ਲਗਾਤਾਰ ਘੱਟ ਰਹੀ ਹੈ ਮੋਦੀ ਅਤੇ ਉਹਨਾਂ ਦੀ ਸਰਕਾਰ ਦੀ ਭਰੋਸੇਯੋਗਤਾ

ਸਾਢੇ ਤਿੰਨ ਸਾਲ ਪਹਿਲਾਂ ਹੋਈਆਂ ਲੋਕਸਭਾ ਚੋਣਾਂ ਵੇਲੇ ਦੇਸ਼ ਦੀ ਜਨਤਾ ਵਲੋਂ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਪਸ਼ਟ ਬਹੁਮਤ ਦੇ ਕੇ ਉਹਨਾਂ ਨੂੰ ਦੇਸ਼ ਦੀ ਸੱਤਾ ਦੀ ਵਾਗਡੋਰ ਸੰਭਾਲ ਦਿੱਤੀ ਗਈ ਸੀ| ਉਸ ਵੇਲੇ ਜਨਤਾ ਸਰਕਾਰੀ ਢਾਂਚੇ ਵਿੱਚ ਲਗਾਤਾਰ ਵੱਧਦੇ ਭ੍ਰਿਸ਼ਟਾਚਾਰ, ਇੱਕ ਤੋਂ ਬਾਅਦ ਇੱਕ ਉਜਾਗਰ ਹੁੰਦੇ ਘਪਲਿਆਂ ਅਤੇ  ਲਗਾਤਾਰ ਵੱਧਦੀ ਮਹਿੰਗਾਈ ਕਾਰਨ ਯੂ. ਪੀ. ਏ. ਸਰਕਾਰ ਦੀ ਕਾਰਗੁਜਾਰੀ ਤੋਂ ਬੁਰੀ ਤਰ੍ਹਾਂ ਤ੍ਰਸਤ ਸੀ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਮੌਕੇ ਦਾ ਫਾਇਦਾ ਲੈਂਦਿਆਂ ਇਹਨਾਂ ਮੁੱਦਿਆਂ ਨੂੰ ਆਪਣੇ ਪ੍ਰਚਾਰ ਦਾ ਕੇਂਦਰੀ ਧੁਰਾ ਬਣਾ ਕੇ ਜਨਤਾ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਸਦੀ ਸਰਕਾਰ ਬਣਨ ਤੋਂ ਬਾਅਦ ਜਨਤਾ ਦੀਆਂ ਤਮਾਮ ਮੁਸ਼ਕਿਲਾਂ ਦਾ ਹਲ ਕਰ ਦਿੱਤਾ ਜਾਵੇਗਾ|
ਸ੍ਰੀ ਨਰਿੰਦਰ ਮੋਦੀ (ਜਿਹਨਾਂ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਉਸ ਵੇਲੇ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾ ਕੇ ਚੋਣਾਂ ਦੇ ਪ੍ਰਚਾਰ ਦੀ ਅਗਵਾਈ ਸੰਭਾਲੀ ਗਈ ਸੀ) ਦੀ ਨਿੱਜੀ ਸ਼ਖਸ਼ੀਅਤ ਤੇ ਭ੍ਰਿਸ਼ਟਾਚਾਰ ਦਾ ਕੋਈ ਧੱਬਾ ਨਹੀਂ ਸੀ ਅਤੇ ਉਹਨਾਂ ਵਲੋਂ ਬੀਤੇ ਸਮੇਂ ਦੌਰਾਨ ਕੀਤੇ ਗਏ ਗੁਜਰਾਤ ਦੇ ਵਿਕਾਸ ਨੂੰ ਇੱਕ ਮਾਡਲ ਵਜੋਂ ਪੇਸ਼ ਕਰਕੇ ਦੇਸ਼ ਦੀ ਜਨਤਾ ਨੂੰ ਵੱਡੇ ਵੱਡੇ ਸੁਫਨੇ ਵਿਖਾਏ ਗਏ ਸਨ| ਚੋਣ ਪ੍ਰਚਾਰ ਦੌਰਾਨ ਜਿੱਥੇ ਸ੍ਰੀ ਮੋਦੀ ਵਲੋਂ ਉਸ ਵੇਲੇ ਦੇਸ਼ ਦੀ ਸੱਤਾ ਤੇ ਕਾਬਜ ਯੂ.ਪੀ.ਏ. ਦੇ ਮੋਹਰੀ ਆਗੂਆਂ ਦੇ ਖਿਲਾਫ ਨਿੱਜੀ ਟਿੱਪਣੀਆਂ ਕਰਕੇ ਉਹਨਾਂ ਦਾ ਮਜਾਕ ਉੜਾਇਆ ਜਾਂਦਾ ਸੀ ਉੱਥੇ ਦੇਸ਼ ਦੀ ਜਨਤਾ ਨੂੰ ਇਹ ਭਰੋਸਾ ਵੀ ਦਿੱਤਾ ਜਾਂਦਾ ਸੀ ਕਿ ਉਹਨਾਂ ਵਲੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਕਾਬੂ ਵਿੱਚ ਕੀਤਾ ਜਾਵੇਗਾ| ਸ੍ਰੀ ਮੋਦੀ ਦੀ ਵਲੋਂ ਕੀਤੇ ਗਏ ਧੂਆਂਧਾਰ ਪ੍ਰਚਾਰ ਦੇ ਨਾਲ ਦੇਸ਼ ਦੀ ਜਨਤਾ ਨੂੰ ਵੀ ਅਜਿਹਾ ਲੱਗਣ ਲੱਗ ਪਿਆ ਸੀ ਕਿ ਸ੍ਰੀ ਮੋਦੀ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਉਸ ਦੀਆਂ ਤਕਲੀਫਾਂ ਕਾਫੀ ਹੱਦ ਤਕ ਖਤਮ ਹੋ ਜਾਣਗੀਆਂ ਅਤੇ ਜਨਤਾ ਨੇ ਸ੍ਰੀ ਮੋਦੀ ਤੇ ਭਰੋਸਾ ਕਰ ਕੇ ਭਾਜਪਾ ਨੂੰ ਸੱਤਾ ਸੰਭਾਲ ਦਿੱਤੀ ਗਈ ਸੀ|
ਪਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਸਰਕਾਰ ਜਨਤਾ ਦੀਆਂ ਆਸਾਂ ਤੇ ਖਰੀ ਉਤਰਨ ਦੀ ਸਮਰਥ ਨਹੀਂ ਹੋ ਪਾਈ ਹੈ| ਮੋਦੀ ਸਰਕਾਰ ਦੇ ਹੁਣ ਤਕ ਦੇ ਕਾਰਜਕਾਲ ਦੌਰਾਨ ਦੇਸ਼ ਵਾਸੀਆਂ ਨੇ ਵਾਇਦੇ ਅਤੇ ਦਾਅਵੇ ਤਾਂ ਬਹੁਤ ਸੁਣੇ ਹਨ ਪਰੰਤੂ  ਸੱਤਾ ਤੇ ਕਾਬਜ ਹੋਣ ਦੇ ਸਾਢੇ ਤਿੰਨ ਸਾਲਾਂ ਦੇ ਹੁਣ ਤਕ ਦੇ ਕਾਰਜਕਾਲ ਦੌਰਾਨ ਸ੍ਰੀ ਮੋਦੀ ਅਤੇ ਉਹਨਾਂ ਦੀ ਸਰਕਾਰ ਅਜਿਹਾ ਕੁੱਝ ਵੀ ਕਰਨ ਵਿੱਚ ਕਾਮਯਾਬ ਨਹੀਂ ਹੋ ਪਾਈ ਹੈ ਜਿਸਦੇ ਆਧਾਰ ਤੇ ਜਨਤਾ ਇਹ ਕਹਿ ਸਕੇ ਕਿ ਉਸਦੀਆਂ ਤਕਲੀਫਾਂ ਕੁੱਝ ਘੱਟ ਹੋਈਆਂ ਹਨ|
ਇਸ ਦੌਰਾਨ ਦੇਸ਼ ਵਾਸੀਆਂ ਨੂੰ ਨਾ ਤਾਂ ਮਹਿੰਗਾਈ ਤੋਂ ਕੋਈ ਰਾਹਤ ਮਿਲੀ ਹੈ ਅਤੇ ਨਾ ਹੀ ਸਰਕਾਰੀ ਅਦਾਰਿਆਂ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਕੋਈ ਕਾਬੂ ਪਾਇਆ ਜਾ ਸਕਿਆ ਹੈ| ਭਾਵੇਂ ਇਸ ਦੌਰਾਨ ਸ੍ਰੀ ਮੋਦੀ ਉੱਪਰ ਨਿੱਜੀ ਤੌਰ ਤੇ ਭ੍ਰਿਸ਼ਟਾਚਾਰ ਦਾ ਕੋਈ ਇਲਜਾਮ ਨਹੀਂ ਲੱਗਿਆ ਪਰੰਤੂ ਇਸ ਦੌਰਾਨ ਵੱਖ ਵੱਖ ਕੇਂਦਰੀ ਮੰਤਰੀਆਂ ਸਮੇਤ ਵੱਖ ਵੱਖ ਸੂਬਿਆਂ ਵਿਚਲੀਆਂ ਭਾਜਪਾ ਸਰਕਾਰਾਂ ਉੱਪਰ ਇੱਕ ਤੋਂ ਬਾਅਦ ਲੱਗਣ ਵਾਲੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਸਾਮ੍ਹਣੇ ਆਏ ਘਪਲਿਆਂ ਨੇ ਭਾਜਪਾ ਦੀ ਸਾਖ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ| ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਲੋਂ ਭਾਵੇਂ ਇਹਨਾਂ ਸਾਰੇ ਮਾਮਲਿਆਂ ਨੂੰ ਇਹ ਕਹਿ ਕੇ ਰੱਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਕਿ ਇਹ ਸਾਰਾ ਕੁੱਝ ਵਿਰੋਧੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੇ ਆਧਾਰਿਤ ਹੈ ਅਤੇ ਸਰਕਾਰ ਵਲੋਂ ਕਿਤੇ ਵੀ ਕੁੱਝ ਵੀ ਗਲਤ ਨਹੀਂ ਕੀਤਾ ਗਿਆ ਹੈ ਪਰੰਤੂ ਦੇਸ਼ ਦੀ ਜਨਤਾ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਨਹੀਂ ਦਿਖਦੀ| ਲੋਕ ਇਹ ਵੀ ਸ਼ਿਕਾਇਤ ਕਰਦੇ ਦਿਖਦੇ ਹਨ ਕਿ ਮੋਦੀ ਸਰਕਾਰ ਵਲੋਂ ਪਿਛਲੇ ਸਾਲਾਂ ਦੌਰਾਨ ਲਏ ਗਏ ਦੋ ਵੱਡੇ ਫੈਸਲਿਆਂ ਨੋਟਬੰਦੀ ਅਤੇ ਜੀ ਐਸ ਟੀ ਕਾਰਨ ਉਹਨਾਂ ਦਾ ਰੋਜਾਨਾ ਜੀਵਨ ਹੋਰ ਵੀ ਔਖਾ ਹੋਇਆ ਹੈ|
ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਨਤਾ ਸਭ ਕੁੱਝ ਜਾਣਦੀ ਹੈ ਅਤੇ ਉਸਨੂੰ ਸਿਰਫ ਫੋਕੇ ਦਾਅਵਿਆਂ ਅਤੇ ਗੱਲਾਂ ਨਾਲ ਬਹਿਕਾਇਆ ਨਹੀਂ ਜਾ ਸਕਦਾ| ਜੇਕਰ ਜਨਤਾ ਨੇ ਭਾਜਪਾ ਨੂੰ ਸਪਸ਼ਟ ਬਹੁਮਤ ਦੇ ਕੇ ਉਸਦੇ ਹੱਥ ਵਿੱਚ ਦੇਸ਼ ਦੀ ਕਮਾਨ ਫੜਾਈ ਹੈ ਤਾਂ ਭਾਜਪਾ (ਅਤੇ ਖੁਦ ਸ੍ਰੀ ਨਰਿੰਦਰ ਮੋਦੀ) ਦੀ ਵੀ  ਜਿੰਮੇਵਾਰੀ ਬਣਦੀ ਹੈ ਕਿ ਉਹ ਜਨਤਾ ਦੀਆਂ ਆਸਾਂ ਤੇ ਖਰਾ ਉਤਰਕੇ ਵਿਖਾਉਣ| ਆਪਣੇ ਪ੍ਰਚਾਰ ਦੇ ਦਮ ਤੇ ਭਾਜਪਾ ਦੇਸ਼ ਦੀ ਸੱਤਾ ਤੇ ਕਾਬਜ ਹੋਣ ਦੀ ਸਮਰਥ ਤਾਂ ਹੋ ਗਈ ਹੈ ਪਰੰਤੂ ਖੁਦ ਨੂੰ ਸਾਬਿਤ ਕਰਨ ਲਈ ਉਸਨੂੰ ਹੁਣੇ ਬਹੁਤ ਕੁੱਝ ਕਰਨਾ ਪੈਣਾ ਹੈ ਵਰਨਾ ਜਿਸ ਤੇਜੀ ਨਾਲ ਜਨਤਾ ਦਾ ਭਰੋਸਾ ਘੱਟ ਰਿਹਾ ਹੈ ਉਸ ਨਾਲ ਆਸਾਰ ਇਹੀ ਦਿਖ ਰਹੇ ਹਨ ਕਿ ਆਉਣ ਵਾਲ ਸਮੇਂ ਵਿੱਚ ਭਾਜਪਾ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋਣਾ ਤੈਅ ਹੈ|

Leave a Reply

Your email address will not be published. Required fields are marked *