ਰੋਹਿੰਗਿਆ ਸ਼ਰਨਾਰਥੀਆਂ ਦੀ ਸਥਿਤੀ ਤੇ ਪੂਰੀ ਰਿਪੋਰਟ ਪੇਸ਼ ਕਰੇ ਕੇਂਦਰ: ਸੁਪਰੀਮ ਕੋਰਟ

ਨਵੀਂ ਦਿੱਲੀ, 19 ਮਾਰਚ (ਸ.ਬ.) ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਵੱਖ-ਵੱਖ ਰਾਜਾਂ ਵਿੱਚ ਰਹਿ ਰਹੇ ਰੋਹਿੰਗਿਆ ਸ਼ਰਨਾਰਥੀਆਂ ਦੀ ਸਥਿਤੀ ਤੇ ਪੂਰੀ ਰਿਪੋਰਟ ਪੇਸ਼ ਕਰਨ ਦਾ ਅੱਜ ਨਿਰਦੇਸ਼ ਦਿੱਤਾ| ਪਟੀਸ਼ਨਕਰਤਾ ਜਫਰ ਉਲਾਹ ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਕੋਲਿਨ ਗੋਂਜਾਲਿਵਸ ਨੇ ਸੁਪਰੀਮ ਕੋਰਟ ਦੇ ਸਾਹਮਣੇ ਦਲੀਲ ਦਿੱਤੀ ਕਿ ਜੰਮੂ-ਕਸ਼ਮੀਰ, ਦਿੱਲੀ ਅਤੇ ਹਰਿਆਣਾ ਵਿੱਚ ਰੋਹਿੰਗਿਆ ਮੁਸਲਮਾਨ ਬਦਹਾਲੀ ਦਾ ਜੀਵਨ ਬਿਤਾ ਰਹੇ ਹਨ| ਸ਼੍ਰੀ ਗੋਂਜਾਲਿਵਸ ਨੇ ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ. ਖਾਨਵਿਲਕਰ ਅਤੇ ਜਸਟਿਸ ਡੀ.ਵਾਈ. ਚੰਦਰਚੂੜ ਦੀ ਬੈਂਚ ਦੇ ਸਾਹਮਣੇ ਦਲੀਲ ਦਿੱਤੀ ਕਿ ਤਿੰਨੋਂ ਰਾਜਾਂ ਵਿੱਚ ਰੋਹਿੰਗਿਆ ਸ਼ਰਨਾਰਥੀ ਨਰਕ ਭਰਿਆ ਜੀਵਨ ਬਿਤਾ ਰਹੇ ਹਨ, ਅਜਿਹੀ ਸਥਿਤੀ ਵਿੱਚ ਇਨ੍ਹਾਂ ਰਾਜ ਸਰਕਾਰਾਂ ਨੂੰ ਇਨ੍ਹਾਂ ਦੇ ਸ਼ਰਨਾਰਥੀ ਕੰਪਲੈਕਸਾਂ ਵਿੱਚ ਬਿਹਤਰ ਸਹੂਲਤਾਂ ਉਪਲੱਬਧ ਕਰਵਾਉਣ ਦਾ ਨਿਰਦੇਸ਼ ਦਿੱਤਾ ਜਾਣਾ ਚਾਹੀਦਾ|
ਸੀਨੀਅਰ ਐਡਵੋਕੇਟ ਨੇ ਇਨ੍ਹਾਂ ਤਿੰਨ ਰਾਜਾਂ ਵਿੱਚ ਰਹਿ ਰਹੇ ਰੋਹਿੰਗਿਆ ਸ਼ਰਨਾਰਥੀਆਂ ਦੀ ਤਰਸਯੋਗ ਸਥਿਤੀ ਤੇ ਆਪਣੀ ਰਿਪੋਰਟ ਅਦਾਲਤ ਦੇ ਸਾਹਮਣੇ ਪੇਸ਼ ਕੀਤੀ| ਉਨ੍ਹਾਂ ਨੇ ਕਿਹਾ ਕਿ ਰੋਹਿੰਗਿਆ ਸ਼ਰਨਾਰਥੀਆਂ ਦੇ ਕੰਪਲੈਕਸਾਂ ਵਿੱਚ ਨਾ ਟਾਇਲਟ ਉਪਲੱਬਧ ਹਨ, ਨਾ ਬਿਜਲੀ ਅਤੇ ਪੀਣ ਦਾ ਪਾਣੀ| ਇਹ ਸ਼ਰਨਾਰਥੀ ਖੁੱਲ੍ਹੇ ਵਿੱਚ ਟਾਇਲਟ ਕਰਨ ਨੂੰ ਮਜ਼ਬੂਰ ਹਨ| ਉਨ੍ਹਾਂ ਦੀਆਂ ਇਨ੍ਹਾਂ ਦਲੀਲਾਂ ਤੋਂ ਸੰਤੁਸ਼ਟ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਤਿੰਨਾਂ ਰਾਜਾਂ ਨੂੰ ਰੋਹਿੰਗਿਆ ਸ਼ਰਨਾਰਥੀਆਂ ਦੀ ਸਥਿਤੀ ਦੇ ਸੰਬੰਧ ਵਿੱਚ ਪੂਰੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ| ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਦੇ 2, ਜੰਮੂ ਵਿੱਚ 10 ਅਤੇ ਹਰਿਆਣਾ ਦੇ ਮੇਵਾਤ ਵਿੱਚ ਇਕ ਤੋਂ ਵਧ ਕੰਪਲੈਕਸ ਹਨ|

Leave a Reply

Your email address will not be published. Required fields are marked *