ਰੋਡ ਸ਼ੋਆਂ ਦੇ ਨਾਮ ਰਿਹਾ ਚੋਣ ਪ੍ਰਚਾਰ ਦਾ ਆਖਰੀ ਦਿਨ

ਐਸ. ਏ. ਐਸ. ਨਗਰ 2 ਫਰਵਰੀ (ਸ.ਬ.) ਪੰਜਾਬ ਵਿਧਾਨ ਸਭਾ ਚੋਣਾਂ ਲਈ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਸੰਬੰਧੀ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਅੱਜ ਵੱਖ ਵੱਖ ਉਮੀਦਵਾਰਾਂ ਵਲੋਂ ਰੋਡ ਸ਼ੋਅ ਕੱਢ ਤੇ ਆਪਣੇ ਚੋਣ ਪ੍ਰਚਾਰ ਦਾ ਰਸਮੀ ਸਮਾਪਨ ਕੀਤਾ ਗਿਆ ਅਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਹਿਰ ਵਾਸਤੇ ਅੱਜ ਦਾ ਦਿਨ ਉਮੀਦਵਾਰਾਂ ਵਲੋਂ ਕੱਢੇ ਗਏ ਰੋਡ ਸ਼ੋਆਂ ਦੇ ਨਾਮ ਰਿਹਾ| ਇਸ ਦੌਰਾਨ ਅੱਜ ਮੁਹਾਲੀ ਹਲਕੇ ਵਿੱਚ ਚੋਣ ਲੜ ਰਹੇ ਮੁੱਖ ਉਮੀਦਵਾਰਾਂ ਨੇ ਆਪੋ ਆਪਣੇ ਸਮਰਥਕਾਂ ਨਾਲ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਰੋਡ ਸ਼ੋਅ  ਆਯੋਜਿਤ ਕੀਤੇ ਜਿਸ ਦੌਰਾਨ ਪੂਰਾ ਸ਼ਹਿਰ ਹੀ ਸਿਆਸੀ ਰੰਗਤ ਵਿੱਚ ਰੰਗਿਆ ਨਜਰ ਆਇਆ| ਇਹਨਾਂ ਉਮੀਦਵਾਰਾਂ ਵਲੋਂ ਜਿੱਥੇ ਰੋਡ ਸ਼ੋਆਂ ਰਾਹੀਂ ਆਪੋ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਉੱਥੇ ਉਹਨਾਂ ਨੇ ਚੋਣ ਪ੍ਰਚਾਰ ਦੇ ਆਖਿਰੀ ਦਿਨ ਸੜਕਾਂ ਤੇ ਘੁੰਮ ਕੇ ਵੋਟਰਾਂ ਤੋਂ ਅਸ਼ੀਰਵਾਦ ਮੰਗਿਆ| ਗਿਣਤੀ ਪੱਖੋ ਸਾਰੇ ਹੀ ਉਮੀਦਵਾਰਾਂ ਦੇ ਰੋਡ ਸ਼ੋਅ ਪ੍ਰਭਾਵਸ਼ਾਲੀ ਰਹੇ ਅਤੇ ਇਹਨਾਂ ਰੋਡ ਸ਼ੋਆਂ ਤੋਂ ਬਾਅਦ ਸਾਰੇ ਹੀ ਉਮੀਦਵਾਰਾਂ ਦੇ ਸਮਰਥਕ ਹੌਸਲੇ ਵਿੱਚ ਦਿਖਾਈ ਦਿੱਤੇ|
ਚੋਣ ਪ੍ਰਚਾਰ ਦੇ ਆਖਰੀ ਦਿਨ ਮੁਹਾਲੀ ਹਲਕੇ ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬਲਬੀਰ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿੱਲ ਅਤੇ ਡੈਮੋਕਰੈਟਿਕ ਸਵਰਾਜ ਪਾਰਟੀ ਦੇ ਉਮੀਦਵਾਰ ਸ੍ਰ. ਬਲਵਿੰਦਰ ਸਿੰਘ ਕੁੰਭੜਾ ਵਲੋਂ ਰੋਡ ਸ਼ੋਆਂ ਰਾਹੀਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ| ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਕੈਪਟਨ ਤਜਿੰਦਰ ਪਾਲ ਸਿੰਘ ਸਿੱਧੂ ਵਲੋਂ ਅੱਜ ਰੋਡ ਸ਼ੋਅ ਕੱਢਣ ਦੀ ਬਜਾਏ ਛੋਟੀਆਂ ਛੋਟੀਆਂ ਮੀਟਿੰਗਾਂ ਕਰਨ ਅਤੇ ਵੋਟਰਾਂ ਦੇ ਘਰੋ ਘਰੀ ਜਾ ਕੇ ਪ੍ਰਚਾਰ ਕਰਨ ਨੂੰ ਤਰਜੀਹ ਦਿੱਤੀ|
ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦੇ ਵੱਖ ਵੱਖ ਹਿੱਸਿਆ ਵਿੱਚ ਪੈਦਲ ਰੋਡ ਸ਼ੋਅ ਕੀਤਾ| ਰੋਡ ਸ਼ੋਅ ਫੇਜ਼ 8 ਤੋਂ ਆਰੰਭ ਹੋਇਆ ਅਤੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ  ਵਿੱਚੋਂ ਦੀ ਲੰਘਦਾ ਹੋਇਆ ਉਦਯੋਗਿਕ ਖੇਤਰ ਫੇਜ਼ 1 ਵਿੱਚ ਸਥਿਤ ਜਿਲ੍ਹਾ ਕਾਂਗਰਸ ਕਮੇਟੀ ਦੇ ਦਫਤਰ ਪਹੁੰਚ ਕੇ ਸਮਾਪਤ ਹੋਇਆ| ਇਸ ਰੋਡ ਸ਼ੋਅ ਦੀ ਖਾਸ ਗੱਲ ਇਹ ਰਹੀ ਕਿ ਕਾਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬਲਬੀਰ ਸਿੰਘ ਨੇ ਆਪਣੇ ਰੋਡ ਸ਼ੋਅ ਦਾ ਇਹ ਪੂਰਾ ਪੈਂਡਾ ਪੈਦਲ ਚਲ ਕੇ ਪੂਰਾ ਕੀਤਾ ਅਤੇ ਇਸ ਮੌਕੇ ਭਾਰੀ ਗਿਣਤੀ ਵਿੱਚ ਉਹਨਾਂ ਦੇ ਸਮਰਥਕ ਵੀ ਪੈਦਲ ਚਲਦੇ ਰਹੇ| ਇਸ ਦੌਰਾਨ  ਸ੍ਰੀ ਸਿੱਧੂ ਨੇ ਸੜਕ ਦੇ ਦੋਵੇਂ ਪਾਸੇ ਖੜ੍ਹੇ ਲੋਕਾਂ ਦਾ ਧੰਨਵਾਦ ਵੀ ਕੀਤਾ| ਇਸ ਮੌਕੇ  ਸ੍ਰੀ ਸਿੱਧੂ ਨੇ ਕਿਹਾ ਕਿ ਅੱਜ ਦੇ ਰੋਡ ਸ਼ੋਅ ਦੌਰਾਨ ਉਹਨਾਂ ਨੂੰ ਹਲਕਾ ਨਿਵਾਸੀਆਂ ਨੇ ਭਰਪੂਰ ਸਮਰਥਨ ਦਿੱਤਾ ਹੈ ਅਤੇ ਉਹਨਾਂ ਨੇ ਰੋਡ ਸ਼ੋਅ ਵਿੱਚ ਸ਼ਾਮਿਲ ਵਰਕਰਾਂ ਅਤੇ ਹਲਕਾ ਨਿਵਾਸੀਆਂ ਦਾ ਧੰਨਵਾਦ ਕੀਤਾ|
ਆਮ ਆਦਮੀ ਪਾਰਟੀ ਦੇ ਹਲਕਾ  ਮੁਹਾਲੀ ਦੇ ਉਮੀਦਵਾਰ ਸ੍ਰੀ ਨਰਿੰਦਰ ਸਿੰਘ ਸ਼ੇਰਗਿੱਲ ਦੇ ਰੋਡ ਸ਼ੋਅ ਦਾ ਕਾਫਲਾ ਟ੍ਰੈਕਟਰਾਂ, ਕਾਰਾਂ, ਥ੍ਰੀ ਵਹੀਲਰਾਂ ਅਤੇ ਸਕੂਟਰ-ਮੋਟਰ ਸਾਈਕਲ ਸਵਾਰਾਂ ਨਾਲ ਭਰਿਆ ਹੋਇਆ ਸੀ| ਇਹ ਰੋਡ ਸ਼ੋਅ ਫੇਜ਼-6 ਤੋਂ ਚਲ ਕੇ ਮੁਹਾਲੀ ਦੇ ਵੱਖ ਵੱਖ ਹਿੱਸਿਆ ਵਿੱਚੋਂ ਲੰਘਦਾ ਹੋਇਆ ਗੁਰੁਦੁਆਰਾ ਅੰਬ ਸਾਹਿਬ ਦੇ ਸਾਮਣੇ ਤੋਂ ਹੁੰਦਾ ਹੋਇਆ ਫੇਜ਼ 11 ਤੋਂ ਪਿੰਡਾਂ ਵੱਲ ਰਵਾਨਾ ਹੋ ਗਿਆ ਅਤੇ ਬਾਅਦ ਵਿੱਚ ਪਿੰਡਾਂ ਵਿੱਚੋਂ ਹੁੰਦਾ ਹੋਇਆ ਪਾਰਟੀ ਦੇ ਦਫਤਰ ਪਹੁੰਚ ਕੇ ਸਮਾਪਤ ਹੋਇਆ| ਰੋਡ ਸ਼ੋਅ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਭਰਵੀਂ ਹਾਜਰੀ ਲਗਵਾਈ ਅਤੇ ਵੱਡੀ ਗਿਣਤੀ ਵਿੱਚ ਕਾਰਾਂ, ਜੀਪਾਂ, ਟ੍ਰੈਕਟਰ ਅਤੇ ਆਟੋ ਰਿਕਸ਼ਿਆਂ ਦੇ ਸ਼ਾਮਿਲ ਹੋਣ ਕਾਰਨ ਰੋਡ ਸ਼ੋਅ ਪੂਰੀ ਤਰ੍ਹਾਂ ਕਾਮਯਾਬ ਰਿਹਾ| ਆਮ ਆਦਮੀ ਪਾਰਟੀ ਦੇ ਹਲਕਾ ਮੁਹਾਲੀ ਤੋਂ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਨੇ ਜਿੱਥੇ ਰੋਡ ਸ਼ੋਅ ਨੂੰ ਕਾਮਯਾਬ ਕਰਨ ਲਈ ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਇਹ ਦਾਅਵਾ ਵੀ ਕੀਤਾ ਕਿ ਅੱਜ ਦੇ ਰੋਡ ਸ਼ੋਅ ਨਾਲ ਹਲਕੇ ਦੇ ਲੋਕਾਂ ਨੇ ਸਾਫ ਸੰਕੇਤ ਦੇ ਦਿੱਤੇ ਹਨ ਕਿ ਹਲਕਾ ਨਿਵਾਸੀ  ਉਹਨਾਂ ਦੇ ਨਾਲ ਹਨ|
ਇਸ ਦੌਰਾਨ ਡੈਮੋਕਰੈਟਿਕ ਸਵਰਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਨੇ ਵੀ ਅੱਜ ਮੁਹਾਲੀ ਦੇ ਵੱਖ ਵੱਖ ਹਿੱਸਿਆ ਵਿੱਚ ਰੋਡ ਸ਼ੋਅ ਕੱਢਿਆ|  ਇਸ ਮੌਕੇ ਸ੍ਰ. ਕੁੰਭੜਾ ਨੇ ਕਿਹਾ ਕਿ ਪਿੰਡਾਂ ਵਿੱਚ ਉਹਨਾਂ ਨੂੰ ਭਰਪੂਰ ਸਮਰਥਨ ਹਾਸਿਲ ਹੋਇਆ ਹੈ ਅਤੇ ਉਹਨਾਂ ਦੇ ਰੋਡ ਸ਼ੋਅ ਵਿੱਚ ਜਿਹੜੇ ਵਿਅਕਤੀ ਸ਼ਾਮਿਲ ਹੋਏ ਹਨ ਉਹ ਇਸੇ ਹਲਕੇ ਦੇ ਵਸਨੀਕ ਹਨ ਅਤੇ ਉਹਨਾਂ ਨੇ ਭੀੜ ਵਧਾਉਣ ਲਈ ਬਾਹਰੋ ਲੋਕ ਨਹੀਂ ਸੱਦੇ ਹਨ| ਰੋਡ ਸ਼ੋਅ ਵਿੱਚ ਆਸ ਤੋਂ ਵੱਧ ਗੱਡੀਆਂ ਹੋਣ ਕਾਰਨ ਸ੍ਰ.ਕੰਬੜਾ ਆਸਵੰਦ ਸਨ ਕਿ ਲੋਕ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਕਾਮਯਾਬ ਬਣਾਉਣਗੇ|
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਕੈਪਟਨ ਤਜਿੰਦਰ ਪਾਲ ਸਿੰਘ ਸਿੱਧੂ ਨੂੰ ਅੱਜ ਰੋਡ ਸ਼ੋਅ ਕੱਢਣ ਦੀ ਬਜਾਏ ਛੋਟੀਆਂ ਛੋਟੀਆਂ ਮੀਟਿੰਗਾਂ ਅਤੇ ਘਰ ਘਰ ਜਾ ਕੇ ਪ੍ਰਚਾਰ ਕਰਨ ਨੂੰ ਤਰਜੀਹ ਦਿੱਤੀ| ਕੈਪਟਨ ਸਿੱਧੂ ਨੇ ਕਿਹਾ ਕਿ ਉਹ ਲੋਕਾਂ ਦੇ ਨਾਲ ਸਾਧਾਰਣ ਤਰੀਕੇ ਨਾਲ ਸੰਪਰਕ ਬਣਾਉਣ ਨੂੰ ਤਰਜੀਹ ਦਿੰਦੇ ਹਨ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਲੋਕ ਪੰਜਾਬ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਵੋਟਾਂ ਪਾਉਣਗੇ|

Leave a Reply

Your email address will not be published. Required fields are marked *