ਲਗਾਤਾਰ ਵੱਧਦੇ ਸ਼ੋਰ ਪ੍ਰਦੂਸ਼ਨ ਨੂੰ ਕਾਬੂ ਕਰਨ ਲਈ ਕਾਰਵਾਈ ਹੋਵੇ

ਭਾਰਤ ਨੂੰ ਭਾਵੇਂ ਇੱਕ ਸ਼ਾਂਤੀ ਪਸੰਦ ਦੇਸ਼ ਕਿਹਾ ਜਾਂਦਾ ਹੈ, ਪਰੰਤੂ ਸ਼ਾਇਦ ਭਾਰਤ ਵਿੱਚ ਹੀ ਸਭ ਤੋਂ ਵੱਧ ਸ਼ੋਰ ਸ਼ਰਾਬਾ ਹੁੰਦਾ ਹੈ | ਹਰ ਪਿੰਡ ਸ਼ਹਿਰ ਵਿੱਚ ਹੀ ਹਰ ਪਾਸੇ ਹਰ ਸਮੇਂ ਜਿਵੇਂ ਕਾਂਵਾਂਰੋਲੀ ਜਿਹੀ ਪਈ ਰਹਿੰਦੀ ਹੈ ਜਿਸ ਕਾਰਨ ਆਮ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ| ਸਾਡੇ ਵਾਤਾਵਰਨ ਵਿੱਚ ਸ਼ੋਰ ਪ੍ਰਦੂਸ਼ਨ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਤਾਂ ਹੁੰਦੀ ਹੀ ਹੈ ਇਸਦੇ ਨਾਲ ਨਾਲ ਵੱਧਦਾ ਸ਼ੋਰ ਪ੍ਰਦੂਸ਼ਨ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਰਿਹਾ ਹੈ| ਤੇਜ ਸ਼ੋਰ ਸ਼ਰਾਬੇ ਕਾਰਨ ਆਮ ਲੋਕਾਂ ਵਿੱਚ ਤਨਾਓ ਵਧਣ ਅਤੇ ਸੁਣਣ ਸ਼ਕਤੀ ਘੱਟ ਹੋਣ ਦੀਆਂ ਸ਼ਿਕਾਇਤਾਂ ਲਗਾਤਾਰ ਵੱਧ ਰਹੀਆ ਹਨ ਅਤੇ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ|
ਸ਼ੋਰ ਪ੍ਰਦੂਸ਼ਨ ਵਿੱਚ ਹੁੰਦੇ ਇਸ ਵਾਧੇ ਵਿੱਚ ਸਭ ਤੋਂ ਵੱਧ ਯੋਗਦਾਨ ਸਾਡੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਵਲੋਂ ਪਾਇਆ ਜਾਂਦਾ ਹੈ ਜਿਹਨਾਂ ਵਲੋਂ ਧਾਰਮਿਕ ਸਥਾਨਾਂ ਵਿੱਚ ਹੁੰਦੇ ਪਾਠ ਪੂਜਾ ਦੇ ਪ੍ਰੋਗਰਾਮ ਦੌਰਾਨ ਉੱਚੀ ਆਵਾਜ ਵਿੱਚ ਸਪੀਕਰ ਵਜਾਏ ਜਾਂਦੇ ਹਨ| ਹਾਲਾਂਕਿ ਸਪੀਕਰਾਂ ਤੇ ਉੱਚੀ ਆਵਾਜ ਵਿੱਚ ਚਲਦੇ ਪਾਠ ਅਤੇ ਪੂਜਾ ਆਰਤੀ ਨੂੰ ਨਾ ਤਾਂ ਕੋਈ ਵਿਅਕਤੀ ਸੁਣਦਾ ਹੈ ਅਤੇ ਨਾ ਹੀ ਆਸ ਪਾਸ ਦੀਆਂ ਆਵਾਜਾਂ ਵਿੱਚ ਗਲਗੱਡ ਹੋਈ ਸਪੀਕਰਾਂ ਦੀ ਆਵਾਜ ਕਿਸੇ ਨੂੰ ਚੰਗੀ ਤਰ੍ਹਾਂ ਸਮਝ ਆਉਂਦੀ ਹੈ| ਨਤੀਜਾ ਇਹ ਹੁੰਦਾ ਹੈ ਕਿ ਮਨੁੱਖ ਦੇ ਮਨ ਨੂੰ ਸ਼ਾਂਤੀ ਦੇਣ ਵਾਲੀ ਪਾਠ ਪੂਜਾ ਹੀ ਸਪੀਕਰਾਂ ਦੀ ਉਚੀ ਆਵਾਜ ਕਾਰਨ ਮਨੁੱਖ ਦਾ ਮਨ ਅਸ਼ਾਂਤ ਕਰ ਦਿੰਦੀ ਹੈ| ਰਹਿੰਦੀ ਕਸਰ ਮੈਰਿਜ ਪੈਲਿਸਾਂ ਅਤੇ ਵਿਆਹ ਵਾਲੇ ਘਰਾਂ ਤੇ ਹੋਰ ਸਮਾਗਮਾਂ ਦੌਰਾਨ ਉੱਚੀ ਆਵਾਜ ਵਿੱਚ ਵੱਜਣ ਵਾਲੇ ਸਪੀਕਰ ਪੂਰੀ ਕਰ ਦਿੰਦੇ ਹਨ ਜਿਹਨਾਂ ਨੂੰ ਉੱਚੀ ਆਵਾਜ ਵਿੱਚ ਦੇਰ ਰਾਤ ਤਕ ਚਲਦਾ ਰੱਖ ਕੇ ਸ਼ੋਰ ਪ੍ਰਦੂਸ਼ਨ ਵਿੱਚ ਭਾਰੀ ਵਾਧਾ ਕੀਤਾ ਜਾਂਦਾ ਹੈ|
ਬਹੁਤ ਜਿਆਦਾ ਤੇਜ ਆਵਾਜ ਵਿੱਚ ਵੱਜਦੇ ਇਹਨਾਂ ਸਪੀਕਰਾਂ ਕਾਰਨ ਜਿਥੇ ਬਜੁਰਗਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ ਉੱਥੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵੀ ਵਿਘਨ ਪੈਂਦਾ ਹੈ| ਹੁਣ ਤਾਂ ਵੱਖ ਵੱਖ ਧਾਰਮਿਕ ਸਮਾਗਮਾਂ ਦੀਆਂ ਮਸ਼ਹੂਰੀਆਂ ਕਰਨ ਵਾਲੇ ਆਟੋ ਵਾਲੇ ਵੀ ਸਪੀਕਰਾਂ ਦੀ ਉੱਚੀ ਆਵਾਜ ਵਿੱਚ ਇਹਨਾਂ ਧਾਰਮਿਕ ਸਮਾਗਮਾਂ ਦੀ ਮਸ਼ਹੂਰੀ ਕਰਦੇ ਘੁਮੰਦੇ ਰਹਿੰਦੇ ਹਨ| ਕਈ ਵਿਅਕਤੀ ਅਜਿਹੇ ਵੀ ਹਨ ਜਿਹੜੇ ਆਪਣੇ ਘਰਾਂ ਅੰਦਰ ਟੀ ਵੀ, ਟੇਪ ਰਿਕਾਰਡਰ ਇੰਨੀ ਤੇਜ ਆਵਾਜ ਵਿੱਚ ਚਲਾਉਂਦੇ ਹਨ ਕਿ ਸਾਰਾ ਮੁਹੱਲਾ ਉਹ ਆਵਾਜ ਸੁਣਦਾ ਹੈ ਅਤੇ ਇਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ|
ਵੱਖ ਵੱਖ ਵਾਹਨਾਂ ਵਿੱਚ ਵੱਜਦੇ ਪ੍ਰੈਸ਼ਰ ਹਾਰਨ ਵੀ ਸ਼ੋਰ ਪ੍ਰਦੂਸ਼ਨ ਦਾ ਇੱਕ ਪ੍ਰਮੁਖ ਕਾਰਨ ਹਨ| ਹਾਲਾਂਕਿ ਪੁਲੀਸ ਪ੍ਰਸ਼ਾਸ਼ਨ ਵਲੋਂ ਵਾਹਨਾਂ ਤੋਂ ਪ੍ਰੈਸ਼ਰ ਹਾਰਨ ਉਤਾਰਨ ਲਈ ਸਮੇਂ ਸਮੇਂ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਵੀ ਕੀਤੀ ਜਾਂਦੀ ਹੈ ਅਤੇ ਪ੍ਰੈਸ਼ਰ ਹਾਰਨ ਵਾਲੇ ਵਾਹਨਾਂ ਦੇ ਚਲਾਨ ਵੀ ਕੀਤੇ ਜਾਂਦੇ ਹਨ ਪਰ ਇਸਦੇ ਬਾਵਜੂਦ ਵਾਹਨ ਚਾਲਕਾਂ ਵਲੋਂ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਧੜੱਲੇ ਨਾਲ ਕੀਤੀ ਜਾਂਦੀ ਹੈ| ਜਿਆਦਾਤਰ ਵਾਹਨ ਚਾਲਕ ਇੱਕ ਦੂਜੇ ਤੋਂ ਅੱਗੇ ਨਿਕਲਣ ਵੇਲੇ ਅਤੇ ਕਈ ਵਾਰ ਤਾਂ ਬਿਨਾਂ ਲੋੜ ਤੋਂ ਹੀ ਪ੍ਰੈਸ਼ਰ ਹਾਰਨ ਵਜਾਉਂਦੇ ਰਹਿੰਦੇ ਹਨ ਜਿਸ ਕਾਰਨ ਇਹਨਾਂ ਵਾਹਨਾਂ ਦੇ ਨੇੜੇ ਮੌਜੂਦ ਲੋਕਾਂ ਦੇ ਕੰਨ ਫਟਣ ਵਾਲੇ ਹੋ ਜਾਂਦੇ ਹਨ| ਮੋਟਰਸਾਈਕਲਾਂ ਅਤੇ ਕਾਰਾਂ ਵਿੱਚ ਗੇੜੀਆਂ ਮਾਰਨ ਵਾਲੇ ਨੌਜਵਾਨਾਂ ਦੇ ਟੋਲੇ ਜਿਹਨਾਂ ਵਲੋਂ ਮੋਟਰਸਾਈਕਲਾਂ ਦੇ ਸਾਈਲੰਸਰ ਉਤਾਰੇ ਹੁੰਦੇ ਹਨ ਅਤੇ ਕਾਰਾਂ ਵਿੱਚ ਉੱਚੀ ਆਵਾਜ ਵਿੱਚ ਧਮਕਦਾਰ ਸਟੀਰਿਓ ਵਜਾਏ ਜਾਂਦੇ ਹਨ ਇਸ ਸਮੱਸਿਆ ਵਿੱਚ ਹੋਰ ਵੀ ਵਾਧਾ ਕਰਦੇ ਹਨ|
ਸਰਕਾਰ ਦੀ ਇਹ ਜਿੰਮੇਵਾਰੀ ਬਣੀ ਹੈ ਕਿ ਉਸ ਵਲੋਂ ਹਰ ਤਰ੍ਹਾਂ ਦੇ ਸ਼ੋਰ ਪ੍ਰਦੂਸਣ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਕਿਸੇ ਵੀ ਤਰੀਕੇ ਨਾਲ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦਾ ਪ੍ਰਬੰਧ ਕੀਤਾ ਜਾਵੇ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਕਾਰਨ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਹਾਸਿਲ ਹੋ ਸਕੇ|ੀ

Leave a Reply

Your email address will not be published. Required fields are marked *