ਲਗਾਤਾਰ ਵੱਧਦੀ ਬੇਰੁਜ਼ਗਾਰੀ ਤੇ ਕਾਬੂ ਕਰਨਾ ਸਰਕਾਰ ਦੀ ਜਿੰਮੇਵਾਰੀ

8 ਮਹੀਨੇ ਪਹਿਲਾਂ ਪੰਜਾਬ ਦੀ ਸੱਤਾ ਤੇ ਕਾਬਿਜ ਹੋਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਾਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਚੋਣ ਦੌਰਾਨ ਪੰਜਾਬ ਦੀ ਜਨਤਾ ਨਾਲ ਜਿਹੜੇ ਵਾਇਦੇ ਕੀਤੇ ਗਏ ਸਨ ਉਹਨਾਂ ਵਿੱਚ ਇੱਕ ਵਾਇਦਾ ਹਰ ਘਰ ਨੌਕਰੀ ਦਾ ਵੀ ਸੀ ਅਤੇ ਕਾਂਗਰਸ ਦੇ ਇਸ ਵਾਇਦੇ ਤੇ ਭਰੋਸਾ ਕਰਕੇ ਪੰਜਾਬ ਦੀ ਜਨਤਾ ਖਾਸ ਕਰ ਨੌਜਵਾਨਾਂ ਨੇ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਸਨੂੰ ਭਾਰੀ ਬਹੁਮਤ ਨਾਲ ਜਿਤਾਇਆ ਸੀ|
ਇਸ ਵੇਲੇ ਪੰਜਾਬ ਦੀ ਸਭ ਤੋਂ ਮੁੱਖ ਸਮੱਸਿਆ ਬੇਰੁਜ਼ਗਾਰੀ ਦੀ ਹੀ ਹੈ| ਸੂਬੇ ਵਿੱਚ ਬੇਰੁਜ਼ਗਾਰੀ ਦੀ ਇਹ ਸਮੱਸਿਆ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਹਰ ਪਾਸੇ ਹੀ ਬੇਰੁਜ਼ਗਾਰਾਂ ਦੀਆਂ ਭੀੜਾਂ ਨਜ਼ਰ ਆ ਰਹੀਆਂ ਹਨ| ਹਾਲਾਤ ਇਹ ਹੋ ਗਏ ਹਨ ਕਿ ਵਿਹਲੇ ਫਿਰਦੇ ਨੌਜਵਾਨ ਨਸ਼ਿਆਂ ਦੀ ਦਲ-ਦਲ ਵਿਚ ਫਸ ਰਹੇ ਹਨ| ਪੰਜਾਬ ਵਿਚ ਇਸ ਸਮੇਂ ਲੱਖਾਂ ਦੀ ਗਿਣਤੀ ਵਿੱਚ ਪੜੇ ਲਿਖੇ ਬੇਰੁਜ਼ਗਾਰ ਨੌਜਵਾਨ ਨੌਕਰੀ ਦੀ ਭਾਲ ਵਿੱਚ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ| ਇਹਨਾਂ ਵਿਚੋਂ ਵੱਡੀ ਗਿਣਤੀ ਨੌਜਵਾਨ ਤਾਂ ਅਜਿਹੇ ਹਨ ਜਿਹੜੇ ਵਿਦਿਅਕ ਪਖੋਂ ਕੋਈ ਨਾ ਕੋਈ ਯੋਗਤਾ ਟੈਸਟ ਵੀ ਪਾਸ ਕਰ ਚੁੱਕੇ ਹਨ ਪਰ ਉਹਨਾਂ ਨੂੰ ਸਰਕਾਰੀ ਦਾਅਵਿਆਂ ਦੇ ਬਾਵਜੂਦ ਕੋਈ ਨੌਕਰੀ ਨਹੀਂ ਮਿਲੀ ਹੈ|
ਸਾਡੇ ਸੂਬੇ ਦੇ ਲਗਭਗ ਸਾਰੇ ਹੀ ਸ਼ਹਿਰਾਂ ਵਿਚ ਵੱਖ ਵੱਖ ਅਦਾਰਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੰਮ ਕਰਦੇ ਇੰਜਨੀਅਰ ਅਜਿਹੇ ਹਨ ਜੋ 12 ਤੋਂ 15 ਹਜ਼ਾਰ ਦੀ ਮਾਮੂਲੀ ਤਨਖਾਹ ਉਪਰ ਕੰਮ ਕਰਦੇ ਹਨ| ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਜਿਹੇ ਡਿਗਰੀ ਧਾਰਕ ਨੌਜਵਾਨ ਨੌਕਰੀ ਨਾ ਮਿਲਣ ਕਾਰਨ  ਬੇਰੁਜ਼ਗਾਰ ਘੁੰਮ ਰਹੇ ਹਨ| ਲੱਖਾਂ ਦੀ ਤਾਦਾਦ ਵਿਚ ਵਿਹਲੇ ਫਿਰਦੇ ਇਹਨਾਂ ਨੌਜਵਾਨਾਂ ਨੂੰ ਕਦੇ ਵੀ ਕੋਈ ਤਾਕਤ ਗੁੰਮਰਾਹ ਕਰ ਸਕਦੀ ਹੈ ਅਤੇ ਰੋਸ ਵਿੱਚ ਆਏ ਇਹ ਨੌਜਵਾਨ ਸਮਾਜ ਲਈ ਗੰਭੀਰ ਸਮੱਸਿਆ ਬਣ ਸਕਦੇ ਹਨ| ਤ੍ਰਾਸਦੀ ਇਹ ਹੈ ਕਿ ਨੌਕਰੀ ਦੀ ਮੰਗ ਕਰਦੇ ਇਹ ਨੌਜਵਾਨ (ਬੇਰੁਜ਼ਗਾਰ ਅਧਿਆਪਕ, ਲਾਈਨਮੈਨ ਅਤੇ ਹੋਰ ਸਿਖਿਅਤ ਨੌਜਵਾਨ) ਜਦੋਂ ਨੌਕਰੀ ਲੈਣ ਲਈ ਰੋਸ ਰੈਲੀਆਂ ਕਰਦੇ ਹਨ ਜਾਂ ਧਰਨੇ ਦਿੰਦੇ ਹਨ ਤਾਂ ਉਹਨਾਂ ਨੂੰ ਉਲਟਾ ਪੁਲਿਸ ਦੀਆਂ ਲਾਠੀਆਂ ਖਾਣੀਆਂ ਪੈਂਦੀਆਂ ਹਨ|
ਬੇਰੁਜਗਾਰੀ ਦੀ ਇਸ ਸਮੱਸਿਆ ਲਈ ਸਾਡੀ ਸਿੱਖਿਆ ਪ੍ਰਣਾਲੀ ਨੂੰ ਵੀ ਕਾਫੀ ਹੱਦ ਤਕ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਜਿਹੜੀ ਨੌਜਵਾਨਾ ਨੂੰ ਆਪਣੇ ਦਮ ਤੇ ਕੁੱਝ ਕਰਨ ਦੀ ਸਿਖਿਆ ਦੇਣ ਦੀ ਥਾਂ ਉਹਨਾਂ ਨੂੰ ਬਾਬੂ ਜਾਂ ਕਲਰਕ ਬਣਾਉਂਦੀ ਹੈ| ਇਹ ਸਿੱਖਿਆ ਪ੍ਰਣਾਲੀ ਅੰਗ੍ਰੇਜਾਂ ਦੇ ਸਮੇਂ ਤੋਂ ਹੀ ਚਲਦੀ ਆ ਰਹੀ ਹੈ ਜਿਸ ਵਿਚ ਕੋਈ ਖਾਸ ਬਦਲਾਓ ਨਹੀਂ ਆਇਆ| ਇਹੀ ਕਾਰਨ ਹੈ ਕਿ ਉਚ ਪੱਧਰੀ ਪੜ੍ਹਾਈ ਕਰਕੇ ਵੀ ਨੌਜਵਾਨ ਵਿਹਲੇ ਘੁੰਮਦੇ ਦਿਖਦੇ ਹਨ| ਵੱਡੀ ਗਿਣਤੀ ਨੌਜਵਾਨ ਅਜਿਹੇ ਹਨ, ਜੋ ਕਿ ਛੋਟੀਆਂ ਮੋਟੀਆਂ ਨੋਕਰੀਆਂ ਕਰਦੇ ਹੀ ਨਹੀਂ ਅਤੇ ਵੱਡੀ ਤੇ ਸ਼ਾਨਦਾਰ ਨੌਕਰੀ ਉਹਨਾਂ ਨੂੰ ਮਿਲਦੀ ਨਹੀਂ ਜਿਸ ਕਾਰਨ ਉਹ ਵਿਹਲੇ ਹੀ ਫਿਰਦੇ ਰਹਿ ਜਾਂਦੇ ਹਨ| ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਭਾਰਤੀ ਨੌਜਵਾਨਾਂ ਨੂੰ ਰੁਜ਼ਗਾਰ ਮੰਗਣ ਦੀ ਥਾਂ ਰੁਜ਼ਗਾਰ ਦੇਣ ਵਾਲੇ ਬਣਨਾ ਚਾਹੀਦਾ ਹੈ| ਇਸ ਲਈ ਪ੍ਰਧਾਨ ਮੰਤਰੀ ਮੋਦੀ ਸਕਿਲ ਇੰਡੀਆਂ ਦਾ ਵਿਚਾਰ ਵੀ ਪੇਸ਼ ਕਰ ਚੁਕੇ ਹਨ| ਦੇਸ਼ ਦੇ ਵੱਡੀ ਗਿਣਤੀ ਨੌਜਵਾਨ ਆਪਣੇ ਕੰਮ ਧੰਦੇ ਵੀ ਕਰ ਰਹੇ ਹਨ ਪਰ ਇਸਦੇ ਬਾਵਜੂਦ ਅਜੇ ਵੀ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਬੇਰੁਜ਼ਗਾਰ ਹਨ| ਜਦੋਂ ਵੀ ਪੁਲੀਸ, ਫੌਜ ਅਤੇ ਹੋਰ ਵਿਭਾਗਾਂ ਵਿਚ ਖੁਲ੍ਹੀ ਭਰਤੀ ਹੁੰਦੀ ਹੈ ਤਾਂ ਕੁਝ ਕੁ ਪੋਸਟਾਂ ਲਈ ਹੀ ਲੱਖਾਂ ਨੌਜਵਾਨ ਭਰਤੀ ਹੋਣ ਲਈ ਪਹੁੰਚ ਜਾਂਦੇ ਹਨ, ਜਿਸ ਨਾਲ    ਬੇਰੁਜ਼ਗਾਰੀ ਦੀ ਸਮੱਸਿਆ ਦੀ ਗੰਭੀਰਤਾ ਦਾ ਪਤਾ ਚਲ ਜਾਂਦਾ ਹੈ|
ਕੇਂਦਰ ਅਤੇ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਬੇਰੁਜਗਾਰੀ ਦੇ ਇਸ ਦੈਂਤ ਨੁੰ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਅਤੇ ਇਸ ਸਮੱਸਿਆ ਦੇ  ਹੱਲ ਲਈ ਠੋਸ ਉਪਰਾਲੇ ਕੀਤੇ ਜਾਣ| ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿੱਥੇ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਭਰਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਉੱਥੇ ਅਧਿਆਪਕ ਯੋਗਤਾ ਟੈਸਟ, ਲਾਇਨਮੈਨ ਟੈਸਟ ਅਤੇ ਹੋਰ ਟੈਸਟ ਪਾਸ ਕਰ ਚੁਕੇ ਉਮੀਦਵਾਰਾਂ ਨੂੰ ਵੀ ਨੌਕਰੀਆਂ                 ਦੇਣ ਦੇ ਨਾਲ ਨਾਲ ਨੌਜਵਾਨਾਂ ਨੁੰ ਸਵੈਰੁਜਗਾਰ ਵੱਲ ਪ੍ਰੇਰਿਤ ਕਰਨ ਲਈ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਏ ਤਾਂ ਜੋ ਬੇਰੁਜ਼ਗਾਰੀ ਦੇ ਇਸ ਦੈਂਤ ਨੂੰ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *