ਲਗਾਤਾਰ ਪਲੀਤ ਹੁੰਦੇ ਵਾਤਾਵਰਣ ਨੂੰ ਬਚਾਉਣਾ ਜਰੂਰੀ

ਦਿਵਾਲੀ ਦਾ ਤਿਉਹਾਰ ਨੇੜੇ ਆ ਗਿਆ ਹੈ ਅਤੇ ਇਸਦੇ ਨਾਲ ਹੀ ਲੋਕਾਂ ਵਲੋਂ ਗੱਜ ਵੱਜ ਕੇ ਇਹ ਤਿਉਹਾਰ ਮਣਾਉਣ ਦੀਆਂ ਤਿਆਰੀਆਂ ਵੀ ਆਰੰਭ ਦਿੱਤੀਆਂ ਗਈਆਂ ਹਨ| ਦਿਵਾਲੀ ਦੇ ਤਿਉਹਾਰ ਮੌਕੇ ਸਾਡੇ ਦੇਸ਼ ਵਿੱਚ ਹਰ ਸਾਲ ਕਰੋੜਾਂ ਅਰਬਾਂ ਰੁਪਏ ਦੇ ਪਟਾਕੇ ਅਤੇ ਆਤਿਸ਼ਬਾਜੀ ਚਲਾਈ ਜਾਂਦੀ ਹੈ ਅਤੇ ਇੰਨੀ ਵੱਡੀ ਪੱਧਰ ਤੇ ਪਟਾਕੇ ਅਤੇ ਆਤਿਸ਼ਬਾਜੀ ਚਲਾਏ ਜਾਣ ਕਾਰਨ ਦੇਸ਼ ਦੇ ਵਾਤਾਵਰਨ ਵਿੱਚ ਇੰਨਾ ਵੱਧ ਜਹਿਰੀਲਾ ਧੂਆਂ ਘੁਲ ਜਾਂਦਾ ਹੈ ਜਿੰਨਾ ਆਮ ਦਿਨਾਂ ਦੌਰਾਨ ਕਈ ਮਹੀਨਿਆਂ ਤਕ ਪੈਦਾ ਨਹੀਂ ਹੁੰਦਾ ਅਤੇ ਇਸ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਦਾ ਸਿਰਫ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ|
ਪਿਛਲੇ ਸਾਲ ਦਿਵਾਲੀ ਦੇ ਤਿਉਹਾਰ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਦਾ ਇਹ ਹਾਲ ਹੋ ਗਿਆ ਸੀ ਕਿ ਉੱਥੇ ਕਈ ਦਿਨਾਂ ਤਕ ਸੰਘਣੀ ਧੁੰਦ ਅਤੇ ਧੂਆਂ ਫੈਲਿਆ ਰਿਹਾ ਸੀ| ਦਿਵਾਲੀ ਮੌਕੇ ਦਿੱਲੀ ਵਿੱਚ ਪਟਾਕੇ ਅਤੇ ਆਤਿਸ਼ਬਾਜੀ ਇੰਨੇ ਵੱਡੇ ਪੱਧਰ ਉਪਰ ਚਲਾਏ ਗਏ ਸਨ ਕਿ ਉਹਨਾਂ ਦੇ ਧੂੰਏ ਨਾਲ ਸਾਰਾ ਵਾਤਾਵਰਨ ਹੀ ਧੁੰਆਂਖਿਆ ਗਿਆ ਸੀ| ਇਸ ਵਾਰ ਵੀ ਦਿੱਲੀ ਵਾਲਿਆਂ ਵਲੋਂ ਅਜਿਹਾ ਹੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰੰਤੂ ਹੁਣ ਮਾਣਯੋਗ ਸੁਪਰੀਮ ਕੋਰਟ ਵਲੋਂ ਦਿੱਲੀ ਅਤੇ ਇਸਦੇ ਨਾਲ ਲੱਗਦੇ ਕੌਮੀ ਰਾਜਧਾਨੀ ਖੇਤਰ ਵਿੱਚ ਪਟਾਕਿਆਂ ਦੀ ਵਿਕਰੀ ਤੇ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ ਜਿਸ ਨਾਲ ਦਿੱਲੀ ਵਿੱਚ ਪਟਾਕੇ ਚਲਾਉਣ ਤੇ ਮੁਕੰਮਲ ਰੋਕ ਨਾ ਵੀ ਲੱਗੀ ਤਾਂ ਵੀ ਇਸ ਵਾਰ ਪ੍ਰਦੂਸ਼ਨ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹੋਵੇਗਾ|
ਸੁਪਰੀਮ ਕੋਰਟ ਵਲੋਂ ਦਿੱਲੀ ਵਿੱਚ ਤਾਂ ਪਟਾਕਿਆਂ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਗਈ ਹੈ ਪਰੰਤੂ ਪੰਜਾਬ ਅਤੇ ਹਰਿਆਣਾ ਵਿੱਚ ਅਜਿਹੀ ਕੋਈ ਪਾਬੰਦੀ ਨਹੀਂ ਹੈ| ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਭਾਵੇਂ ਇਸ ਖੇਤਰ ਵਿੱਚ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤਕ ਹੀ ਪਟਾਕੇ ਚਲਾਉਣ ਦੇਣ ਸੰਬੰਧੀ ਹੁਕਮ ਜਾਰੀ ਕੀਤੇ ਹਨ| ਅਜਿਹੀ ਸਮਾਂ ਸੀਮਾ ਪਹਿਲਾਂ ਵੀ ਤੈਅ ਕੀਤੀ ਜਾਂਦੀ ਰਹੀ ਹੈ ਪਰੰਤੂ ਇਸਦੀ ਕੋਈ ਪਰਵਾਹ ਨਹੀਂ ਕਰਦਾ ਅਤੇ ਇਸ ਵਾਰ ਵੀ ਹਾਈਕੋਰਟ ਵਲੋਂ ਤੈਅ ਕੀਤੀ ਗਈ ਇਸ ਸਮਾਂ ਸੀਮਾਂ ਦੀ ਪਾਲਣਾ ਕਾਰਗਰ ਢੰਗ ਨਾਲ ਹੋ ਪਾਏਗੀ ਇਸਦੀ ਸੰਭਾਵਨਾ ਘੱਟ ਹੀ ਹੈ|
ਗੱਲ ਸਿਰਫ ਪਟਾਕਿਆਂ ਤਕ ਹੀ ਸੀਮਿਤ ਨਹੀਂ ਹੈ ਬਲਕਿ ਇਸਦੇ ਨਾਲ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਵਲੋਂ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਦੀ ਕਾਰਵਾਈ ਨਾਲ ਵੀ ਵੱਡੇ ਪੱਧਰ ਤੇ ਪ੍ਰਦੂਸ਼ਨ ਪੈਦਾ ਹੋ ਰਿਹਾ ਹੈ ਇਸ ਜਹਿਰੀਲੇ ਧੂੰਏ ਪੂਰੇ ਉੱਤਰੀ ਭਾਰਤ ਵਿੱਚ ਵਾਤਾਵਰਨ ਗੰਧਲਾ ਹੋ ਰਿਹਾ ਹੈ| ਪਰੰਤੂ ਇਸ ਸਭ ਦੇ ਬਾਵਜੂਦ ਪੰਜਾਬ ਅਤੇ ਹਰਿਆਣਾ ਦੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਧੜੱਲੇ ਨਾਲ ਜਾਰੀ ਹੈ| ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਵੀ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਲਾਈ ਜਾ ਰਹੀ ਅੱਗ ਸਾਮ੍ਹਣੇ ਬੇਬਸ ਜਿਹੀਆਂ ਹੋ ਗਈਆਂ ਹਨ| ਭਾਵੇਂ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੇ ਪਾਬੰਦੀ ਲਗਾਈ ਹੋਈ ਹੈ ਪਰ ਇਸ ਪਾਬੰਦੀ ਦੀ ਕੋਈ ਪਰਵਾਹ ਨਹੀਂ ਕਰਦਾ ਅਤੇ ਕਿਸਾਨਾਂ ਵਲੋਂ ਪੂਰੇ ਧੜੱਲੇ ਨਾਲ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ|
ਜਿਵੇਂ ਜਿਵੇਂ ਮਨੁੱਖ ਦੀ ਕੁਦਰਤ ਨਾਲ ਛੇੜਛਾੜ ਵੱਧਦੀ ਜਾ ਰਹੀ ਹੈ ਵਾਤਾਵਰਨ ਦਾ ਸੰਤੁਲਨ ਵੀ ਵਿਗੜਦਾ ਜਾ ਰਿਹਾ ਹੈ ਜਿਸ ਕਾਰਨ ਹਾਲਾਤ ਜਿਹੇ ਹੁੰਦੇ ਜਾ ਰਹੇ ਹਨ| ਮਨੁੱਖ ਦੀਆਂ ਵੱਧਦੀਆਂ ਆਬਾਦੀ ਲੋੜਾਂ ਨੇ ਦਰਖਤਾਂ ਦਾ ਵੱਡੇ ਪੱਧਰ ਤੇ ਘਾਣ ਕੀਤਾ ਹੈ ਅਤੇ ਹੁਣ ਹਾਲਾਤ ਮਨੁੱਖ ਦੇ ਕਾਬੂ ਤੋਂ ਬਾਹਰ ਹੁੰਦੇ ਦਿਖ ਰਹੇ ਹਨ| ਇੱਕ ਗੱਲ ਸਾਫ ਹੈ ਕਿ ਜੇਕਰ ਅਸੀਂ ਹੁਣ ਵੀ ਨਾ ਸੁਧਰੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਲਗਾਤਾਰ ਵੱਧਦਾ ਇਹ ਪ੍ਰਦੂਸ਼ਨ ਮਨੁੱਖ ਜਾਤੀ ਦੀ ਹੋਂਦ ਲਈ ਹੀ ਖਤਰਾ ਬਣ ਜਾਏਗਾ| ਲਗਾਤਾਰ ਵੱਧਦੇ ਪ੍ਰਦੂਸ਼ਨ ਤੇ ਕਾਬੂ ਕਰਨ ਲਈ ਜੇਕਰ ਹੁਣ ਜੰਗੀ ਪੱਧਰ ਤੇ ਕੰਮ ਨਾ ਹੋਇਆ ਤਾਂ ਲੋਕਾਂ ਲਈ ਸਾਹ ਲੈਣਾ ਵੀ ਔਖਾ ਹੋ ਜਾਣਾ ਹੈ ਅਤੇ  ਇਸਦੀ ਸਜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੀ ਭੁਗਤਣੀ ਪੈਣੀ ਹੈ|

Leave a Reply

Your email address will not be published. Required fields are marked *