ਰੋਕ ਦੇ ਬਾਵਜੂਦ ਕਣਕ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਣ ਦਾ ਰੁਝਾਨ ਵਾਤਾਵਰਨ ਲਈ ਘਾਤਕ

ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਇੱਕ ਹੁਕਮ ਜਾਰੀ ਕਰਕੇ ਸੂਬੇ ਦੇ ਵਿੱਚ ਕਣਕ ਦੀ ਕਟਾਈ ਤੋਂ ਬਾਅਦ ਬਚੀ ਰਹਿੰਦ-ਖੁਹੰਦ ਨੂੰ ਅੱਗ ਲਾ ਕੇ ਸਾੜਨ ਉਪਰ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਪਰੰਤੂ ਇਸਦੇ ਬਾਵਜੂਦ ਸੂਬੇ ਦੇ ਕਿਸਾਨਾਂ ਵਲੋਂ ਕਣਕ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਬਚਦੀ ਰਹਿੰਦ- ਖੁਹੰਦ ਨੂੰ ਅੱਗ ਲਗਾ ਕੇ ਸਾੜਣ ਦੀ ਕਾਰਵਾਈ ਸਾਮ੍ਹਣੇ ਆ ਹੀ ਜਾਂਦੀ ਹੈ| ਖੇਤਾਂ ਵਿੱਚ ਇਸ ਤਰੀਕੇ ਨਾਲ ਕਣਕ ਦੀ ਰਹਿੰਦ-ਖੁਹੰਦ ਨੂੰ ਲਗਾਈ ਜਾਣ ਵਾਲੀ ਅੱਗ ਤੋਂ ਉਠਣ ਵਾਲਾ ਜਹਿਰੀਲਾ ਧੂੰਆਂ ਸਾਡੇ ਵਾਤਾਵਰਨ ਲਈ ਬਹੁਤ ਘਾਤਕ ਸਾਬਿਤ ਹੁੰਦਾ ਹੈ| ਇਹ ਜਹਿਰੀਲਾ ਧੂਆਂ ਬਹੁਤ ਦੂਰ ਤਕ ਮਾਰ ਕਰਦਾ ਹੈ ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ|
ਅਸਲੀਅਤ ਇਹ ਹੈ ਕਿ ਫਸਲ ਕਣਕ ਦੀ ਹੋਵੇ ਜਾਂ ਝੋਨੇ ਦੀ, ਕਿਸਾਨਾਂ ਵਿੱਚ ਫਸਲ ਕੱਟਣ ਤੋਂ ਬਾਅਦ ਬਚਣ ਵਾਲੀ ਰਹਿੰਦ ਖੁਹੰਦ  ਨੂੰ ਅੱਗ ਲਗਾਉਣ ਦਾ ਰੁਝਾਨ ਦਿਨੋਂ-ਦਿਨ ਵੱਧ ਰਿਹਾ ਹੈ| ਇਸ ਸੰਬੰਧੀ ਸਰਕਾਰ ਅਤੇ ਪ੍ਰਸਾਸ਼ਨ ਦੀ ਕਾਰਗੁਜਾਰੀ ਦਾ ਆਲਮ ਇਹ ਹੈ ਕਿ ਉਸ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਉਪਰ ਪਾਬੰਦੀ ਦੇ ਹੁਕਮ ਜਾਰੀ ਕਰਕੇ ਅਤੇ ਇਸ ਸੰਬੰਧੀ ਬਿਆਨ ਜਾਰੀ ਕਰਕੇ ਆਪਣੀ ਡਿਊਟੀ ਪੂਰੀ ਕਰ ਲਈ ਜਾਂਦੀ ਹੈ ਅਤੇ ਕਿਸਾਨਾਂ ਵਲੋਂ ਪ੍ਰਸਾਸ਼ਨ ਦੇ ਇਸ ਅਵੇਸਲੇਪਨ ਦਾ ਪੂਰਾ ਫਾਇਦਾ ਚੁੱਕਿਆ ਜਾਂਦਾ ਹੈ|
ਇਸ ਸੰਬੰਧੀ ਕਿਸਾਨਾਂ ਵਲੋਂ ਇਹ ਤਰਕ ਦਿੱਤਾ ਜਾਂਦਾ ਹੈ ਕਣਕ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਇਸ ਪਰਾਲੀ ਨੂੰ ਖੇਤਾਂ ਵਿਚ ਵਾਹੁਣਾ ਬਹੁਤ ਹੀ ਮਹਿੰਗਾ ਪੈਂਦਾ ਹੈ ਅਤੇ ਕਰਜੇ ਦੀ ਮਾਰ ਹੇਠ ਆਏ ਕਿਸਾਨ ਇਹ ਖਰਚਾ ਕਰਨ ਦੀ ਥਾਂ ਸਸਤਾ ਰਾਹ ਅਪਣਾ ਕੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜ ਦਿੰਦੇ ਹਨ| ਹਾਲਾਂਕਿ ਇਸ ਸੰਬੰਧੀ ਖੇਤੀ ਮਾਹਿਰ ਤਰਕ ਦਿਦੇ ਹਨ ਕਿ ਜੇ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਖੇਤਾਂ ਵਿਚ ਹੀ ਵਾਹ ਦੇਣ ਤਾਂ ਇਸ ਨਾਲ ਖੇਤਾਂ ਵਿੱਚ ਕੁਦਰਤੀ ਖਾਦ ਦੀ ਕਮੀ ਵੀ ਪੂਰੀ ਹੋਵੇਗੀ ਅਤੇ ਇਸ ਨਾਲ ਕਿਸਾਨ ਦੇ ਪਰਾਲੀ ਨੂੰ ਵਾਹੁਣ ਦੇ ਖਰਚੇ ਦੀ ਭਰਪਾਈ ਹੋ ਸਕਦੀ ਹੈ|
ਸਿਹਤ ਮਾਹਿਰ ਦੱਸਦੇ ਹਨ ਕਿ ਫਸਲਾਂ ਦੀ ਇਸ ਰਹਿੰਦ ਖੁਹੰਦ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਣ ਵਾਲਾ ਧੂਆਂ ਅੱਖਾਂ, ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਵਿੱਚ ਭਾਰੀ ਵਾਧਾ ਕਰਦਾ ਹੈ ਅਤੇ ਲੋਕਾਂ ਨੂੰ ਸਾਹ ਲੈਣ ਵਿਚ ਵੀ ਮੁਸ਼ਕਿਲ ਹੁੰਦੀ ਹੈ| ਜਦੋਂ ਕਿਸਾਨ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਂਦੇ ਹਨ ਤਾਂ ਇਸਦੇ ਨਾਲ ਨਾਲ ਖੇਤਾਂ ਵਿਚ ਰਹਿਣ ਵਾਲੇ ਛੋਟੇ ਜੀਵ ਜੰਤੂ (ਕੀੜੇ) ਵੀ ਜਿਉਂਦੇ ਹੀ ਸੜ ਜਾਂਦੇ ਹਨ| ਇਹਨਾਂ ਵਿਚ ਕਈ ਕੀੜੇ ਕਿਸਾਨਾਂ ਦੇ ਮਿੱਤਰ ਵੀ ਹੁੰਦੇ ਹਨ ਜੋ ਕਿ ਹੋਰ ਕੀੜਿਆਂ ਨੂੰ ਖਾ ਕੇ ਕਿਸਾਨਾਂ ਦੀਆਂ ਫਸਲਾਂ ਦਾ ਬਚਾਓ ਕਰਦੇ ਹਨ ਪਰ ਕਿਸਾਨ ਇਹਨਾਂ ਦਾ ਵੀ ਖਾਤਮਾ ਕਰ ਦਿੰਦੇ ਹਨ| ਪਰਾਲੀ  ਨੂੰ ਲਗਾਈ ਅੱਗ ਕਾਰਨ ਕਈ ਵਾਰ ਤਾਂ ਇੰਨਾ ਜਿਆਦਾ ਧੂੰਆਂ ਪੈਦਾ ਹੋ ਜਾਂਦਾ ਹੈ ਕਿ ਰਾਹਗੀਰਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਅਤੇ ਇਸ ਕਾਰਨ ਸੜਕ ਹਾਦਸੇ ਵੀ ਵਾਪਰਦੇ ਹਨ|
ਕਿਸਾਨਾਂ ਵਿੱਚ ਫਸਲ ਦੀ ਰਹਿੰਦ ਖੁਹੰਦ ਨੂੰ ਖੇਤ ਵਿੱਚ ਹੀ ਅੱਗ ਲਾਉਣ ਦਾ ਇਹ ਰੁਝਾਨ ਨਵਾਂ ਨਹੀਂ ਹੈ ਬਲਕਿ ਇਹ ਰੁਝਾਨ ਪਿਛਲੇ ਕਈ ਸਾਲਾਂ (ਬਲਕਿ ਦਹਾਕਿਆਂ) ਤੋਂ ਚਲਦਾ ਆ ਰਿਹਾ ਹੈ| ਇਸ ਤਰੀਕੇ ਨਾਲ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਦ ਦੀ ਇਹ ਕਾਰਵਾਈ ਸਾਡੇ ਵਾਤਾਵਰਨ ਤੇ ਕਿੰਨਾ ਨਾਂਹ ਪੱਖੀ ਅਸਰ ਪਾਉਂਦੀ  ਹੈ ਇਸਦਾ ਅੰਦਾਜਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਕਣਕ ਅਤੇ ਝੇਨੇ ਦੀ ਕਟਾਈ ਦੇ ਸੀਜਨ ਦੌਰਾਨ ਸਾਲ ਨਾਸਾ ਵਲੋਂ ਆਪਣੇ ਨਕਸ਼ੇ ਵਿਚ ਪੰਜਾਬ, ਹਰਿਆਣਾ ਦੇ ਖੇਤਰ  ਨੂੰ ਲਾਲ ਸੁਰਖ ਕਰ ਦਿੱਤਾ ਜਾਂਦਾ ਹੈ ਜਿਸਦਾ ਅਰਥ ਇਹ ਹੈ ਕਿ ਇਸ ਇਲਾਕੇ ਵਿੱਚ ਥਾਂ ਥਾਂ ਤੇ ਲੱਗੀ ਅੱਗ ਕਾਰਨ ਇੱਥੋਂ ਦੇ ਵਾਤਾਵਰਨ ਦਾ ਪੱਧਰ ਬੁਰੀ ਤਰ੍ਹਾਂ ਖਤਰਨਾਕ ਹੋ ਚੁੱਕਿਆ ਹੈ|
ਕਿਸਾਨਾਂ ਵਲੋਂ ਇਸ ਤਰੀਕੇ ਖੇਤਾਂ ਵਿੱਚ ਬਚਦੀ ਫਸਲ ਦੀ ਰਹਿੰਦ ਖੁਹੰਦ ਨੁੰ ਇਸ ਤਰੀਕੇ ਨਾਲ ਅੱਗ ਲਗਾਉਣ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਜਰੂਰੀ ਹੈ ਕਿ ਜਿੱਥੇ ਇੱਕ ਪਾਸੇ ਇਸ ਸੰਬੰਧੀ ਬਣਾਏ ਗਏ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਉੱਥੇ ਕਿਸਾਨਾਂ ਨੂੰ ਰਾਹਤ ਦੇਣ ਲਈ ਫਸਲਾਂ ਦੀ ਰਹਿੰਦ ਖੁਹੰਦ ਨੂੰ ਖੇਤਾਂ ਵਿਚ ਹੀ ਵਾਹੁਣ ਲਈ ਕਿਸਾਨਾਂ ਨੂੰ ਰਿਆਇਤੀ ਦਰ ਤੇ ਲੋੜੀਂਦੇ ਯੰਤਰ ਮੁਹਈਆ ਕਰਵਾਉਣ ਦੇ ਨਾਲ ਨਾਲ ਇਸ ਕੰਮ ਤੇ ਹੋਣ ਵਾਲੇ ਕਿਸਾਨਾਂ ਦੇ ਖਰਚੇ ਦੀ ਭਰਪਾਈ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ| ਜੇਕਰ ਨਵੀਂ ਸਰਕਾਰ ਇਸ ਸੱਮਸਿਆ ਨੂੰ ਵਾਕਈ ਹਲ ਕਰਨਾ ਚਾਹੁੰਦੀ ਹੈ ਤਾਂ ਉਸਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸੂਬੇ ਦੇ ਵਾਤਾਵਰਨ ਨੂੰ ਇਸ ਤਰੀਕੇ ਨਾਲ ਪਲੀਤ ਹੋਣ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *