ਲਗਾਤਾਰ ਵੱਧਦੇ ਜਾਨਲੇਵਾ ਸੈਲਫੀ ਦੇ ਮਾਮਲੇ

ਹਾਲ ਦੇ ਸਾਲਾਂ ਵਿੱਚ ਮੋਬਾਇਲ ਕੈਮਰੇ ਰਾਹੀਂ ਸੈਲਫੀ ਮਤਲਬ ਆਪਣੀ ਤਸਵੀਰ ਖੁਦ ਉਤਾਰਣ ਦੇ ਸ਼ੌਕ ਦੇ ਜਾਨਲੇਵਾ ਸਾਬਿਤ ਹੋਣ ਦੀਆਂ ਖਬਰਾਂ ਕਦੇ ਕਦੇ ਆਉਂਦੀਆਂ ਰਹੀਆਂ ਹਨ| ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਅਜਿਹੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਲੈਂਦੇ| ਓੜਿਸ਼ਾ ਦੇ ਰਾਏਗੜ ਜਿਲ੍ਹੇ ਵਿੱਚ ਬੀਤੇ ਦਿਨੀਂ ਸੈਲਫੀ ਲੈਣ ਦੇ ਚੱਕਰ ਵਿੱਚ ਇੱਕ ਮਹਿਲਾ ਅਤੇ ਉਸਦੇ ਬੇਟੇ ਦੀ ਮੌਤ ਹੋ ਗਈ| ਮਹਿਲਾ ਆਪਣੇ ਪਰਿਵਾਰ ਦੇ ਨਾਲ ਨਾਗਾਵਲੀ ਨਦੀ ਦੇ ਪੁੱਲ ਤੇ ਘੁੰਮਣ ਗਈ ਸੀ| ਉਥੇ ਹੀ ਆਪਣੀ ਧੀ ਅਤੇ ਬੇਟੇ ਦੇ ਨਾਲ ਕੁੱਝ ਤਸਵੀਰਾਂ ਲੈਣ ਦੇ ਕ੍ਰਮ ਵਿੱਚ ਤਿੰਨੋਂ ਫਿਸਲ ਕੇ ਨਦੀ ਵਿੱਚ ਡਿੱਗ ਗਏ| ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਧੀ ਨੂੰ ਤਾਂ ਬਚਾ ਲਿਆ, ਪਰ ਮਹਿਲਾ ਅਤੇ ਉਸਦਾ ਪੁੱਤਰ ਡੁੱਬ ਗਏ| ਕਿਸੇ ਹਾਦਸੇ ਵਿੱਚ ਹੋਈਆਂ ਮੌਤਾਂ ਵਿੱਚ ਹਾਲਾਤ ਦੇ ਕਈ ਪਹਿਲੂ ਹੁੰਦੇ ਹਨ| ਪਰ ਸੈਲਫੀ ਦੀ ਵਜ੍ਹਾ ਨਾਲ ਹੋਈਆਂ ਮੌਤਾਂ ਇਸ ਲਈ ਜ਼ਿਆਦਾ ਦੁਖਦ ਹਨ ਕਿ ਇਹ ਸਿਰਫ਼ ਸ਼ੌਕ ਦੇ ਚਲਦੇ ਵਰਤੀ ਗਈ ਲਾਪਰਵਾਹੀ ਦਾ ਨਤੀਜਾ ਹੁੰਦੀਆਂ ਹਨ|
ਰੋਜਾਨਾ ਦੀ ਜਿੰਦਗੀ ਵਿੱਚ ਮਨੋਰੰਜਨ ਜਾਂ ਨਵੇਂਪਣ ਨੂੰ ਮਾਨਸਿਕ ਸਿਹਤ ਲਈ ਜਰੂਰੀ ਮੰਨਿਆ ਜਾਂਦਾ ਹੈ| ਪਰ ਜੇਕਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਨਲੇਵਾ ਸ਼ੌਕ ਵਿੱਚ ਤਬਦੀਲ ਹੋ ਜਾਣ ਤਾਂ ਉਸ ਸ਼ੌਕ ਤੋਂ ਤੌਬਾ ਕਰ ਲੈਣਾ ਹੀ ਠੀਕ ਹੈ| ਹਾਲ ਵਿੱਚ ਹੋਏ ਕਈ ਅਧਿਐਨਾਂ ਵਿੱਚ ਸੈਲਫੀ ਲੈਣ ਦੀ ਆਦਤ ਨੂੰ ਇੱਕ ਮਾਨਸਿਕ ਰੋਗ ਦੱਸਿਆ ਗਿਆ ਹੈ, ਜਿਸਦਾ ਸ਼ਿਕਾਰ ਵਿਅਕਤੀ ਇਸ ਗੱਲ ਦਾ ਖਿਆਲ ਵੀ ਨਹੀਂ ਰੱਖ ਪਾਉਂਦਾ ਕਿ ਖਤਰਨਾਕ ਥਾਵਾਂ ਤੇ ਵੱਖ-ਵੱਖ ਮੁਦਰਾਵਾਂ ਵਿੱਚ ਆਪਣੀਆਂ ਤਸਵੀਰਾਂ ਉਤਾਰਣ ਦੇ ਕ੍ਰਮ ਵਿੱਚ ਉਸਦੀ ਜਾਨ ਵੀ ਜਾ ਸਕਦੀ ਹੈ| ਹਾਲਾਂਕਿ ਹੁਣ ਕਈ ਲੋਕਾਂ ਨੂੰ ਆਪਣੇ ਅੰਦਰ ‘ਆਬਸੇਸਿਵ ਕੰਪਲਸਿਵ ਡਿਸਆਰਡਰ’ ਨਾਮਕ ਇਹ ਰੋਗ ਹੋਣ ਦਾ ਅਹਿਸਾਸ ਹੋ ਰਿਹਾ ਹੈ ਅਤੇ ਉਹ ਇਸਦਾ ਇਲਾਜ ਕਰਾਉਣ ਹਸਪਤਾਲਾਂ ਵਿੱਚ ਪਹੁੰਚ ਰਹੇ ਹਨ| ਮਨੋਚਿਕਿਤਸਕਾਂ ਦੇ ਮੁਤਾਬਕ ‘ਸੈਲਫੀ ਸਾਇਟਿਸ’ ਇੱਕ ਅਜਿਹੀ ਹਾਲਤ ਹੁੰਦੀ ਹੈ, ਜਿਸ ਵਿੱਚ ਵਿਅਕਤੀ ਸੈਲਫੀ ਲੈ ਕੇ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਕਰਦਾ ਹੈ ਤਾਂ ਉਸਨੂੰ ਬੇਚੈਨੀ ਹੋਣ ਲੱਗਦੀ ਹੈ| ਇਸਦਾ ਅਗਲਾ ਸਿਰਾ ਇਸ ਨਾਲ ਜੁੜਦਾ ਹੈ ਕਿ ਇਸ ਆਦਤ ਦੇ ਸ਼ਿਕਾਰ ਲੋਕ ਜਨਤਕ ਰੂਪ ਨਾਲ ਤਾਂ ਸਮਾਜਿਕ ਦਿਖਦੇ ਹਨ, ਖੂਬ ਤਸਵੀਰਾਂ ਸਾਂਝੀਆਂ ਕਰਦੇ ਹਨ, ਪਰ ਉਨ੍ਹਾਂ ਦੇ ਅੰਦਰ ਆਤਮ ਵਿਸ਼ਵਾਸ ਦਾ ਕੋਨਾ ਹੌਲੀ-ਹੌਲੀ ਖਾਲੀ ਹੁੰਦਾ ਜਾਂਦਾ ਹੈ|
ਕਰੀਬ ਸਵਾ ਸਾਲ ਪਹਿਲਾਂ ‘ਮੀ, ਮਾਈ ਸੈਲਫ ਐਂਡ ਮਾਏ ਕਿਲਫੀ: ਕੈਰੇਕਟਰਾਇਜਿੰਗ ਐਂਡ ਪ੍ਰੀਵੇਂਟਿੰਗ ਸੈਲਫੀ ਡੈਥਸ’ ਨਾਮ ਦੇ ਇੱਕ ਅਧਿਐਨ ਦੇ ਮੁਤਾਬਕ ਦੁਨੀਆ ਭਰ ਵਿੱਚ ਸੈਲਫੀ ਲੈਣ ਦੇ ਚੱਕਰ ਵਿੱਚ ਹੋਈਆਂ ਮੌਤਾਂ ਵਿੱਚੋਂ ਸੱਠ ਫੀਸਦੀ ਇਕੱਲੇ ਭਾਰਤ ਵਿੱਚ ਹੋਈਆਂ ਸਨ| ਤ੍ਰਾਸਦੀ ਇਹ ਹੈ ਕਿ ਜੋ ਆਦਤ ਇਸ ਕਦਰ ਇੱਕ ਸਮੱਸਿਆ ਬਣ ਚੁੱਕੀ ਹੈ ਉਸਦਾ ਕੋਈ ਹੱਲ ਤਾਂ ਸਾਹਮਣੇ ਨਹੀਂ ਆ ਰਿਹਾ ਹੈ, ਪਰ ਬਾਜ਼ਾਰ ਇਸਤੋਂ ਲਾਹਾ ਲੈਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ|
ਅੱਜ ਸਮਾਰਟਫੋਨ ਵਿੱਚ ਤਬਦੀਲ ਹੋ ਚੁੱਕੇ ਜਿਆਦਾਤਰ ਮੋਬਾਇਲਾਂ ਦੀ ਵਿਕਰੀ ਵਧਾਉਣ ਲਈ ਕੰਪਨੀਆਂ ਇਸ਼ਤਿਹਾਰ ਵਿੱਚ ‘ਸੈਲਫੀ ਦੇ ਲਿਹਾਜ਼ ਨਾਲ ਬਿਹਤਰੀਨ ਕੈਮਰਾ’ ਹੋਣ ਨੂੰ ਆਪਣੇ ਉਤਪਾਦ ਦੀ ਸਭ ਤੋਂ ਵੱਡੀ ਖਾਸੀਅਤ ਦੱਸਦੀਆਂ ਹਨ| ਪ੍ਰਸਿੱਧ ਸਿਤਾਰੇ ਅਜਿਹੇ ਮੋਬਾਇਲਾਂ ਦਾ ਪ੍ਰਚਾਰ ਕਰਦੇ ਹੋਏ ਉਨ੍ਹਾਂ ਦੇ ਸੈਲਫੀ ਵਾਲੇ ਪਹਿਲੂ ਨੂੰ ਜ਼ਿਆਦਾ ਉਭਾਰਦੇ ਹਨ| ਮੁਸ਼ਕਲ ਇਹ ਹੈ ਕਿ ਸੈਲਫੀ ਮੋਬਾਇਲਾਂ ਦੇ ਇਸ਼ਤਿਹਾਰ ਦੇ ਸਮਾਂਤਰ ਕਿਸੇ ਅਜਿਹੀ ਸੂਚਨਾ ਦਾ ਪ੍ਰਸਾਰ ਨਹੀਂ ਦਿਸਦਾ, ਜੋ ਲੋਕਾਂ ਨੂੰ ਇਸ ਸ਼ੌਕ ਦੇ ਜਾਨਲੇਵਾ ਜੋਖਮ ਬਾਰੇ ਵੀ ਸੁਚੇਤ ਕਰੇ|
ਰੌਹਨ

Leave a Reply

Your email address will not be published. Required fields are marked *