ਲਗਾਤਾਰ ਵਿਰੋਧੀ ਧਿਰ ਦਾ ਵਿਧਾਇਕ ਰਹਿਣ  ਕਾਰਨ ਹਲਕੇ ਦਾ ਹੋਇਆ ਨੁਕਸਾਨ : ਕਰਨਲ ਸੋਹੀ

ਐਸ ਏ ਐਸ ਨਗਰ, 23 ਜਨਵਰੀ (ਸ ਬ) ਐਕਸ ਸਰਵਿਸਮੈਨ ਗ੍ਰੀਵੈਸਿਸ ਸੈਲ ਮੁਹਾਲੀ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਅਤੇ ਜਨਰਲ ਸਕੱਤਰ ਸ੍ਰ. ਆਰ ਪੀ ਸਿੰਘ ਨੇ ਕਿਹਾ ਹੈ ਕਿ ਮੁਹਾਲੀ ਹਲਕੇ ਦੇ ਲੋਕਾਂ ਦੀ ਇਹ ਬਦਕਿਸਮਤੀ ਰਹੀ ਹੈ ਕਿ ਦੋ ਵਾਰ ਇਸ ਹਲਕੇ ਤੋਂ ਜੋ ਵਿਧਾਇਕ ਰਿਹਾ ਹੈ, ਉਹ ਵਿਰੋਧੀ ਧਿਰ ਦਾ ਬਣਦਾ ਆਇਆ ਹੈ, ਜਿਸ ਕਰਕੇ ਮੁਹਾਲੀ ਇਲਾਕੇ ਦਾ ਸਹੀ ਵਿਕਾਸ ਨਹੀਂ ਹੋਇਆ|  ਉਹਨਾਂ ਕਿਹਾ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਪਿਛਲੇ ਸਾਲਾਂ ਦੌਰਾਨ ਵਿਰੋਧੀ ਆਗੂ ਵਾਂਗ ਹੀ ਵਿਚਰਦੇ ਰਹੇ ਅਤੇ ਆਪਣੀ ਨਿੱਜੀ ਜਾਇਦਾਦ ਵਿਚ ਵਾਧਾ ਕਰਦੇ ਰਹੇ| ਹਾਲਾਕਿ ਇਹ ਰਾਜਸੀ ਆਗੂ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਵਿਚ ਤਾਂ ਨਜਰ ਆਉਂਦੇ ਰਹੇ ਪਰ ਲੋਕ ਹਿੱਤ ਦੇ ਕੰਮ ਘਟ ਹੀ ਕਰਦੇ ਰਹੇ, ਜਿਸ ਕਾਰਨ ਆਮ ਲੋਕ ਆਪਣੇ ਕੰਮਾਂ ਨੂੰ ਕਰਵਾਉਣ ਲਈ           ਪ੍ਰੇਸ਼ਾਨ ਹੁੰਦੇ ਰਹੇ|
ਉਹਨਾਂ ਕਿਹਾ ਕਿ ਮੁਹਾਲੀ ਇਲਾਕੇ ਦੇ ਸਰਕਾਰੀ ਸਕੁਲਾਂ,ਸਰਕਾਰੀ ਹਸਪਤਾਲਾਂ, ਸਰਕਾਰੀ ਟਰਾਂਸਪੋਰਟ ਦਾ ਬੁਰਾ ਹਾਲ ਹੈ| ਜਦੋਂ ਕਿ ਸਿੱਖਿਆ, ਮੈਡੀਕਲ ਅਤੇ ਟਰਾਂਸਪੋਰਟ ਦੇ ਖੇਤਰ ਵਿਚ ਪ੍ਰਾਈਵੇਟ ਖੇਤਰ ਵਿਚ ਬਹੁਤ ਭਾਰੀ ਵਾਧਾ ਹੋ ਰਿਹਾ ਹੈ| ਉਹਨਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਲੈਂਡ ਮਾਫੀਆ, ਸ਼ਰਾਬ ਮਾਫੀਆ, ਪ੍ਰਾਈਵੇਟ ਵਪਾਰ ਵੱਧ ਫੁੱਲ ਰਿਹਾ ਹੈ|
ਉਹਨਾਂ ਕਿਹਾ ਕਿ ਮੁਹਾਲੀ ਦੀ ਆਬਾਦੀ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਪਰ ਬੁਨਿਆਦੀ ਸਹੁਲਤਾਂ ਪਹਿਲਾਂ ਵਾਲੀਆਂ ਹੀ ਹਨ| ਜਨਤਕ ਸਹੁਲਤਾਂ ਅਤੇ ਜਨਤਕ ਸੇਵਾਵਾਂ ਵੀ ਪੁਰਾਣੇ ਸਮੇਂ ਵਾਲੀਆਂ ਹੀ ਹਨ|  ਉਹਨਾਂ ਕਿਹਾ ਕਿ ਮੁਹਾਲੀ ਇਲਾਕੇ ਵਿਚ ਸੜਕਾਂ ਤਾਂ ਚੰਗੀਆਂ ਬਣ ਗਈਆਂ ਹਨ ਪਰ ਇਹਨਾਂ ਦੀ ਵਰਤੋ ਰਾਜਸੀ ਆਗੁਆਂ ਦੀਆਂ ਬੱਸਾਂ ਹੀ ਜਿਆਦਾ ਕਰ ਰਹੀਆਂ ਹਨ|
ਉਹਨਾਂ ਕਿਹਾ ਕਿ ਇਕਲੇ ਸੁਖਬੀਰ ਬਾਦਲ ਕੋਲ ਹੀ 230 ਬੱਸਾਂ ਹਨ| ਜਦੋਂਕਿ ਪੰਜਾਬ ਵਿਚ ਪੰਜਾਬ ਰੋਡਵੇਜ ਖੁੱਡੇ ਲਾ ਰੱਖੀ ਹੈ|  ਉਹਨਾਂ ਕਿਹਾ ਕਿ ਪੰਜਾਬ ਵਿਚ ਹੋਟਲ ਇੰਡਸਟਰੀ ਠੱਪ ਪਈ ਹੈ, ਮੁਹਾਲੀ ਰੇਲਵੇ ਸਟੇਸ਼ਨ ਦਾ ਬੁਰਾ ਹਾਲਾ ਹੈ| ਮੁਹਾਲੀ ਦਾ ਨਵਾਂ ਬੱਸ ਸਟੈਂਡ ਅਜਿਹੀ ਥਾਂ ਬਣਾ ਦਿਤਾ ਗਿਆ ਹੈ, ਜਿਥੇ ਕਿ ਮੁਹਾਲੀ ਵਾਸੀਆਂ ਨੂੰ ਜਾਣ ਲਈ ਸਖਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਉਹਨਾਂ ਕਿਹਾ ਕਿ ਮੁਹਾਲੀ ਦਾ ਨਵਾਂ ਬੱਸ ਸਟੈਂਡ ਅਸਲ ਵਿਚ ਇਕ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ|
ਉਹਨਾਂ ਕਿਹਾ ਕਿ ਮੁਹਾਲੀ ਇਲਾਕੇ ਵਿਚ ਵਾਹਨਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ,ਪਰ ਪਾਰਕਿੰਗ ਇਕ ਗੰਭੀਰ ਸਮਸਿਆ ਬਣ ਗਈ ਹੈ| ਉਹਨਾਂ ਕਿਹਾ ਕਿ ਮੁਹਾਲੀ ਦੀਆਂ ਸੜਕਾਂ ਉਪਰ ਤਾਂ ਗਾਵਾਂ ਤੇ ਕੁੱਤੇ ਹੀ ਫਿਰਦੇ ਦਿਖਾਈ ਦਿੰਦੇ ਹਨ ਜਿਹਨਾਂ ਕਾਰਨ ਅਨੇਕਾਂ ਹੀ ਹਾਦਸੇ ਵਾਪਰ ਚੁਕੇ ਹਨ|
ਉਹਨਾਂ ਕਿਹਾ ਕਿ ਸਾਰੇ ਰਾਜਸੀ ਆਗੂ ਵੋਟ ਬੈਂਕਾਂ ਦੇ ਹੀ ਗੁਲਾਮ ਹੁੰਦੇ ਹਨ| ਕਾਨੂੰਨਾਂ ਦੀ ਪਾਲਣਾ ਘੱਟ ਹੀ ਕਰਦੇ ਹਨ| ਉਹਨਾਂ ਕਿਹਾ ਕਿ          ਸਰਵੇਖਣਾਂ ਵਿਚ ਸਪਸ਼ਟ ਹੋ ਚੁਕਿਆ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ, ਇਸ ਲਈ ਮੁਹਾਲੀ ਦੇ ਲੋਕਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੀ ਜਿਤਾਉਣਾ ਚਾਹੀਦਾ ਹੈ ਤਾਂ ਕਿ ਮੁਹਾਲੀ ਇਲਾਕੇ ਦਾ ਸਹੀ ਵਿਕਾਸ ਹੋ ਸਕੇ|

Leave a Reply

Your email address will not be published. Required fields are marked *