ਲਗਾਤਾਰ ਵੱਧ ਰਹੀਆਂ ਤੇਲ ਕੀਮਤਾਂ ਕਾਰਨ ਮਹਿੰਗਾਈ ਵਿੱਚ ਹੋ ਰਿਹਾ ਹੈ ਭਾਰੀ ਵਾਧਾ
ਐਸ ਏ ਐਸ ਨਗਰ, 5 ਦਸੰਬਰ (ਸ.ਬ.) ਭਾਰਤ ਵਿੱਚ ਤੇਲ ਕੀਮਤਾਂ ਵਿੱਚ ਅੱਜ ਫਿਰ ਵਾਧਾ ਹੋ ਗਿਆ ਹੈ, ਇਸ ਤੋਂ ਪਹਿਲਾਂ ਸਰਕਾਰ ਵਲੋਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਚੁਕਿਆ ਹੈ| ਰਸੋਈ ਗੈਸ ਅਤੇ ਤੇਲ ਕੀਮਤਾਂ ਵਿੱਚ ਵਾਧੇ ਕਾਰਨ ਮਹਿੰਗਾਈ ਵਿੱਚ ਹੋਰ ਵਾਧਾ ਹੋਣਾ ਤੈਅ ਹੈ| ਇਸਦਾ ਕਾਰਨ ਇਹ ਹੈ ਕਿ ਜਦੋਂ ਵੀ ਤੇਲ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਤਾਂ ਜਰੂਰੀ ਸਮਾਨ ਦੀ ਢੋਆ ਢੁਆਈ ਮਹਿੰਗੀ ਹੋ ਜਾਂਦੀ ਹੈ, ਜਿਸ ਕਾਰਨ ਹਰ ਸਮਾਨ ਦੀ ਕੀਮਤ ਵਿੱਚ ਵਾਧਾ ਹੋ ਜਾਂਦਾ ਹੈ|
ਭਾਰਤ ਵਿੱਚ ਮਹਿੰਗਾਈ ਆਪਣੀ ਚਰਮ ਸੀਮਾ ਤੇ ਹੈ| ਭਾਵੇਂ ਕੇਂਦਰ ਸਰਕਾਰ ਵਲੋਂ ਅਨੇਕਾਂ ਦਾਅਵੇ ਕੀਤੇ ਜਾ ਰਹੇ ਹਨ ਕਿ ਮਹਿੰਗਾਈ ਰੋਕਣ ਲਈ ਉਸ ਵਲੋਂ ਕਈ ਕਦਮ ਚੁੱਕੇ ਗਏ ਹਨ ਅਤੇ ਮਹਿੰਗਾਈ ਨੂੰ ਕਾਬੂ ਕੀਤਾ ਗਿਆ ਹੈ ਪਰੰਤੂ ਅਸਲੀਅਤ ਇਹ ਹੈ ਕਿ ਭਾਰਤ ਵਿੱਚ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਸਭ ਹੱਦਾਂ ਬੰਨੇ ਟੱਪ ਗਈ ਹੈ| ਦੇਸ਼ ਵਿੱਚ ਚਲ ਰਹੇ ਕਿਸਾਨ ਅੰਦੋਲਨ ਕਾਰਨ ਦਿੱਲੀ ਜਾਣ ਆਉਣ ਦੇ ਰਸਤੇ ਬੰਦ ਹਨ, ਜਿਸ ਕਰਕੇ ਜਰੂਰੀ ਸਮਾਨ ਦੀ ਢੋਆ ਢੁਆਈ ਕਰਨ ਵਾਲੇ ਟਰੱਕਾਂ ਦੀ ਆਵਾਜਾਈ ਬੰਦ ਹੋ ਗਈ ਹੈ, ਜਿਸ ਕਾਰਨ ਮਹਿੰਗਾਈ ਵਿੱਚ ਹੋਰ ਵਾਧਾ ਹੋ ਗਿਆ ਹੈ|
ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਜਦੋਂ ਅੰਤਰਰਾਸ਼ਟਰੀ ਬਾਜਾਰ ਵਿੱਚ ਤੇਲ ਕੀਮਤਾਂ ਬਹੁਤ ਘੱਟ ਗਈਆਂ ਹਨ ਤਾਂ ਫਿਰ ਭਾਰਤ ਵਿੱਚ ਤੇਲ ਕੀਮਤਾਂ ਵਿੱਚ ਲਗਾਤਾਰ ਵਾਧਾ ਕਿਉਂ ਹੋ ਰਿਹਾ ਹੈ| ਹਾਲਾਤ ਇਹ ਹਨ ਕਿ ਭਾਰਤ ਦੇ ਜਿਹੜੇ ਗੁਆਂਢੀ ਦੇਸ਼ ਭਾਰਤ ਤੋਂ ਪੈਟਰੋਲ ਤੇ ਡੀਜਲ ਖਰੀਦਦੇ ਹਨ, ਉਹਨਾਂ ਦੇਸ਼ਾਂ ਵਿੱਚ ਵੀ ਪੈਟਰੋਲ ਤੇ ਡੀਜਲ ਭਾਰਤ ਤੋਂ ਘੱਟ ਕੀਮਤ ਤੇ ਵੇਚੇ ਜਾ ਰਹੇ ਹਨ|
ਕਾਂਗਰਸ ਅਤੇ ਹੋਰ ਵਿਰੋਧੀ ਦਲ ਦੋਸ਼ ਲਗਾ ਰਹੇ ਹਨ ਕਿ ਮੋਦੀ ਸਰਕਾਰ ਦੇਸ਼ ਦੀ ਜਨਤਾ ਨੂੰ ਲੁੱਟਣ ਦੇ ਰਾਹ ਪਈ ਹੈ ਅਤੇ ਪੇਅਬਰੋਲ ਅਤੇ ਡੀਜਲ ਤੇ ਭਾਰੀ ਟੈਕਸ ਲਗਾ ਕੇ ਲੋਕਾਂ ਦਾ ਕਚੂਮਰ ਕੱਢਿਆ ਜਾ ਰਿਹਾ ਹੈ| ਇਸਦੇ ਨਾਲ ਹੀ ਇਹ ਇਲਜਾਮ ਵੀ ਲਗਾਇਆ ਜਾਂਦਾ ਹੈ ਕਿ ਵੱਡੀਆਂ ਕੰਪਨੀਆਂ ਅਤੇ ਵੱਡੇ ਵਪਾਰੀਆਂ ਵਲੋਂ ਅਨਾਜ, ਪਿਆਜ ਅਤੇ ਹੋਰ ਜਰੂਰੀ ਸਮਾਨ ਦੀ ਜਮਾਂਖੋਰੀ ਕਰਕੇ ਇਹਨਾਂ ਚੀਜਾਂ ਨੂੰ ਮਹਿੰਗੇ ਭਾਅ ਵੇਚ ਕੇ ਮੋਟਾ ਮੁਨਾਫਾ ਕਮਾਇਆ ਜਾ ਰਿਹਾ ਹੈ, ਪਰ ਇਸ ਮੁਨਾਫੇ ਦੇ ਚੱਕਰ ਵਿਚ ਆਮ ਲੋਕਾਂ ਦਾ ਕੰਚੂਮਰ ਨਿਕਲ ਰਿਹਾ ਹੈ|