ਲਖਨੌਰ ਦਾ ਸਰਪੰਚ ਤੇ ਦੋ ਪੰਚ ਅਹੁਦੇ ਤੋਂ ਮੁਅਤਲ

ਐਸ ਏ ਐਸ ਨਗਰ, 27 ਅਪ੍ਰੈਲ (ਸ.ਬ.) ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਸਿਬਿਨ ਸੀ ਆਈ ਏ ਐਸ ਨੇ ਇਕ ਹੁਕਮ ਜਾਰੀ ਕਰਕੇ ਗਰਾਮ ਪੰਚਾਇਤ ਲਖਨੌਰ ਦੇ ਸਰਪੰਚ ਸਤਨਾਮ ਸਿੰਘ, ਪੰਚ ਗੁਰਤੇਜ ਸਿੰਘ ਅਤੇ ਪੰਚ ਸ੍ਰੀਮਤੀ ਰਜਿੰਦਰ ਕੌਰ ਨੂੰ ਅਹੁਦੇ ਤੋਂ ਮੁਅਤਲ ਕਰ ਦਿਤਾ ਹੈ|
ਆਪਣੇ ਹੁਕਮਾਂ ਵਿੱਚ ਡਾਇਰੈਕਟਰ ਸਿਬਿਨ ਸੀ ਨੇ ਕਿਹਾ ਹੈ ਕਿ ਮੁਅਤਲ ਸਰਪੰਚ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿੱਚ ਭਾਗ ਨਹੀਂ ਲੈ ਸਕਦਾ ਅਤੇ ਉਸਦੀ ਮੁਅਤਲੀ ਦੇ ਦੌਰਾਨ ਪੰਚਾਇਤ ਦਾ ਰਿਕਾਰਡ, ਪੰਚਾਇਤੀ ਫੰਡ ਅਤੇ ਹੋਰ ਜਾਇਦਾਦ ਦਾ ਚਾਰਜ ਅਜਿਹੇ ਪੰਚ ਨੂੰ ਦਿੱਤਾ ਜਾਵੇਗਾ ਜੋ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵਲੋਂ ਬਾਕੀ ਦੇ ਪੰਚਾਂ ਵਿੱਚੋਂ ਚੁਣਿਆ ਜਾਵੇਗਾ| ਇਸਦੇ ਨਾਲ ਹੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਖਰੜ ਨੂੰ ਹਦਾਇਤ ਕੀਤੀ ਹੈ ਕਿ ਜਿਹੜੇ ਬੈਂਕਾਂ ਵਿੱਚ ਸਰਪੰਚ ਦੇ ਨਾਮ ਤੇ ਗਰਾਮ ਪੰਚਾਇਤ ਦੇ ਖਾਤੇ ਚਲਦੇ ਹਨ, ਉਹ ਤੁਰੰਤ ਸੀਲ ਕਰਕੇ ਉਸ ਪਾਸੋਂ ਚਾਰਜ ਲੈ ਕੇ ਰਿਪੋਰਟ ਉਹਨਾਂ ਦੇ ਦਫਰਤ ਨੂੰ ਭੇਜੀ ਜਾਵੇ|
ਡਾਇਰੈਕਟਰ ਵਲੋਂ ਜਾਰੀ ਪੱਤਰ ਅਨੁਸਾਰ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਐਸ ਏ ਐਸ ਨਗਰ ਵਲੋਂ ਇਕ ਪੱਤਰ ਰਾਹੀਂ ਉਹਨਾਂ ਨੂੰ ਰਿਪੋਰਟ ਦਿਤੀ ਗਈ ਸੀ ਕਿ ਸਰਪੰਚ ਸਤਨਾਮ ਸਿੰਘ,ਪੰਚ ਗੁਰਤੇਜ ਸਿੰਘ ਅਤੇ ਰਜਿੰਦਰ ਕੌਰ ਨੇ ਸ਼ੈਸਨ ਕੋਰਟ ਮੁਹਾਲੀ ਵਿਖੇ ਚਲ ਰਹੇ ਗ੍ਰਾਮ ਪੰਚਾਇਤ ਲਖਨੌਰ ਦੀ ਜਮੀਨ ਦੇ ਕੇਸ ਵਿੱਚ ਬਿਆਨ ਦਿਤੇ ਸਨ ਕਿ ਇਸ ਜਮੀਨ ਦਾ ਪੈਸਾ ਮਾਲਕਾਂ ਨੂੰ ਵੰਡ ਦਿਤਾ ਜਾਵੇ ਤਾਂ ਉਹਨਾਂ ਨੂੰ ਕੋਈ ਇਤਰਾਜ ਨਹੀਂ ਹੋਵੇਗਾ ਜਦੋਂਕਿ ਇਹ ਜਮੀਨ ਪਿੰਡ ਦੀ ਸ਼ਾਮਲਾਟ ਜਮੀਨ ਸੀ| ਇਸ ਤਰ੍ਹਾਂ ਇਹਨਾਂ ਤਿੰਨਾਂ ਨੇ ਆਪਣੇ ਹਿਤਾਂ ਲਈ ਪੰਚਾਇਤ ਵਿਰੁੱਧ ਹੀ ਕਾਰਵਾਈ ਕੀਤੀ ਸੀ|
ਡਾਇਰੈਕਟਰ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਸਰਪੰਚ ਅਤੇ ਪੰਚਾਂ ਨੂੰ ਚਾਹੀਦਾ ਸੀ ਕਿ ਉਹ ਝਗੜੇ ਵਾਲੀ ਜਮੀਨ ਦਾ ਕੇਸ ਪੰਜਾਬ ਵਿਲੇਜ ਕਾਮਨ ਲੈਂਡਜ ਐਕਟ ਅਧੀਨ ਕਰਦਾ ਜੇਕਰ ਉਦੋਂ ਕੋਈ ਫੈਸਲਾ ਕਿਸੇ ਪਾਰਟੀ ਦੇ ਹੱਕ ਵਿਚ ਹੋ ਜਾਂਦਾ ਤਾਂ ਉਸ ਅਨੁਸਾਰ ਹੀ ਹਿਸੇ ਕਰਵਾਏ ਜਾਂਦੇ ਪਰ ਮਾਲ ਰਿਕਾਰਡ ਅਨੁਸਾਰ ਇਹ ਜਮੀਨ ਸ਼ਾਮਲਾਤ ਹੈ ਇਸ ਲਈ ਲਖਨੌਰ ਦੇ ਸਰਪੰਚ ਸਤਨਾਮ ਸਿੰਘ, ਪੰਚ ਗੁਰਤੇਜ ਸਿੰਘ ਅਤੇ ਪੰਚ ਰਜਿੰਦਰ ਕੌਰ ਨੂੰ ਉਹਨਾਂ ਦੇ ਅਹੁਦੇ ਤੋਂ ਮੁਅਤਲ ਕਰ ਦਿਤਾ ਹੈ|

Leave a Reply

Your email address will not be published. Required fields are marked *