ਰੋਪੜ ਪੁਲੀਸ ਵੱਲੋਂ ਪਹਿਲਵਾਨ ਗਰੁੱਪ ਦੇ 3 ਗੈਂਗਸਟਰ ਗ੍ਰਿਫਤਾਰ

ਰੋਪੜ, 29 ਜਨਵਰੀ (ਸ.ਬ.) ਰੋਪੜ ਪੁਲੀਸ ਨੇ ਹਾਈਵੇਅ ਡਕੈਤੀ ਦੇ 5 ਕੇਸਾਂ ਵਿੱਚ ਕਥਿਤ ਤੌਰ ਤੇ ਸ਼ਾਮਲ ਪਹਿਲਵਾਨ ਗਰੁੱਪ ਦੇ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂਕਿ ਇਨ੍ਹਾਂ ਦੇ 4 ਸਾਥੀ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ| ਇਹ ਪਹਿਲਵਾਨ ਗਰੁੱਪ ਫਤਿਹਗੜ੍ਹ ਸਾਹਿਬ, ਖੰਨਾ ਅਤੇ ਪਟਿਆਲਾ ਦੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਰਾਜਨੀਤੀ ਨੂੰ ਲੈ ਕੇ ਖੰਨਾ ਦੇ ਗਾਂਧੀ ਗਰੁੱਪ ਨਾਲ ਹਥਿਆਰਬੰਦ ਸੰਘਰਸ਼ ਵਿੱਚ ਸ਼ਾਮਲ ਸੀ| ਰੋਪੜ ਦੇ ਐਸ.ਐਸ.ਪੀ, ਸਵਾਪਨ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਸਰਹਿੰਦ ਦੇ ਪਹਿਲਵਾਨ ਗਰੁੱਪ ਨਾਲ ਸਬੰਧਤ ਹਨ| ਇਹ ਗੈਂਗਸਟਰ ਰੋਪੜ, ਖੰਨਾ ਅਤੇ ਫਤਿਹਗੜ੍ਹ ਸਾਹਿਬ ਵਿਖੇ ਡਕੈਤੀ ਦੇ ਪੰਜ ਕੇਸਾਂ ਵਿੱਚ ਸ਼ਾਮਲ ਸਨ| ਗ੍ਰਿਫਤਾਰ ਕੀਤੇ ਗਏ ਇਹਨਾਂ ਗੈਂਗਸਟਰਾਂ ਤੋਂ ਪੁਲੀਸ ਨੇ 4 ਪਿਸਤੌਲ (32 ਬੋਰ) ਅਤੇ 22 ਅਣਚੱਲੇ ਕਾਰਤੂਸ ਵੀ ਬਰਾਮਦ ਕੀਤੇ ਹਨ| ਇਹ ਹਥਿਆਰ ਇਨ੍ਹਾਂ ਗੈਗਸਟਰਾਂ ਵੱਲੋਂ ਮੇਰਠ, ਯੂ.ਪੀ. ਤੋਂ ਆਪਣੇ ਜਾਣਕਾਰ ਜ਼ਰੀਏ ਖਰੀਦੇ ਗਏ ਸਨ|
ਇਹਨਾਂ ਗੈਂਗਸਟਰਾਂ ਵਿੱਚ ਕੌਮੀ ਪੱਧਰ ਦਾ ਵੇਟਲਿਫਟਰ ਅਤੇ ਕਾਲਜ ਦੀ ਵਿਦਿਆਰਥੀ ਯੂਨੀਅਨ ਦਾ ਸਾਬਕਾ ਪ੍ਰਧਾਨ ਸ਼ਾਮਲ ਹਨ| ਇਹਨਾਂ ਨੂੰ ਬੀਤੀ ਸ਼ਾਮ ਗੁਪਤ ਸੂਚਨਾ ਮਿਲਣ ਉਪਰੰਤ 10 ਕਿਲੋਮੀਟਰ ਦੀ ਲੰਮੀ ਭੱਜ ਦੌੜ ਤੋਂ ਬਾਅਦ ਕਟਲੀ ਟੀ ਪੁਆਇੰਟ ਵਿਖੇ ਰੋਪੜ ਪੁਲੀਸ ਦੇ ਇੰਸਪੈਕਟਰ ਦੀਪਿੰਦਰ ਦੀ ਅਗਵਾਈ ਵਾਲੀ ਸੀ. ਆਈ. ਏ. ਸਟਾਫ 1 ਦੀ ਟੀਮ ਵਲੋਂ ਕਾਬੂ ਕੀਤਾ ਗਿਆ| ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਰਸੂਲੜਾ, ਖੰਨਾ ਤੋਂ ਨੀਲਾਮੱਲ ਉਰਫ ਬਿੱਲਾ, ਖੰਨਾ ਤੋਂ ਵਿਸ਼ਾਲ, ਜੋ ਆਰ.ਆਈ.ਐਮ.ਟੀ. ਕਾਲਜ ਮੰਡੀ ਗੋਬਿੰਦਗੜ੍ਹ ਦਾ ਸਾਬਕਾ ਪ੍ਰਧਾਨ ਹੈ ਅਤੇ ਰਾਜਪੁਰਾ ਤੋਂ ਗੁਰਜੋਤ, ਜਿਸ ਵਿਰੁੱਧ ਪਟਿਆਲਾ ਵਿਖੇ ਲੁੱਟ ਦੇ ਦੋ ਕੇਸ ਦਰਜ ਸਨ ਅਤੇ ਹੁਣ ਜ਼ਮਾਨਤ ਤੇ ਬਾਹਰ ਸੀ, ਸ਼ਾਮਲ ਹਨ| ਮੁੱਢਲੀ ਜਾਂਚ ਅਨੁਸਾਰ ਉਨ੍ਹਾਂ ਦੇ ਸਾਥੀ ਜੋ ਅਜੇ ਤੱਕ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ, ਵੀ ਖੰਨਾ ਅਤੇ ਪਟਿਆਲਾ ਨਾਲ ਸਬੰਧਤ ਹਨ|
ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਹ ਗੈਂਗਸਟਰ ਪਿਛਲੇ ਸਾਲ ਨਵੰਬਰ ਵਿੱਚ ਸਰਹਿੰਦ ਅਤੇ ਖੰਨਾ ਵਿਖੇ ਮੋਟਰਸਾਈਕਲ ਚੋਰੀ ਅਤੇ ਸ਼ਰਾਬ ਦੇ 2 ਠੇਕਿਆਂ ਦੀ ਹਥਿਆਰਬੰਦ ਲੁੱਟ ਵਿੱਚ ਸ਼ਾਮਲ ਸਨ| ਇਨ੍ਹਾਂ ਵੱਲੋਂ ਪਥਰੇੜੀ ਜੱਟਾਂ ਅਤੇ ਸੰਧੂਆਂ, ਜ਼ਿਲ੍ਹਾ ਰੋਪੜ ਵਿੱਚ ਵੀ ਸ਼ਰਾਬ ਦੇ ਠੇਕਿਆਂ ਦੀ ਲੁੱਟ ਕੀਤੀ ਗਈ ਸੀ| ਇਸ ਤਿੱਕੜੀ ਵੱਲੋਂ ਆਪਣੇ ਸਾਥੀਆਂ ਨਾਲ ਬੱਸੀ ਪਠਾਣਾ ਵਿੱਚ ਵੀ ਠੇਕੇ ਦੀ ਹਥਿਆਰਬੰਦ ਲੁੱਟ ਦੀ ਕੋਸ਼ਿਸ਼ ਕੀਤੀ ਗਈ ਸੀ, ਜਿੱਥੇ ਠੇਕੇ ਦੇ ਮਾਲਕ ਤੇ ਇਨ੍ਹਾਂ ਗੈਂਗਸਟਰਾਂ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਸਨ| ਪੁਲੀਸ ਹੁਣ ਇਸ ਗਿਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਵਿੱਚ ਹੈ| ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਕੁਝ ਮਹਾਰਾਸ਼ਟਰ ਅਤੇ ਗੁਜਰਾਤ ਭੱਜ ਗਏ ਹਨ| ਮੰਨਿਆ ਜਾਂਦਾ ਹੈ ਕਿ ਇਸ ਗਿਰੋਹ ਦਾ ਇੱਕ ਮੈਂਬਰ ਵਿਦੇਸ਼ ਭੱਜ ਗਿਆ ਹੈ|

Leave a Reply

Your email address will not be published. Required fields are marked *