ਲਗਾਤਾਰ ਵੱਧਦੇ ਸੜਕ ਹਾਦਸਿਆਂ ਤੇ ਕਾਬੂ ਕਰਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਜਰੂਰੀ

ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਦਾ ਸਰਬਪੱਖੀ ਵਿਕਾਸ ਹੋਣ ਦੇ ਨਾਲ ਨਾਲ ਸ਼ਹਿਰ ਵਿੱਚ ਲਗਾਤਾਰ ਵੱਧਦੀ ਵਾਹਨਾਂ ਦੀ ਗਿਣਤੀ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ ਦਾ ਬੋਝ ਵੀ ਬਹੁਤ ਜਿਆਦਾ ਵੱਧ ਗਿਆ ਹੈ| ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਸੜਕਾਂ ਦੀ ਸਮਰਥਾ ਦੇ ਮੁਕਾਬਲੇ ਇਹਨਾਂ ਉੱਪਰ ਚਲਣ ਵਾਲੇ ਵਾਹਨਾਂ ਦੀ ਗਿਣਤੀ ਕਿਤੇ ਵੱਧ ਹੋਣ ਕਾਰਨ ਜਿੱਥੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਬਦਹਾਲ ਰਹਿੰਦੀ ਹੈ ਉੱਥੇ ਸ਼ਹਿਰ ਵਿੱਚ ਵਾਪਰਨ ਵਾਲੇ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਕਾਫੀ ਵਾਧਾ ਹੋਇਆ ਹੈ ਅਤੇ ਇੱਕ ਤੋਂ ਬਾਅਦ ਇੱਕ ਵਾਪਰਦੇ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ|
ਦੋ ਸਾਲ ਪਹਿਲਾਂ ਜਨਤਕ ਆਵਾਜਾਈ ਲਈ ਸ਼ੁਰੂ ਕੀਤੀ ਗਈ ਏਅਰਪੋਰਟ ਰੋਡ ਅਤੇ ਸ਼ਹਿਰ ਦੀ ਸਭ ਤੋਂ ਵੱਧ ਵਿਅਸਤ ਮੰਨੀ ਜਾਂਦੀ ਮੁੱਖ ਸੜਕ (ਜਿਹੜੀ ਸ਼ਹਿਰ ਨੂੰ ਇੱਕ ਸਿਰੇ ਤੋਂ ਦੂਜੇ ਸਿਰੇ ਤਕ ਜੋੜਦੀ ਹੈ) ਤੇ ਵਾਪਰਨ ਵਾਲੇ ਸੜਕ ਹਾਦਸਿਆਂ ਦੀ ਗਿਣਤੀ ਬਹੁਤ ਜਿਆਦਾ ਹੈ| ਹਾਲਾਂਕਿ ਸ਼ਹਿਰ ਦੀ ਅੰਦਰੂਨੀ ਸੜਕ ਤੇ ਚਲਦੇ ਭਾਰੀ ਟ੍ਰੈਫਿਕ ਕਾਰਨ ਇਸ ਸੜਕ ਤੇ ਵਾਪਰਨ ਵਾਲੇ ਜਿਆਦਾਤਰ ਹਾਦਸੇ ਬਹੁਤ ਵੱਡੇ ਨਹੀਂ ਹੁੰਦੇ ਅਤੇ ਵੱਡੀ ਗਿਣਤੀ ਵਿੱਚ ਵਾਪਰਨ ਵਾਲੇ ਇਹਨਾਂ ਛੁਟਪੁਟ ਹਾਦਸਿਆਂ ਦੀ ਪੁਲੀਸ ਕੋਲ ਸ਼ਿਕਾਇਤ ਤਕ ਨਹੀਂ ਹੁੰਦੀ, ਪਰੰਤੂ ਕਈ ਵਾਰ ਇਸ ਸੜਕ ਤੇ ਜਾਨਲੇਵਾ ਹਾਦਸੇ ਵੀ ਵਾਪਰਦੇ ਹਨ| ਦੂਜੇ ਪਾਸੇ ਏਅਰਪੋਰਟ ਤੋਂ ਇਲਾਵਾ ਸ਼ਹਿਰ ਦੇ ਅੰਬਾਂ ਵਾਲਾ ਚੌਂਕ ਅਤੇ ਕੁੰਭੜਾ ਚੌਂਕ ਦੇ ਨਾਮ ਨਾਲ ਮਸ਼ਹੂਰ ਦੋਵਾਂ ਵੱਡੇ ਚੌਂਕਾਂ ਵਿੱਚ ਅਕਸਰ ਹਾਦਸੇ ਵਾਪਰਦੇ ਹਨ|
ਹਾਲਾਂਕਿ ਸੜਕ ਹਾਦਸਿਆਂ ਲਈ ਮੁੱਖ ਤੌਰ ਤੇ ਮਨੁੱਖੀ ਗਲਤੀਆਂ ਹੀ ਜਿੰਮੇਵਾਰ ਹੁੰਦੀਆਂ ਹਨ ਪਰੰਤੂ ਕਈ ਵਾਰ ਹਾਲਾਤ ਵੀ ਅਜਿਹੇ ਹੁੰਦੇ ਹਨ ਕਿ ਗਲਤੀ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ| ਸਾਡੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਹਾਲਤ ਅਜਿਹੀ ਹੈ ਕਿ ਇੱਥੇ ਅੱਖ ਦੇ ਫੇਰ ਵਿੱਚ ਹੀ ਹਾਦਸਾ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ| ਸ਼ਹਿਰ ਦੀਆਂ ਸੜਕਾਂ ਵਿੱਚ ਜਿੰਨੇ ਕੁ ਵਾਹਨਾਂ ਦੀ ਆਵਾਜਾਈ ਦਾ ਭਾਰ ਸਹਿਣ ਕਰਨ ਦੀ ਸਮਰਥਾ ਹੈ ਉਸ ਤੋਂ ਕਈ ਗੁਨਾ ਵਾਹਨ ਹਰ ਵੇਲੇ ਇਹਨਾਂ ਸੜਕਾਂ ਤੇ ਹੁੰਦੇ ਹਨ| ਸਵੇਰੇ ਅਤੇ ਸ਼ਾਮ ਵੇਲੇ ਜਦੋਂ ਲੋਕਾਂ ਦੇ ਦਫਤਰ ਆਉਣ ਜਾਣ ਦਾ ਸਮਾਂ ਹੁੰਦਾ ਹੈ ਉਸ ਵੇਲੇ ਤਾਂ ਸੜਕ ਤੇ ਭੀੜ ਹੋਰ ਵੀ ਵੱਧ ਜਾਂਦੀ ਹੈ ਅਤੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿੱਚ ਲੋਕਾਂ ਦੇ ਵਾਹਨ ਆਪਸ ਵਿੱਚ ਖਹਿੰਦੇ ਰਹਿੰਦੇ ਹਨ| ਇਸਤੋਂ ਇਲਾਵਾ ਸ਼ਹਿਰ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਅਣਅਧਿਕਾਰਤ ਤੌਰ ਤੇ ਚਲਣ ਵਾਲੇ ਥ੍ਰੀ ਵਹੀਲਰ ਵੀ ਲਗਾਤਾਰ ਵਾਪਰਦੇ ਸੜਕ ਹਾਦਸਿਆਂ ਲਈ ਕਾਫੀ ਹੱਦ ਤਕ ਜਿੰਮੇਵਾਰ ਸਮਝੇ ਜਾ ਸਕਦੇ ਹਨ ਜਿਹੜੇ ਸੜਕ ਦੇ ਇੱਕ ਵੱਡੇ ਹਿੱਸੇ ਤੇ ਕਾਬਜ ਹੋ ਜਾਂਦੇ ਹਨ ਅਤੇ ਇਸ ਕਾਰਣ ਆਮ ਲੋਕਾਂ ਨੂੰ ਬਹੁਤ ਸਾਵਧਾਨੀ ਨਾਲ ਸੜਕ ਤੇ ਚਲਣਾ ਪੈਂਦਾ ਹੈ|
ਸ਼ਹਿਰ ਵਿੱਚ ਲਗਾਤਾਰ ਵਾਪਰਦੇ ਸੜਕ ਹਾਦਸਿਆਂ ਉੱਪਰ ਕਾਬੂ ਕਰਨ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਦੀ ਬਦਹਾਲ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ| ਇਸ ਲਈ ਜਿੱਥੇ ਸ਼ਹਿਰ ਵਿੱਚ ਅਣਅਧਿਕਾਰਤ ਤੌਰ ਤੇ ਚਲਦੇ ਥ੍ਰੀ ਵਹੀਲਰਾਂ ਤੇ ਸਖਤੀ ਨਾਲ ਕਾਬੂ ਕੀਤਾ ਜਾਣਾ ਚਾਹੀਦਾ ਹੈ ਉੱਥੇ ਅਜਿਹੇ ਵਾਹਨ ਚਾਲਕਾਂ ਨੂੰ ਕਾਬੂ ਕਰਨ ਲਈ ਵੀ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਜਿਹੜੇ ਟ੍ਰੈਫਿਕ ਨਿਯਮਾਂ ਦੀ ਖੁੱਲੇਆਮ ਉਲੰਘਣਾ ਕਰਦੇ ਹਨ ਅਤੇ ਆਏ ਦਿਨ ਸੜਕ ਹਾਦਸਿਆਂ ਦਾ ਕਾਰਣ ਬਣਦੇ ਹਨ| ਇਸਦੇ ਨਾਲ ਨਾਲ ਸ਼ਹਿਰ ਵਿੱਚ ਚਲਣ ਵਾਲੀਆਂ ਬਸਾਂ ਦੇ ਚਾਲਕਾਂ ਲਈ ਵੀ ਜਰੂਰੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਇੱਕ ਮਿੱਥੀ ਹੋਈ ਰਫਤਾਰ ਤੋਂ ਤੇਜ ਬਸਾਂ ਨਾ ਚਲਾਉਣ ਅਤੇ ਪੂਰੀ ਸਾਵਧਾਨੀ ਵਰਤਣ| ਅਜਿਹੇ ਵੱਡੇ ਵਾਹਨਾਂ ਨੂੰ ਚਲਾਉਣ ਵਾਲੇ ਵਿਅਕਤੀਆਂ ਦੀ ਨਿਯਮਤ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਜਾਂਚ ਦੇ ਆਧਾਰ ਤੇ ਹੀ ਵਾਹਨ ਚਾਲਕਾਂ ਨੂੰ ਸ਼ਹਿਰ ਵਿੱਚ ਵਾਹਨ ਚਲਾਉਣ ਦੀ ਇਜਾਜਤ ਮਿਲਣੀ ਚਾਹੀਦੀ ਹੈ|
ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿੱਚ ਦਿਨੋਂ ਦਿਨ ਵੱਧਦੇ ਸੜਕ ਹਾਦਸਿਆਂ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਅੰਜਾਮ ਦੇਵੇ| ਸ਼ਹਿਰ ਵਾਸੀਆਂ ਨੂੰ ਆਵਾਜਾਈ ਦੀ ਸੁਰਖਿਅਤ ਸਹੂਲੀਅਤ ਮੁਹਈਆ ਕਰਵਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਅਤੇ ਇਸ ਵਾਸਤੇ ਪ੍ਰਸ਼ਾਸ਼ਨ ਵਲੋਂ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ|

Leave a Reply

Your email address will not be published. Required fields are marked *