ਰੋਡਵੇਜ਼ ਅਤੇ ਪਬਲਿਕ ਟਰਾਂਸਪੋਰਟ ਬੱਸਾਂ ਦੀ ਟੱਕਰ ਵਿੱਚ, 4 ਵਿਅਕਤੀਆਂ ਦੀ ਮੌਤ 20 ਜ਼ਖਮੀ

ਰਾਜਸਥਾਨ, 9 ਜੁਲਾਈ (ਸ.ਬ.) ਆਗਰਾ-ਬੀਕਾਨੇਰ ਨੈਸ਼ਨਲ ਹਾਈਵੇਅ ਤੇ ਅੱਜ ਦੌਸਾ ਦੇ ਰੇਟਾ ਨੇੜੇ ਹੋਏ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਵਿਅਕਤੀ ਜ਼ਖਮੀ ਹੋ ਗਏ| ਜ਼ਖਮੀਆਂ ਵਿੱਚੋਂ 6 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ| ਹਾਦਸਾ ਰੋਡਵੇਜ਼ ਬੱਸ ਅਤੇ ਪਬਲਿਕ ਟਰਾਂਸਪੋਰਟ ਸੇਵਾ ਦੀ ਬੱਸ ਟਕਰਾਉਣ ਕਰਕੇ ਹੋਇਆ| ਘਟਨਾ ਦਾ ਕਾਰਨ ਪਬਲਿਕ ਟਰਾਂਸਪੋਰਟ ਬੱਸ ਦੀ ਰਫਤਾਰ ਤੇਜ਼ ਹੋਣਾ ਦੱਸਿਆ ਜਾ ਰਿਹਾ ਹੈ|
ਇਹ ਹਾਦਸਾ ਸਵੇਰੇ 9.30 ਵਜੇ ਸਿਕੰਦਰਾ ਥਾਣਾ ਇਲਾਕੇ ਦੇ ਰੇਟਾ ਨੇੜੇ ਹੋਇਆ| ਦੋ ਬੱਸਾਂ ਭਰਤਪੁਰ ਤੋਂ ਜੈਪੁਰ ਵੱਲ ਜਾ ਰਹੀਆਂ ਸਨ| ਰਾਜਸਥਾਨ ਰੋਡਵੇਜ਼ ਦੀ ਬੱਸ ਅੱਗੇ ਚੱਲ ਰਹੀ ਸੀ ਅਤੇ ਰਾਜਸਥਾਨ ਪਬਲਿਕ ਟਰਾਂਸਪੋਰਟ ਦੀ ਬੱਸ ਉਸ ਦੇ ਪਿੱਛੇ ਸੀ| ਇਸ ਦੌਰਾਨ ਪਬਲਿਕ ਟਰਾਂਸਪੋਰਟ ਬੱਸ ਦੇ ਚਾਲਕ ਨੇ ਤੇਜ਼ ਰਫਤਾਰ ਵਿੱਚ ਰੋਡਵੇਜ਼ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ| ਜਿਸ ਕਾਰਨ ਦੋਵਾਂ ਬੱਸਾਂ ਦੀ ਆਪਸ ਵਿੱਚ ਟੱਕਰ ਹੋਗਈ| ਹਾਦਸਾ ਹੁੰਦੇ ਹੀ ਮੌਕੇ ਤੇ ਹੜਕੰਪ ਮਚ ਗਿਆ ਅਤੇ ਲੋਕਾਂ ਦੀ ਭੀੜ ਇੱਕਠੀ ਹੋ ਗਈ| ਹਾਦਸੇ ਵਿੱਚ ਚਾਰ ਯਾਤਰੀਆਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ| ਪਿੰਡ ਵਾਸੀਆਂ ਨੇ ਜ਼ਖਮੀਆਂ ਨੂੰ ਤੁਰੰਤ ਬੱਸ ਵਿੱਚੋਂ ਕੱਢ ਕੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ| ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *