈ ਦੁਕਾਨਦਾਰ ਬਿਨ੍ਹਾਂ ਮਾਸਕ ਤੋਂ ਹੀ ਦੁਕਾਨਾਂ ਤੇ ਬੈਠੇ ਦਿਖਦੇ ਹਨ| ਇਹਨਾਂ ਵਿੱਚੋਂ ਕਈ ਅਜਿਹੇ ਹਨ ਜਿਹੜੇ ਵਿਹਲੇ ਸਮੇਂ ਦੌਰਾਨ ਕਿਸੇ ਇੱਕ ਦੁਕਾਨ ਤੇ ਇਕੱਠੇ ਹੋ ਜਾਣੇ ਹਨ ਅਤੇ ਝੁੰਡ ਬਣਾ ਕੇ ਖੜ੍ਹੇ ਰਹਿੰਦੇ ਹਨ| ਜਿਸ ਕਰਕੇ ਮਹਾਂਮਾਰੀ ਦੇ ਫੈਲਣ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ| ਮਾਰਕੀਟ ਵਿਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕ ਵੀ ਬਿਨ੍ਹਾਂ ਮਾਸਕ ਤੋਂ ਹੀ ਘੁੰਮਦੇ ਆਮ ਦੇਖੇ ਜਾ ਸਕਦੇ ਹਨ| 
ਇੱਥੇ ਇਹ ਜਿਕਰਯੋਗ ਹੈ ਕਿ ਇਸ ਮਾਰਕੀਟ ਦੀ ਇੱਕ ਮਹਿਲਾ ਦੁਕਾਨਦਾਰ ਦੇ ਪਤੀ ਦੇ ਕੋਰੋਨਾ ਪਾਜਿਟਿਵ ਆਉਣ ਤੋਂ ਬਾਅਦ ਇਸ ਮਾਰਕੀਟ ਨੂੰ ਤਿੰਨ ਦਿਨਾਂ ਲਈ ਬੰਦ ਵੀ ਕੀਤਾ ਜਾ ਚੁੱਕਿਆ ਹੈ| ਇਸ ਸਬੰਧੀ ਮਾਰਕੀਟ ਦੇ ਪ੍ਰਧਾਨ ਰਿੰਕੂ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਮਾਰਕੀਟ ਦੇ ਦੁਕਾਨਦਾਰਾਂ ਨੂੰ ਕਈ ਵਾਰ ਸਮਝਾਇਆ ਗਿਆ ਹੈ ਕਿ ਸਮਾਜਿਕ ਦੂਰੀ ਦੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇ ਪਰੰਤੂ ਇਸਦੇ ਬਾਵਜੂਦ ਕੁੱਝ ਦੁਕਾਨਦਾਰ ਇਸਦੀ ਉਲੰਘਣਾ ਕਰਦੇ ਹਨ ਅਤੇ ਇਹਨਾਂ ਤੇ ਸਮਝਾਉਣ ਦਾ ਕੋਈ ਅਸਰ ਨਹੀ ਹੁੰਦਾ| 
ਖੋਖਾ ਮਾਰੀਕਟ ਦੇ ਸਹਮ੍ਹਣੇ ਵਾਲੀ ਥਾਂ ਵਿੱਚ ਕਵਾਟਰਾਂ ਦੇ ਨਾਲ ਭਗਤ ਸਿੰਘ ਮਾਰਕੀਟ ਸਥਿਤ ਹੈ ਜਿੱਥੇ ਇਹਨਾਂ ਨਿਯਮਾਂ ਦੀ ਖੁੱਲੀ ਉਲੰਘਣਾ ਹੁੰਦੀ ਹੈ| ਪ੍ਰਸ਼ਾਸ਼ਨ ਵਲੋਂ ਭਾਵੇਂ ਪੂਰੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਆਡ ਈਵਨ ਪ੍ਰਣਾਲੀ ਲਾਗੂ ਕੀਤੀ ਗਈ ਹੈ ਪਰੰਤੂ ਇਸ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ ਰੋਜ ਖੁੱਲਦੀਆਂ ਹਨ ਅਤੇ ਇਹਨਾਂ ਤੇ ਆਡ ਈਵਨ ਦਾ ਕੋਈ ਅਸਰ ਨਹੀਂ ਹੈ| ਇਸ ਸਬੰਧ ਵਿਚ ਮਾਰਕੀਟ ਦੇ ਮੀਤ ਪ੍ਰਧਾਨ ਨਾਲ ਗੱਲ ਕਰਨ  ਤੇ ਉਹਨਾਂ ਕਿਹਾ ਅੱਜ ਹੀ ਮਾਰਕੀਟ ਦੇ ਦੁਕਾਨਦਾਰਾਂ ਦੀ ਮੀਟਿੰਗ ਸੱਦ ਕੇ ਫੈਸਲਾ ਕਰ ਲਿਆ ਜਾਵੇਗਾ ਅਤੇ ਮਾਰਕੀਟ ਦੀਆਂ ਦੁਕਾਨਾਂ ਆਡ ਈਵਨ ਦੇ ਅਨੁਸਾਰ ਹੀ ਖੋਲ੍ਹੀਆਂ ਜਾਣਗੀਆਂ|

Leave a Reply

Your email address will not be published. Required fields are marked *