ਰੌਲੇ ਰੱਪੇ ਦੀ ਭੇਂਟ ਚੜ੍ਹ ਗਿਆ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਵੀ ਹੰਗਾਮੇ ਅਤੇ ਰੌਲੇ ਰੱਪੇ ਦੀ ਭੇਂਟ ਚੜ ਗਿਆ ਹੈ| ਇਸਤੋਂ ਪਹਿਲਾਂ ਵੀ ਅਜਿਹਾ ਹੁੰਦਾ ਆਇਆ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬਿਨਾ ਕਿਸੇ ਖਾਸ ਪ੍ਰਾਪਤੀ ਤੋਂ ਹੰਗਾਮੇ ਅਤੇ ਰੌਲੇ ਰਪੇ ਦੀ ਭੇਂਟ ਚੜ੍ਹਦਾ ਰਿਹਾ ਹੈ| ਸਾਡੇ ਚੁਣੇ ਹੋਏ ਨੁਮਾਇੰਦੇ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਵਿਧਾਨ ਸਭਾ ਦੇ ਹਰ ਸੈਸ਼ਨ ਉਪਰ ਲੱਖਾਂ ਰੁਪਏ ਖਰਚਾ ਆਉਂਦਾ ਹੈ ਅਤੇ ਇਹ ਸਾਰਾ ਪੈਸਾ ਸਰਕਾਰ ਨੇ ਆਮ ਲੋਕਾਂ ਕੋਲੋਂ ਟੈਕਸਾਂ ਰਾਹੀਂ ਇਕੱਠਾ ਕੀਤਾ ਹੁੰਦਾ ਹੈ ਅਤੇ ਇਸਦਾ ਇੱਕ ਇੱਕ ਮਿੰਟ ਕੀਮਤੀ ਹੁੰਦਾ ਹੈ|
ਪਰੰਤੂ ਇਸਦੀ ਪਰਵਾਹ ਕਿਸੇ ਨੂੰ ਨਹੀਂ ਹੈ| ਸਾਡੇ ਚੁਣੇ ਹੋਏ ਨੁਮਾਇੰਦੇ ਜਦੋਂ ਵੋਟਾਂ ਮੰਗਣ ਲਈ ਲੋਕਾਂ ਦੇ ਦਰਵਾਜੇ ਤੇ ਜਾਂਦੇ ਹਨ ਤਾਂ ਉਹਨਾਂ ਵਲੋਂ ਲੋਕਾਂ ਨਾਲ ਕਈ ਤਰ੍ਹਾਂ ਦੇ ਵਾਇਦੇ ਕੀਤੇ ਜਾਂਦੇ ਹਨ ਪਰੰਤੂ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਲੋਕਾਂ ਵਲੋਂ ਵੋਟਾਂ ਪਾ ਕੇ ਚੁਣੇ ਗਏ ਸਾਡੇ ਇਹ ਨੁਮਾਇੰਦੇ ਵਿਧਾਨ ਸਭਾ ਵਿੱਚ ਆਪਸ ਵਿੱਚ ਹੀ ਲੜਦੇ ਦਿਖਦੇ ਹਨ ਅਤੇ ਕਈ ਵਾਰ ਤਾਂ ਨੌਬਤ ਗਾਲੀ ਗਾਲੌਚ ਅਤੇ ਹੱਥੋਪਾਈ ਤੱਕ ਵੀ ਪਹੁੰਚ ਜਾਂਦੀ ਹੈ|
ਸਾਡੇ ਇਹਨਾਂ ਨੁਮਾਇੰਦਿਆਂ ਦਾ ਇਹ ਵਰਤਾਰਾ ਜਮਹੂਰੀਅਤ ਦਾ ਘਾਣ ਤਾਂ ਕਰਦਾ ਹੀ ਹੈ ਆਮ ਲੋਕਾਂ ਲਈ ਵੀ ਨੁਕਸਾਨਦਾਇਕ ਹੈ ਕਿਉਂਕਿ ਵਿਧਾਨ ਸਭਾ ਸੈਸ਼ਨ ਦਾ ਸਮਾਂ ਰੌਲੇ ਰੱਪੇ ਵਿੱਚ ਹੀ ਲੰਘ ਜਾਣ ਕਾਰਨ ਲੋਕਾਂ ਦੇ ਮਸਲੇ ਹੱਲ ਕਰਨ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾਂਦਾ ਅਤੇ ਸੈਸ਼ਨ ਉਪਰ ਲੱਖਾਂ ਰੁਪਏ ਵਿਅਰਥ ਹੋ ਜਾਂਦੇ ਹਨ| ਸਾਡੇ ਚੁਣੇ ਹੋਏ ਨੁਮਾਇੰਦਿਆਂ ਦੀ ਇਹ ਮੁੱਢਲੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਆਪਣੇ ਹਲਕੇ ਦੇ ਵਸਨੀਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਮੁਹਈਆ ਕਰਵਾਉਣ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਧਾਨ ਸਭਾ ਵਿੱਚ ਆਵਾਜ਼ ਚੁੱਕਣ, ਪਰੰਤੂ ਸਾਡੇ ਵੱਡੀ ਗਿਣਤੀ ਵਿਧਾਇਕ ਅਜਿਹਾ ਕੁਝ ਕਰਨ ਦੀ ਥਾਂ ਇਕ ਦੂਜੇ ਦੀ ਨਿਖੇਧੀ ਕਰਨ ਤਕ ਹੀ ਸੀਮਿਤ ਦਿਖਦੇ ਹਨ ਅਤੇ ਜਿਹੜੇ ਕੁੱਝ ਕੁ ਵਿਧਾਇਕ ਲੋਕ ਮਸਲਿਆਂ ਦੇ ਹੱਲ ਲਈ ਆਵਾਜ ਬੁਲੰਦ ਕਰਨ ਦਾ ਯਤਨ ਕਰਦੇ ਹਨ ਉਹਨਾਂ ਦੀ ਆਵਾਜ ਵੀ ਇਸੇ ਕਾਵਾਂਰੌਲੇ ਵਿੱਚ ਦਬਾ ਦਿੱਤੀ ਜਾਂਦੀ ਹੈ|
ਵਿਧਾਨ ਸਭਾ ਦੇ ਲਗਭਗ ਹਰੇਕ ਸੈਸ਼ਨ ਦੌਰਾਨ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਵਿਚਾਲੇ ਵੱਖ ਵੱਖ ਮੁੱਦਿਆਂ ਉਪਰ ਨੋਕ ਝੋਕ ਹੁੰਦੀ ਹੈ ਅਤੇ ਇਸ ਦੌਰਾਨ ਇਹਨਾਂ ਵਿਧਾਇਕਾਂ ਦੀ ਆਪਸ ਵਿੱਚ ਝੜਪ ਵੀ ਹੋ ਜਾਂਦੀ ਹੈ| ਇਸ ਰੌਲੇ ਰੱਪੇ ਕਾਰਨ ਜਿੱਥੇ ਸਪੀਕਰ ਨੂੰ ਕਈ ਵਾਰ ਵਿਧਾਨ ਸਭਾ ਦੀ ਕਾਰਵਾਈ ਤੱਕ ਮੁਲਤਵੀ ਕਰਨੀ ਪੈਂਦੀ ਹੈ ਉੱਥੇ ਇਸ ਕਾਰਨ ਆਮ ਲੋਕਾਂ ਦੇ ਹਿੱਤ ਵਿੱਚ ਵਿਚਾਰੇ ਜਾਣ ਵਾਲੇ ਮੁੱਦੇ ਵੀ ਗਵਾਚ ਜਾਂਦੇ ਹਨ| ਵਿਧਾਨ ਸਭਾ ਵਿੱਚ ਰੌਲਾ ਰੱਪਾ ਪਾਉਣ ਵੇਲੇ ਸਾਡੇ ਇਹ ਵਿਧਾਇਕ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਨੇ ਚੋਣਾਂ ਮੌਕੇ ਲੋਕਾਂ ਨਾਲ ਜਿਹੜੇ ਵਾਇਦੇ ਕੀਤੇ ਸਨ ਉਹਨਾਂ ਨੂੰ ਪੂਰਾ ਕਰਨ ਲਈ ਕੰਮ ਕਰਨਾ ਉਹਨਾਂ ਦੀ ਜਿੰਮੇਵਾਰੀ ਹੈ ਅਤੇ ਉਹਨਾਂ ਦਾ ਪੂਰਾ ਜੋਰ ਆਪਣੇ ਵਿਰੋਧੀਆਂ ਦੀਆਂ ਲੱਤਾਂ ਖਿੱਚਣ ਤੇ ਹੀ ਰਹਿੰਦਾ ਹੈ|
ਇੱਹ ਗੱਲ ਹੋਰ ਵੀ ਹੈਰਾਨ ਕਰਦੀ ਹੈ ਕਿ ਵਿਧਾਨਸਭਾ ਦੇ ਸੈਸ਼ਨ ਦੌਰਾਨ ਇੱਕ ਦੂਜੇ ਖਿਲਾਫ ਖੁੱਲ ਕੇ ਭੜਾਸ ਕੱਢਣ ਵਾਲੇ ਸਾਡੇ ਇਹ ਨੁਮਾਇੰਦੇ ਜਨਤਕ ਸਮਾਗਮਾਂ ਦੌਰਾਨ ਜਦੋਂ ਇੱਕ ਦੂਜੇ ਨੂੰ ਮਿਲਦੇ ਹਨ ਤਾਂ ਇਹਨਾਂ ਵਲੋਂ (ਇੱਕ ਦੂਜੇ ਪ੍ਰਤੀ) ਜਿਹੜੀ ਗਰਮਜੋਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਉਸ ਨਾਲ ਅਜਿਹਾ ਲੱਗਦਾ ਹੈ ਜਿਵੇਂ ਕਈ ਸਾਲਾ ਤੋਂ ਵਿਛੜੇ ਹੋਏ ਮਿੱਤਰ ਆਪਸ ਵਿੱਚ ਮਿਲ ਰਹੇ ਹੋਣ| ਇੰਨਾ ਹੀ ਨਹੀਂ ਬਲਕਿ ਇੱਕ ਦੂਜੇ ਦੀਆਂ ਵਿਰੋਧੀ ਪਾਰਟੀਆਂ ਨਾਲ ਸੰਬੰਧਿਤ ਇਹਨਾਂ ਜਿਆਦਾਤਰ ਵਿਧਾਇਕਾਂ ਦੀਆਂ ਆਪਸ ਵਿੱਚ ਨਜਦੀਕੀ ਰਿਸ਼ਤੇਦਾਰੀਆਂ ਵੀ ਹਨ ਅਤੇ ਕਈਆਂ ਵਿੱਚ ਵਪਾਰਕ ਸਾਂਝ ਵੀ ਹੈ| ਇਸ ਸਾਰੇ ਕੁੱਝ ਨੂੰ ਵੇਖ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਇਕ ਦੂਜੇ ਦੀ ਪਾਰਟੀ ਵਿਰੁੱਧ ਚੋਣ ਲੜਣ ਵਾਲੇ ਸਾਡੇ ਇਹ ਨੁਮਾਇੰਦੇ ਆਪਣੇ ਵੋਟਰਾਂ ਨੂੰ ਮੂਰਖ ਬਣਾ ਕੇ ਸੱਤਾ ਤੇ ਕਾਬਿਜ ਹੋ ਜਾਂਦੇ ਹਨ ਅਤੇ ਆਮ ਲੋਕ (ਜਿਹੜੇ ਇਹਨਾਂ ਸਿਆਸੀ ਆਗੂਆਂ ਦੀਆਂ ਗੱਲਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਰਾਜ ਪਾਟ ਸੰਭਾਲ ਦਿੰਦੇ ਹਨ) ਨੁਕਸਾਨ ਵਿੱਚ ਰਹਿੰਦੇ ਹਨ|
ਸਾਡੇ ਇਹਨਾਂ ਨੁਮਾਇੰਦਿਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਆਪੋ ਆਪਣੇ ਚੋਣ ਖੇਤਰ ਦੇ ਮਸਲਿਆਂ ਬਾਰੇ ਆਵਾਜ ਬੁਲੰਦ ਕਰਨ ਅਤੇ ਉਹਨਾਂ ਮਸਲਿਆਂ ਨੂੰ ਹੱਲ ਕਰਨ ਲਈ ਸਰਕਾਰ ਨੂੰ ਮਜਬੂਰ ਕਰਨ| ਲੋਕਾਂ ਵਲੋਂ ਆਪਣੇ ਨੁਮਾਇੰਦਿਆਂ ਦੀ ਚੋਣ ਇਸ ਲਈ ਕੀਤੀ ਜਾਂਦੀ ਹੈ ਕਿ ਉਹ ਉਹਨਾਂ ਦੇ ਮਸਲਿਆਂ ਦੇ ਹਲ ਲਈ ਕੰਮ ਕਰਨ ਨਾ ਕਿ ਸਰਕਾਰੀ ਸਹੂਲਤਾਂ ਤੇ ਐਸ਼ ਕਰਕੇ ਇੱਕ ਦੂਜੇ ਦੇ ਖਿਲਾਫ ਭੜਾਸ ਕੱਢਣ ਅਤੇ ਆਪਣੇ ਨਿੱਜੀ ਹਿੱਤ ਪੂਰੇ ਕਰਨ| ਸਾਡੇ ਇਨ੍ਹਾਂ ਨੁਮਾਇੰਦਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਹ ਆਪਣੇ ਵੋਟਰਾਂ ਪ੍ਰਤੀ ਜਵਾਬਦੇਹ ਹਨ| ਉਹਨਾਂ ਨੂੰ ਲੋਕਾਂ ਦੇ ਮਸਲੇ ਹਲ ਕਰਨ ਲਈ ਹੀ ਕੰਮ ਕਰਨਾ ਚਾਹੀਦਾ ਹੈ ਅਤੇ ਵਿਧਾਨ ਸਭਾ ਵਿੱਚ ਰੌਲਾ ਰੱਪਾ ਪਾ ਕੇ ਜਨਤਾ ਦੇ ਪੈਸੇ ਦੀ ਬਰਬਾਦੀ ਤੋਂ ਬਚਣਾ ਚਾਹੀਦਾ ਹੈ|

Leave a Reply

Your email address will not be published. Required fields are marked *