ਰੋਚਕ ਹੋ ਗਿਆ ਹੈ ਮੁਹਾਲੀ ਵਿਧਾਨਸਭਾ ਹਲਕੇ ਵਿੱਚ ਚੋਣ ਮੁਕਾਬਲਾ

ਐਸ.ਏ.ਐਸ.ਨਗਰ, 4 ਜਨਵਰੀ (ਸ.ਬ.) ਮੁਹਾਲੀ ਵਿਧਾਨ ਸਭਾ ਹਲਕੇ ਤੋਂ ਸਾਰੀਆਂ ਹੀ ਮੁੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਇਸ ਹਲਕੇ ਵਿੱਚ ਮੁਕਾਬਲਾ ਰੋਚਕ ਹੋ ਗਿਆ ਹੈ| ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਸਖਤ ਚੁਣੌਤੀ ਦੇਣ ਦੇ ਇਰਾਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਆਪਣੇ ਅਜਿਹੇ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ ਜੋ ਆਪ ਦੇ ਲਗਭਗ ਸਮੂਹ ਵਲੰਟੀਅਰਾਂ ਨੂੰ ਨਾਲ ਲੈ ਕੇ ਚਲਣ ਵਿੱਚ ਸਫਲ ਹੋ ਰਿਹਾ ਹੈ| ਆਪ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿਲ ਪਹਿਲਾਂ ਤੋਂ ਹੀ ਹਲਕੇ ਦੇ ਲੋਕਾਂ ਨਾਲ ਅਤੇ ਕਈ ਸੰਸਥਾਵਾਂ ਨਾਲ ਜੁੜੇ ਹੋਏ ਹਨ| ਨਰਿੰਦਰ ਸ਼ੇਰਗਿਲ ਦੇ ਪਿਤਾ ਸ੍ਰ. ਭਜਨ ਸਿੰਘ ਸ਼ੇਰਗਿਲ ਲੰਮੇ ਸਮੇਂ ਤੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਪ੍ਰੋ. ਰਵੀਇੰਦਰ ਸਿੰਘ ਨਾਲ ਸਿਆਸੀ ਅਤੇ ਨਿਜੀ ਤੌਰ ਤੇ ਜੁੜੇ ਹੋਏ ਹਨ| ਇਸ ਹਲਕੇ ਦੇ ਕਈ ਪਿੰਡ ਅਜਿਹੇ ਹਨ ਜਿਥੇ ਰਵੀਇੰਦਰ ਸਿੰਘ ਦੇ ਧੜੇ ਦਾ ਕਾਫੀ ਬੋਲਬਾਲਾ ਹੈ ਜਿਸ ਦਾ ਸਿਧਾ ਲਾਭ ਨਰਿੰਦਰ ਸ਼ੇਰਗਿਲ ਨੂੰ ਮਿਲ ਸਕਦਾ ਹੈ| ਇਸੇ ਤਰ੍ਹਾਂ ਅਕਾਲੀ ਦਲ ਦੇ ਉਮੀਦਵਾਰ ਤੇਜਿੰਦਰਪਾਲ ਸਿੰਘ ਸਿੱਧੂ ਭਾਵੇਂ ਹੁਣੇ ਹੀ ਸਿਆਸਤ ਵਿੱਚ ਆਏ ਹਨ ਪਰ ਮੁਹਾਲੀ ਦਾ ਡੀ.ਸੀ ਰਹਿਣ ਦੇ ਸਮੇਂ ਉਹ ਇਲਾਕਾ ਨਿਵਾਸੀਆ ਤੇ ਚੰਗੀ ਛਾਪ ਛਡ ਗਏ ਸਨ| ਮੁਹਾਲੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਆਗੂ ਪਹਿਲਾਂ ਹੀ ਕਈ ਧੜਿਆਂ ਵਿੱਚ ਵੰਡੇ ਹੋਣ ਕਾਰਨ ਅਕਾਲੀ ਦਲ ਨੂੰ ਆਸ ਹੈ ਕਿ ਸ੍ਰ. ਸਿੱਧੂ ਸਾਰੇ ਅਕਾਲੀ ਧੜੇ ਨਾਲ ਲੈ ਕੇ ਚਲਣ ਵਿੱਚ ਸਫਲ ਹੋਣਗੇ| ਬਤੌਰ ਡੀ.ਸੀ ਮੁਹਾਲੀ ਦੇ ਲੋਕਾਂ ਨਾਲ ਉਹਨਾਂ ਦੇ ਰਿਸਤੇ ਉਹਨਾਂ ਨੂੰ ਸਿਆਸੀ ਲਾਭ ਵੀ ਪਹੁੰਚਾ ਸਕਦੇ ਹਨ|
ਜਿਥੋਂ ਤੱਕ ਕਾਂਗਰਸ ਦੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਸਵਾਲ ਹੈ ਤਾਂ ਉਹ ਪੂਰਨ ਤੌਰ ਤੇ ਮੁਹਾਲੀ ਹਲਕੇ ਨੂੰ ਸਮਰਪਿਤ ਹਨ| ਉਹਨਾਂ ਦਾ ਵੱਧ ਤੋਂ ਵੱਧ ਸਮਾਂ ਮੁਹਾਲੀ ਹਲਕੇ ਦੇ ਵਸਨੀਕਾਂ ਦੇ ਦੁੱਖ-ਸੁੱਖ ਦੇ ਸਮੇਂ ਉਹਨਾਂ ਦੇ ਵਿੱਚ ਵਿਚਰਨ ਵਿੱਚ ਬਤੀਤ ਹੁੰਦਾ ਹੈ ਇਹੀ ਕਾਰਨ ਹੈ ਕਿ ਮੁਹਾਲੀ ਦੇ ਉਹਨਾਂ ਦੇ ਸਮਰਥਕ ਮਹਿਸੂਸ ਕਰਦੇ ਹਨ ਕਿ ਬਲਬੀਰ ਸਿੰਘ ਸਿੱਧੂ ਦੇ ਸਾਹਮਣੇ ਭਾਵੇਂ ਕਿੰਨੀਆਂ ਚੁਣੌਤੀਆਂ ਆ ਜਾਣ ਉਹ ਸਭ ਮੁਸ਼ਕਲਾਂ ਤੇ ਭਾਰੀ ਪੈਣਗੇ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ| ਸਿੱਧੂ ਦੇ ਸਾਹਮਣੇ ਪਾਰਟੀ ਵਿਰੋਧ ਦੀ ਸਮਸਿਆ ਨਾਂਹ ਬਰਾਬਰ ਹੈ ਜਦੋਂਕਿ ਬਾਕੀ ਉਮੀਦਵਾਰਾਂ  ਨੂੰ ਪਹਿਲਾਂ ਆਪਣਾ-ਆਪਣਾ ਘਰ ਸੰਭਾਲ ਕੇ ਅੱਗੇ ਵਧਣਾ ਪਵੇਗਾ| ਇਸ ਤੋਂ ਬਿਨ੍ਹਾਂ ਡੈਮੋਕ੍ਰੈਟਿਕ ਸਵਰਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਵੀ ਆਮ ਆਦਮੀ ਪਾਰਟੀ ਵਿਚੋਂ ਨਿਕਲ ਕੇ ਆਏ ਹਨ ਅਤੇ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਮਹਿੰਦਰ ਪਾਲ ਲਾਲਾ ਵੀ ਆਪ ਛੱਡ ਕੇ ਚੋਣ ਮੈਦਾਨ ਵਿੱਚ ਉਤਰੇ ਹਨ|
ਹੁਣ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਮੈਦਾਨ ਵਿੱਚ ਆਉਣ ਨਾਲ ਆਉਣ ਵਾਲੇ ਦਿਨਾਂ ਵਿੱਚ ਲੀਡਰਾਂ ਦੀ ਭੰਨ ਟੁਟ ਵੀ ਸ਼ੁਰੂ ਹੋਵੇਗੀ ਅਤੇ ਚੋਣ ਪ੍ਰਚਾਰ ਤੇਜ਼ ਹੋਣ ਨਾਲ ਮੁਹਾਲੀ ਹਲਕੇ ਦਾ ਮੁਕਾਬਲਾ ਵੀ ਹੋਰ ਰੋਚਕ ਹੁੰਦਾ ਜਾਵੇਗਾ|
ਇਸ ਹਲਕੇ ਦੀ ਚੋਣ ਵੀ ਪ੍ਰਮੁਖ ਹਲਕਿਆ ਦੀ ਤਰ੍ਹਾਂ ਹੀ ਰੋਚਿਕ ਅਤੇਹਾਈਟੈਕ ਹੋਵੇਗੀ ਜਿਸ ਤੇ ਸਭ ਦੀਆਂ ਨਜ਼ਰਾਂ ਹੋਣਗੀਆਂ|

Leave a Reply

Your email address will not be published. Required fields are marked *