ਰੋਸ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਵੱਲੋਂ ਦੁਕਾਨਾਂ ਦੀ ਭੰਨ ਤੋੜ

ਰੋਸ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਵੱਲੋਂ ਦੁਕਾਨਾਂ ਦੀ ਭੰਨ ਤੋੜ
ਪੁਲੀਸ ਨੇ ਕੀਤਾ ਲਾਠੀਚਾਰਜ
ਪਟਿਆਲਾ, 1 ਜੁਲਾਈ (ਸ.ਬ.) ਪਟਿਆਲਾ ਦੇ ਰਜਿੰਦਰਾ ਹਸਪਤਾਲ ਨੇੜੇ ਫੁਹਾਰਾ ਚੌਂਕ ਵਿੱਚ ਅੱਜ ਧੀਰੂ ਨਗਰ ਦੇ ਵਸਨੀਕਾਂ ਵਲੋਂ ਰੋਸ ਪ੍ਰਦਰਸ਼ਨ ਦੌਰਾਨ ਕਈ ਦੁਕਾਨਾਂ ਅਤੇ ਰੇਹੜੀਆਂ ਦੀ ਭੰਨਤੋੜ ਕਰ ਦਿੱਤੀ, ਜਿਸ ਕਰਕੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ| ਹਿੰਸਕ ਵਿਅਕਤੀਆਂ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਉਥੇ ਲਾਠੀਚਾਰਜ ਕਰਨਾ ਪਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਵਿੱਚ ਦੇਰ ਰਾਤ ਦੋ ਗਰੁੱਪਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ, ਜਿਸ ਵਿੱਚ ਧੀਰੂ ਨਗਰ ਦੇ ਵਸਨੀਕ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਵਿਅਕਤੀ ਜਖਮੀ ਹੋ ਗਿਆ ਸੀ, ਜਿਸਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ| ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ|
ਅੱਜ ਸਵੇਰ ਵੇਲੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਧੀਰੂ ਨਗਰ ਦੇ ਵਸਨੀਕ ਰਜਿੰਦਰਾ ਹਸਪਤਾਲ ਦੇ ਸਾਹਮਣੇ ਫੁਹਾਰਾ ਚੌਂਕ ਵਿੱਚ ਇੱਕਠੇ ਹੋ ਕੇ ਰੋਸ ਪ੍ਰਦਰਸ਼ਨ ਕਰਨ ਲੱਗ ਪਏ| ਇਸ ਮੌਕੇ ਉਹਨਾਂ ਵਲੋਂ ਪੁਲੀਸ ਵਿਰੁੱਧ ਨਾਰ੍ਹੇਬਾਰੀ ਕੀਤੀ ਗਈ| ਕੁਝ ਸਮੇਂ ਬਾਅਦ ਹੀ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਵਿਅਕਤੀ ਹਿੰਸਕ ਹੋ ਗਏ ਹਨ ਅਤੇ ਉਹਨਾਂ ਨੇ ਉੱਥੇ ਸਥਿਤ ਦੁਕਾਨਾਂ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿਤੀ| ਇਸ ਦੌਰਾਨ ਕਈ ਰੇਹੜੀਆਂ ਦੀ ਵੀ ਭੰਨ ਤੋੜ ਕਰ ਦਿਤੀ ਗਈ| ਦੁਕਾਨਾਂ ਦੀ ਭੰਨ ਤੋੜ ਕਰਨ ਕਰਕੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ| ਜਿਸ ਕਰਕੇ ਦੁਕਾਨਦਾਰ ਡਰਦੇ ਮਾਰੇ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ| ਹਿੰਸਕ ਧਰਨਾਕਾਰੀਆਂ ਨੂੰ ਕਾਬੂ ਕਰਨ ਲਈ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਸਥਿਤੀ ਕਾਬੂ ਹੇਠ ਕੀਤੀ|  ਇਸ ਮੌਕੇ ਇਸ ਇਲਾਕੇ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿਤਾ ਗਿਆ ਸੀ ਅਤੇ ਪੁਲੀਸ ਦੇ ਉੱਚ ਅਧਿਕਾਰੀ ਸਥਿਤੀ ਉਪਰ ਲਗਾਤਾਰ ਨਜਰ ਰੱਖ ਰਹੇ ਸਨ| ਖਬਰ ਲਿਖੇ ਜਾਣ ਵੇਲੇ ਤੱਕ ਇਲਾਕੇ ਵਿੱਚ ਤਨਾਓ ਭਰੀ ਸ਼ਾਂਤੀ ਸੀ|
ਇਸ ਇਲਾਕੇ ਦੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਧਰਨਾਕਾਰੀਆਂ ਨੂੰ ਉਹਨਾਂ ਦੀਆਂ ਦੁਕਾਨਾਂ ਅਤੇ ਰੇਹੜੀਆਂ ਦੀ ਭੰਨ ਤੋੜ ਨਹੀਂ ਕਰਨੀ ਚਾਹੀਦੀ ਸੀ| ਦੁਕਾਨਦਾਰਾਂ ਵਿੱਚ ਇਸ ਘਟਨਾਂ ਵਿਰੁੱਧ ਰੋਸ ਦੀ ਲਹਿਰ ਪਾਈ ਜਾ ਰਹੀ ਸੀ|

Leave a Reply

Your email address will not be published. Required fields are marked *