ਲਗਾਤਾਰ ਵੱਧਦੀ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨਾ ਸਰਕਾਰ ਦੀ ਜਿੰਮੇਵਾਰੀ

ਲਗਾਤਾਰ ਵੱਧਦੀ ਆਵਾਰਾ ਪਸ਼ੂਆਂ ਦੀ ਸਮੱਸਿਆ ਸਿਰਫ ਸਾਡੇ ਸ਼ਹਿਰ ਹੀ ਨਹੀਂ ਬਲਕਿ ਸਾਡੇ ਸੂਬੇ ਅਤੇ ਦੇਸ਼ ਵਾਸਤੇ ਵੀ ਇੱਕ ਗੰਭੀਰ ਸਮੱਸਿਆ ਦਾ ਰੂਪ ਧਾਰ ਚੁੱਕੀ ਹੈ| ਸਿਰਫ ਸਾਡੇ ਸ਼ਹਿਰ ਹੀ ਨਹੀਂ ਬਲਕਿ ਸੂਬੇ ਦੇ ਹੋਰਨਾਂ ਸ਼ਹਿਰਾਂ ਅਤੇ ਕਸਬਿਆਂ ਵਾਂਗ ਦੇਸ਼ ਦੇ ਲਗਭਗ ਹਰ ਸ਼ਹਿਰ, ਪਿੰਡ ਅਤੇ ਕਸਬੇ ਵਿੱਚ ਅਜਿਹੇ ਵੱਡੀ ਗਿਣਤੀ ਆਵਾਰਾ ਪਸ਼ੂ ਸੜਕਾਂ ਉੱਪਰ ਘੁੰਮਦੇ ਆਮ ਵੇਖੇ ਜਾ ਸਕਦੇ ਹਨ ਜਿਹੜੇ ਸਾਰਾ ਦਿਨ ਸੜਕਾਂ ਤੇ ਗੰਦਗੀ ਖਿਲਾਰਦੇ ਰਹਿੰਦੇ ਹਨ ਅਤੇ ਆਵਾਜਾਈ ਲਈ ਸਮੱਸਿਆ ਬਣਨ ਦੇ ਨਾਲ ਨਾਲ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ| ਇਹਨਾਂ ਆਵਾਰਾ ਪਸ਼ੂਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਇਸ ਸਮੱਸਿਆ ਦਾ ਹੱਲ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈਆਂ ਹਨ|
ਸੜਕਾਂ ਤੇ ਘੁੰਮਦੇ ਆਵਾਰਾ ਪਸ਼ੂਆਂ ਦੇ ਇਹ ਝੁੰਡ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ| ਇਹਨਾਂ ਆਵਾਰਾ ਪਸ਼ੂਆਂ ਕਾਰਨ ਵਾਪਰਦੇ ਸੜਕ ਹਾਦਸਿਆਂ ਵਿੱਚ ਵਾਹਨਾਂ ਦਾ ਭਾਰੀ ਨੁਕਸਾਨ ਤਾਂ ਹੁੰਦਾ ਹੀ ਹੈ, ਇਹ ਹਾਦਸੇ ਆਪਣੇ ਨਾਲ ਕਈ ਕੀਮਤੀ ਜਾਨਾਂ ਵੀ ਲੈ ਜਾਂਦੇ ਹਨ| ਇਸਤੋਂ ਇਲਾਵਾ ਸ਼ਹਿਰਾਂ ਕਸਬਿਆਂ ਦੀਆਂ ਸੜਕਾਂ ਅਤੇ ਮੁਹੱਲਿਆਂ ਵਿੱਚ ਘੁੰਮਦੇ ਇਹ ਆਵਾਰਾ ਪਸ਼ੂ ਅਕਸਰ ਆਪਸ ਵਿੱਚ ਲੜ ਵੀ ਪੈਂਦੇ ਹਨ ਅਤੇ ਇਹਨਾਂ ਦੀ ਲੜਾਈ ਦੀ ਲਪੇਟ ਵਿਚ ਆਉਣ ਕਾਰਨ ਵੀ ਲੋਕ ਜਖਮੀ ਵੀ ਹੋ ਜਾਂਦੇ ਹਨ| ਆਪਸ ਵਿੱਚ ਲੜਦੇ ਲੜਦੇ ਇਹ ਪਸ਼ੂ ਕਈ ਵਾਰ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਤੱਕ ਵਿੱਚ ਦਾਖਿਲ ਹੋ ਜਾਂਦੇ ਹਨ ਅਤੇ ਕਾਫੀ ਨੁਕਸਾਨ ਕਰਦੇ ਹਨ| ਇਸੇ ਤਰ੍ਹਾਂ ਜਦੋਂ ਇਹ ਆਵਾਰਾ ਪਸ਼ੂ ਖੇਤਾਂ ਵਿੱਚ ਜਾ ਵੜਦੇ ਹਨ ਤਾਂ ਫਸਲਾਂ ਦੀ ਬਰਬਾਦੀ ਕਰਦੇ ਹਨ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਸਹਿਣਾ ਪੈਂਦਾ ਹੈ|
ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਵਿੱਚ ਹੁੰਦੇ ਲਗਾਤਾਰ ਵਾਧੇ ਦਾ ਸਭ ਤੋਂ ਵੱਡਾ ਕਾਰਨ ਸ਼ਾਇਦ ਇਹੀ ਹੈ ਕਿ ਲੋਕ ਆਪਣੇ ਪਸ਼ੂਆਂ ਨੂੰ ਉਦੋਂ ਤੱਕ ਹੀ ਪਾਲਦੇ ਹਨ ਜਦੋਂ ਤਕ ਉਹਨਾਂ ਨੂੰ ਪਸ਼ੂਆਂ ਤੋਂ ਬਦਲੇ ਵਿੱਚ ਕੁੱਝ ਹਾਸਿਲ ਹੁੰਦਾ ਹੈ| ਇਹਨਾਂ ਪਸ਼ੂਆਂ ਨੂੰ ਪਾਲਣ ਵਾਲੇ ਜਿਆਦਾਤਰ ਲੋਕ ਅਜਿਹੇ ਹਨ ਜੋ ਆਪਣੇ ਪਸ਼ੂਆਂ ਦੀ ਉਦੋਂ ਤੱਕ ਹੀ ਸਾਂਭ ਸੰਭਾਲ ਕਰਦੇ ਹਨ ਜਦੋਂ ਤੱਕ ਉਹ ਦੁੱਧ ਦਿੰਦੇ ਹਨ ਅਤੇ ਜਦੋਂ ਉਹਨਾਂ ਦੇ ਪਾਲਤੂ ਜਾਨਵਰ ਦੁੱਧ ਦੇਣਾ ਬੰਦ ਕਰ ਦਿੰਦੇ ਹਨ, ਤਾਂ ਉਹਨਾਂ ਨੂੰ ਬਾਹਰ ਕੱਢ ਕੇ ਆਵਾਰਾ ਘੁੰਮਣ ਲਈ ਛੱਡ ਦਿੱਤਾ ਜਾਂਦਾ ਹੈ|
ਇੱਥੇ ਤਾਂ ਹਾਲਾਤ ਇਹ ਹਨ ਕਿ ਲੋਕ ਆਪਣੇ ਦੁਧਾਰੂ ਪਸ਼ੂਆਂ ਤੱਕ ਨੂੰ ਦਿਨ ਵਿੱਚ ਗਲੀਆਂ ਵਿੱਚ ਖੁੱਲਾ ਛੱਡ ਦਿੰਦੇ ਹਨ ਅਤੇ ਉਹਨਾਂ ਦੇ ਇਹ ਪਾਲਤੂ ਪਸ਼ੂ ਸਾਰਾ ਦਿਨ ਗਲੀਆਂ ਵਿੱਚ ਘੁੰਮ ਕੇ ਅਤੇ ਗੰਦ ਮੰਦ ਖਾ ਕੇ ਸ਼ਾਮ ਨੂੰ ਵਾਪਸ ਆਪਣੇ ਮਾਲਕਾਂ ਦੇ ਘਰਾਂ ਵਿੱਚ ਪਹੁੰਚ ਜਾਂਦੇ ਹਨ| ਸਿਰਫ ਦੁਧਾਰੂ ਪਸ਼ੂ ਹੀ ਨਹੀਂ ਬਲਕਿ ਕਈ ਸ਼ਹਿਰਾਂ ਵਿੱਚ ਆਵਾਰਾ ਘੁੰਮਦੇ ਘੋੜੇ ਅਤੇ ਖੱਚਰ ਵੀ ਵੱਡੀ ਸੱਮਸਿਆ ਦਾ ਕਾਰਨ ਹਨ| ਸੜਕਾਂ ਤੇ ਆਵਾਰਾ ਘੁੰਮਦੇ ਇਹ ਘੋੜੇ ਤੇ ਖੱਚਰਾਂ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ|
ਇਹ ਆਵਾਰਾ ਪਸ਼ੂ ਰਾਤ ਵੇਲੇ ਅਕਸਰ ਸੜਕਾਂ ਦੇ ਵਿਚਕਾਰ ਹੀ ਬੈਠ ਜਾਂਦੇ ਹਨ| ਰਾਤ ਨੂੰ ਹਨੇਰੇ ਵਿੱਚ ਇਹ ਕਿਸੇ ਨੂੰ ਦਿਖਦੇ ਵੀ ਨਹੀਂ ਹਨ ਅਤੇ ਇਹਨਾਂ ਨਾਲ ਅਕਸਰ ਵਾਹਨ ਵੀ ਟਕਰਾ ਜਾਂਦੇ ਹਨ ਜਿਸ ਕਾਰਨ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ| ਸਮੇਂ ਦੇ ਨਾਲ ਨਾਲ ਇਹ ਸਮੱਮਿਆ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ| ਹਾਲਾਂਕਿ ਜਿਆਦਾਤਰ ਸ਼ਹਿਰਾਂ ਵਿੱਚ ਸਰਕਾਰ ਵਲੋਂ ਆਵਾਰਾ ਪਸ਼ੂਆਂ ਨੂੰ ਰੱਖਣ ਲਈ ਬਾਕਾਇਦਾ ਕੈਟਲ ਪਾਉਂਡ ਬਣਾਏ ਗਏ ਹਨ ਅਤੇ ਇਸ ਤੋਂ ਇਲਾਵਾ ਹਰ ਸ਼ਹਿਰ ਵਿੱਚ ਹੀ ਕਈ-ਕਈ ਗਊਸ਼ਾਲਾਵਾਂ ਵੀ ਮੌਜੂਦ ਹਨ ਪਰ ਇਸ ਸਭ ਦੇ ਬਾਵਜੂਦ ਆਵਾਰਾ ਪਸ਼ੂ ਹਰ ਪਾਸੇ ਹੀ ਖੜਦੂੰਗ ਪਾਉਂਦੇ ਰਹਿੰਦੇ ਹਨ|
ਇਸ ਸੰਬੰਧੀ ਸਰਕਾਰ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਉਸ ਵਲੋਂ ਬਿਜਲੀ ਬਿਲਾਂ ਅਤੇ ਹੋਰ ਸਮਾਨ ਉਪਰ ਗਊ ਸੈੱਸ ਤਾਂ ਲਗਾ ਦਿੱਤਾ ਜਾਂਦਾ ਹੈ ਅਤੇ ਲੋਕਾਂ ਤੋਂ ਇਸ ਤਰੀਕੇ ਨਾਲ ਕਰੋੜਾਂ ਰੁਪਏ ਦੀ ਰਕਮ ਵੀ ਵਸੂਲੀ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਇਹਨਾਂ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹਲ ਲਈ ਕੋਈ ਵੀ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ| ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਨੂੰ ਹੱਲ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਵਾਰਾ ਪਸ਼ੂਆਂ ਦੀ ਸਮੱਸਿਆਂ ਦੇ ਹੱਲ ਲਈ ਠੋਸ ਕਾਰਵਾਈ ਕਰੇ ਤਾਂ ਜੋ ਆਮ ਲੋਕਾਂ ਨੂੰ ਇਸ ਸੰਬੰਧੀ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਹਾਸਿਲ ਹੋਵੇ|

Leave a Reply

Your email address will not be published. Required fields are marked *