ਰੇਹੜੀ ਫੜੀ ਯੂਨੀਅਨ ਦੀ ਪ੍ਰਧਾਨਗੀ ਦਾ ਰੱਫੜ ਪਿਆ

ਰੇਹੜੀ ਫੜੀ ਯੂਨੀਅਨ ਦੀ ਪ੍ਰਧਾਨਗੀ ਦਾ ਰੱਫੜ ਪਿਆ
ਦੋ ਧੜਿਆਂ ਵਲੋਂ ਆਪੋ ਆਪਣੀ ਕਮੇਟੀ ਬਣਾਉਣ ਦਾ ਦਾਅਵਾ
ਐਸ ਏ ਐਸ ਨਗਰ, 1 ਜੂਨ (ਸ. ਬ.) ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਲੱਗਦੀਆਂ ਕਿਸਾਨ ਮੰਡੀਆਂ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦੇ ਦੁਕਾਨਦਾਰਾਂ ਦੀ ਫੇਜ਼ 3 ਬੀ 1 ਦੇ ਰੋਜ ਗਾਰਡਨ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਕੁੱਝ ਦਿਨ ਪਹਿਲਾਂ ਦੁਕਾਨਦਾਰਾਂ ਦੇ ਇੱਕ ਧੜੇ ਵਲੋਂ ਕਥਿਤ ਤੌਰ ਤੇ  ਰੇਹੜੀ ਫੜੀ ਵਾਲਿਆਂ ਦਾ ਸਮਰਥਨ ਲਏ ਬਿਨਾ ਆਪਣੇ ਪੱਧਰ ਤੇ ਯੁਨੀਅਨ ਨੂੰ ਰਜਿਸਟਰਡ ਕਰਵਾਉਣ ਦੇ ਮੁੱਦੇ ਤੇ ਅੱਜ ਦੋ ਧਿਰਾਂ ਆਹਮੋ ਸਾਮ੍ਹਣੇ ਆ ਗਈਆਂ ਅਤੇ ਇਹਨਾਂ ਵਿੱਚ ਆਪਸ ਵਿੱਚ ਤਿੱਖੀ ਬਹਿਸ ਵੀ ਹੋਈ ਅਤੇ ਨੌਬਤ ਹੱਥੋਂ ਪਾਈ ਤਕ ਪਹੁੰਚਦੀ ਪਹੁੰਚਦੀ ਰਹਿ ਗਈ| ਬਾਅਦ ਵਿੱਚ ਇੱਕ ਧਿਰ ਦੇ ਲਗਭਗ ਅੱਧੀ ਦਰਜਨ ਸਮਰਥਕ ਉੱਥੋਂ ਚਲੇ ਗਏ ਜਦੋਂਕਿ ਪਾਰਕ ਵਿੱਚ ਇਕੱਠੇ ਹੋਏ ਸਵਾ ਸੌ ਦੇ ਕਰੀਬ ਦੁਕਾਨਦਾਰਾਂ ਵਲੋਂ ਆਪਣੀ ਵੱਖਰੀ ਯੂਨੀਅਨ ਬਣਾਉਣ ਦਾ ਫੈਸਲਾ ਕਰਕੇ ਯੂਨੀਅਨ ਦੀ ਚੋਣ ਕਰ ਲਈ ਗਈ|
ਇੱਥੇ ਜਿਕਰਯੋਗ ਹੈ ਕਿ ਵੱਖ ਵੱਖ ਮੰਡੀਆਂ ਵਿੱਚ 150 ਦੇ ਲਗਭਗ ਦੁਕਾਨਦਾਰ ਰੇਹੜੀ ਫੜੀ ਲਗਾਉਂਦੇ ਹਨ| ਇਹਨਾਂ ਦੁਕਾਨਦਾਰਾਂ ਦੀ ਯੂਨੀਅਨ ਦੇ ਪਿਛਲੇ ਲਗਭਗ 15 ਸਾਲ ਤੋਂ ਪ੍ਰਧਾਨ ਚਲੇ ਆ ਰਹੇ ਸੋਹਣ ਸਿੰਘ ਦੀ ਕਮੇਟੀ ਵਿੱਚ ਖਜਾਂਚੀ ਰਹੇ ਸ੍ਰ. ਅਵਤਾਰ ਸਿੰਘ ਵਲੋਂ ਕੁੱਝ ਸਮਾਂ ਪਹਿਲਾਂ ਆਪਣੇ ਸਮਰਥਕਾਂ ਦੇ ਨਾਲ ਆਪਣੀ ਵੱਖਰੀ ਯੂਨੀਅਨ ਬਣਾ ਕੇ ਰਜਿਸਟਰਡ ਕਰਵਾ ਲਈ ਗਈ ਸੀ ਅਤੇ ਉਹਨਾਂ ਵਲੋਂ ਸ੍ਰ. ਸੋਹਨ ਸਿੰਘ ਦੇ ਖਿਲਾਫ ਯੂਨੀਅਨ ਦੇ ਫੰਡ ਦਾ ਕੋਈ ਹਿਸਾਬ ਕਿਤਾਬ ਨਾ ਦੇਣ ਦਾ ਦੋਸ਼ ਲਗਾਇਆ ਗਿਆ ਸੀ| ਇਸ ਦੇ ਨਾਲ ਨਾਲ ਦੂਜੀ ਧਿਰ ਵਲੋਂ ਸ੍ਰ. ਸੋਹਣ ਸਿੰਘ ਦੇ ਖਿਲਾਫ ਰੇਹੜੀ ਫੜੀ ਵਾਲਿਆਂ ਤੋਂ ਜਬਰੀ ਵਸੂਲੀ ਕਰਨ ਸੰਬੰਧੀ ਨਗਰ ਨਿਗਮ ਅਤੇ ਮੰਡੀਕਰਨ ਬੋਰਡ ਵਿੱਚ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ| ਇਸ ਸੰਬੰਧੀ ਅੱਜ ਦੀ ਮੀਟਿੰਗ ਵਿੱਚ ਆਰੰਭ ਹੋਈ ਚਰਚਾ ਬਹਿਸ ਵਿੱਚ ਤਬਦੀਲ ਹੋ ਗਈ ਅਤ ਨੌਬਤ ਹੱਥੋਪਾਈ ਤਕ ਪਹੁਚ ਗਈ ਪਰੰਤੂ ਦੁਕਾਨਦਾਰਾਂ ਵਲੋਂ ਵਿੱਚ ਬਚਾਓ ਕਰਨ ਤੇ ਸਥਿਤੀ ਕਾਬੂ ਹੇਠ ਆ ਗਈ|
ਬਾਅਦ ਵਿਚ ਅਵਤਾਰ ਸਿੰਘ ਅਤੇ ਉਹਨਾਂ ਦੇ ਸਾਥੀ ਮੀਟਿੰਗ ਤੋਂ ਚਲੇ ਗਏ ਅਤੇ ਉੱਥੇ ਮੌਜੂਦ ਸਵਾ ਸੌ ਦੇ ਕਰੀਬ ਦੁਕਾਨਦਾਰਾਂ ਵਲੋਂ ਨਵੀਂ  ਕਮੇਟੀ ਦੀ ਚੋਣ ਕਰ ਲਈ ਗਈ| ਇਸ ਮੌਕੇ ਹੋਈ ਚੋਣ ਵਿੱਚ ਸ ਸੋਹਣ ਸਿੰਘ ਨੂੰ ਪ੍ਰਧਾਨ,ਕ੍ਰਿਸ਼ਨ ਕੁਮਾਰ ਨੂੰ ਜਨਰਲ ਸਕੱਤਰ, ਕੁਲਵਿੰਦਰ ਸਿੰਘ ਨੂੰ ਜੁਆਂਇੰਟ ਸਕੱਤਰ, ਅਜੈ ਕੁਮਾਰ ਸੋਨੀ ਨੂੰ ਖਜਾਨਚੀ, ਸਰਬਜੀਤ ਸਿੰਘ ਨੂੰ ਸਹਾਇਕ ਖਜਾਨਚੀ, ਕੈਲਾਸ਼ ਕੌਰ, ਅਸ਼ੋਕ ਕੁਮਾਰ, ਅਜੀਤ ਸਿੰਘ, ਕਮਲ ਨੂੰ ਉਪ ਪ੍ਰਧਾਨ, ਰਾਕੇਸ਼ ਕੁਮਾਰ,   ਰਾਜੇਸ ਕੁਮਾਰ,ਵਧੂ, ਸੁਭਾਸ਼ ਕੁਮਾਰ, ਮਨਜੀਤ ਸਿੰਘ, ਚੈਨ ਸਿੰਘ, ਰਾਜੂ, ਪ੍ਰਵੇਸ਼ ਕੁਮਾਰ, ਗੁਰਪਿੰਦਰ  ਸਿੰਘ, ਗੋਪਾਲ, ਸਰੂਪ ਸਿੰਘ, ਦੇਸ ਰਾਜ ਨੂੰ ਮੈਂਬਰ ਚੁਣਿਆ ਗਿਆ| ਇਸ ਮੌਕੇ ਪ੍ਰਧਾਨ ਸੋਹਨ ਸਿੰਘ ਨੂੰ ਯੂਨੀਅਨ ਨੂੰ ਰਜਿ ਕਰਵਾਉਣ ਦੇ ਅਧਿਕਾਰ ਦਿਤੇ ਗਏ|
ਇਸ ਮੌਕੇ ਮੀਟਿੰਗ ਤੋਂ ਜਾਣ ਵਾਲੀ ਧਿਰ ਦੇ ਪ੍ਰਧਾਨ ਅਵਤਾਰ ਸਿੰਘ (ਜੋ ਕਿ ਸੋਹਣ ਸਿੰਘ ਵਾਲੀ ਕਮੇਟੀ ਵਿਚ ਕੈਸ਼ੀਅਰ ਰਹੇ ਹਨ) ਨੇ ਦਾਅਵਾ ਕੀਤਾ ਕਿ  ਪਿਛਲੇ 15 ਸਾਲਾਂ ਦੌਰਾਨ ਪ੍ਰਧਾਨ ਸੋਹਨ ਸਿੰਘ ਨੇ ਕਮੇਟੀ ਦਾ ਕੋਈ ਵੀ ਹਿਸਾਬ ਕਿਤਾਬ ਨਹੀਂ ਦਿਤਾ| ਉਹਨਾਂ ਕਿਹਾ ਕਿ ਉਹਨਾਂ  ਨੇ ਮੁੱਖ ਮੰਤਰੀ ਤੋਂ ਲੈ ਕੇ ਵੱਖ ਵੱਖ ਵਿਭਾਗਾਂ ਵਿਚ ਪ੍ਰਧਾਨ ਸੋਹਣ ਸਿੰਘ ਖਿਲਾਫ ਸ਼ਿਕਾਇਤਾਂ ਦਿਤੀਆਂ ਹੋਈਆਂ ਹਨ, ਜਿਹਨਾਂ ਦੀ ਜਾਂਚ ਚਲ ਰਹੀ ਹੈ|
ਦੂਜੇ ਪਾਸੇ ਸ੍ਰ ਸੋਹਣ ਸਿੰਘ ਨੇ ਸ੍ਰ. ਅਵਤਾਰ ਸਿੰਘ ਵਲੋਂ ਲਾਏ ਇਲਜਾਮਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਅਵਤਾਰ ਸਿੰਘ ਵਲੋਂ ਨਿੱਜੀ ਕਿੜ ਕੱਢਣ ਲਈ ਉਹਨਾਂ ਵਿਰੁਧ ਮੰਡੀ ਬੋਰਡ ਅਤੇ ਹੋਰ ਅਦਾਰਿਆਂ ਵਿਚ ਸ਼ਿਕਾਇਤਾਂ ਕੀਤੀਆਂ ਗਈਆਂ ਹਨ|  ਉਹਨਾਂ ਕਿਹਾ ਕਿ ਇਹਨਾਂ ਸ਼ਿਕਾਇਤਾਂ ਦੀ ਜਾਂਚ ਚਲ ਰਹੀ ਹੈ| ਉਹਨਾ ਕਿਹਾ ਕਿ ਅਵਤਾਰ ਸਿੰਘ ਵਲੋਂ ਬਣਾਈ ਗਈ ਯੂਨੀਅਨ ਵਿੱਚ ਇੱਕ ਹੀ ਪਰਿਵਾਰ ਦੀ ਮਲਕੀਅਤ ਹੈ| ਇਸ ਦਾ ਪ੍ਰਧਾਨ ਅਵਤਾਰ ਸਿੰਘ ਹੈ ਤੇ ਜਨਰਲ ਸੱਕਤਰ ਉਸਦੀ ਪਤਨੀ ਜਸਵਿੰਦਰ ਕੌਰ ਹੈ ਜਦੋਂਕਿ ਮੀਤ ਪ੍ਰਧਾਨ ਇਹਨਾ ਦਾ ਮੁੰਡਾ ਹੈ| ਇਸ ਤੋਂ ਇਲਾਵਾ ਅਵਤਾਰ ਸਿੰਘ ਵਲੋਂ ਜਿਹੜੇ ਪੰਜ ਦੁਕਾਨਦਾਰਾਂ ਨੂੰ ਇਹ ਆਪਣਾ               ਅਹੁਦੇਦਾਰ ਦੱਸਿਆ ਜਾ  ਰਿਹਾ ਹੈ ਉਹਨਾਂ ਨੇ ਬਾਕਾਇਦਾ ਹਲਫਨਾਮੇ ਦੇ ਕੇ ਕਿਹਾ ਹੈ ਕਿ ਉਹ ਅਵਤਾਰ ਸਿੰਘ ਦੀ ਯੂਨੀਅਨ ਦੇ ਮੈਂਬਰ ਨਹੀਂ ਹਨ ਅਤੇ ਅਵਤਾਰ ਸਿੰਘ ਵਲੋਂ ਉਹਨਾਂ ਦੇ ਨਾਮ ਆਪਣੀ ਮਰਜੀ ਨਾਲ ਹੀ ਪਾਏ ਹਨ|

Leave a Reply

Your email address will not be published. Required fields are marked *