ਲਗਾਤਾਰ ਵੱਧ ਰਹੀ ਹੈ ਓਵਰਲੋਡ ਰੇਹੜੀਆਂ ਦੀ ਗਿਣਤੀ ਤੇਜ ਰਫਤਾਰ ਓਵਰਲੋਡ ਰੇਹੜੀਆਂ ਬਣਦੀਆਂ ਹਨ ਸੜਕ ਹਾਦਸਿਆਂ ਦਾ ਕਾਰਨ
ਐਸ.ਏ.ਐਸ.ਨਗਰ, 22 ਫਰਵਰੀ (ਆਰ.ਪੀ.ਵਾਲੀਆ) ਐਸ ਏ ਐਸ ਨਗਰ ਦੀਆਂ ਸੜਕਾਂ ਤੇ ਚਲਦੀਆਂ ਰੇਹੜੀਆਂ ਦੇ ਚਾਲਕਾਂ ਵਲੋਂ ਆਪਣੀਆਂ ਰੇਹੜੀਆਂ ਉੱਤੇ ਲੋੜ ਤੋਂ ਵੱਧ ਸਮਾਨ ਰੱਖ ਕੇ ਲਿਜਾਉਣ ਦੀ ਕਾਰਵਾਈ ਲਗਾਤਾਰ ਵੱਧ ਰਹੀ ਹੈ। ਇਹਨਾਂ ਰੇਹੜੀਆਂ ਵਾਲਿਆਂ ਨੇ ਆਪਣੀਆਂ ਰੇਹੜੀਆਂ ਤੇ ਸਕੂਟਰ/ ਮੋਟਰ ਸਾਈਕਲ ਦੇ ਇੰਜਨ ਲਗਵਾਏ ਹੋਏ ਹਨ ਅਤੇ ਇਹ ਚਲਦੀਆਂ ਵੀ ਬਹੁਤ ਤੇਜ ਹਨ।
ਪਹਿਲਾਂ ਚਲਣ ਵਾਲੀਆਂ ਰੇਹੜੀਆਂ ਕਿਉਂਕਿ ਰੇਹੜੀ ਚਾਲਕ ਵਲੋਂ ਆਪਣੇ ਜੋਰ ਨਾਲ ਹੀ ਖਿੱਚੀ ਜਾਂਦੀ ਸੀ ਇਸ ਲਈ ਉਹ ਇਸ ਵਿੱਚ ਸਾਮਾਨ ਵੀ ਘੱਟ ਹੀ ਲੱਦਦੇ ਸਨ ਪਰੰਤੂ ਹੁਣ ਜਦੋਂ ਇਹਨਾਂ ਵਿੱਚ ਇੰਜਣ ਲੱਗ ਗਏ ਹਨ ਰੇਹੜੀ ਚਾਲਕਾਂ ਵਲੋਂ ਆਪਣੀਆਂ ਰੇਹੜੀਆਂ ਵਿੱਚ ਸਮਰਥਾਂ ਤੋਂ ਕਿਤੇ ਵੱਧ ਭਾਰ ਲੱਦ ਲਿਆ ਜਾਂਦਾ ਹੈ ਅਤੇ ਇਹਨਾਂ ਰੇਹੜੀਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ।
ਇਨ੍ਹਾਂ ਰੇਹੜੀ ਚਾਲਕਾਂ ਵਲੋਂ ਸਮਰਥਾ ਤੋਂ ਵੱਧ ਸਮਾਨ ਰੱਖ ਕੇ ਲਿਜਾਉਣ ਦੀ ਇਸ ਕਾਰਵਾਈ ਕਾਰਨ ਸੜਕ ਤੇ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਦੂਜੇ ਵਾਹਨਾਂ ਨੂੰ ਲੰਘਣ ਵਿੱਚ ਵੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ। ਇਹ ਰੇਹੜੀਆਂ ਵਾਲੇ ਆਪਣੀਆਂ ਰੇਹੜੀਆਂ ਤੇ ਸਮਾਨ ਲਦ ਕੇ ਆਸ-ਪਾਸ ਦੇਖੇ ਬਿਨ੍ਹਾਂ ਤੇਜੀ ਨਾਲ ਸੜਕਾਂ ਤੇ ਇੱਕ ਤੋਂ ਦੂਜੇ ਪਾਸੇ ਲੰਘਦੇ ਹਨ ਅਤੇ ਅਕਸਰ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਵੀ ਕਰਦੇ ਹਨ।
ਸਥਾਨਕ ਲੋਕਾਂ ਦੀ ਮੰਗ ਹੈ ਕਿ ਸੜਕਾਂ ਤੇ ਸਮਰਥਾ ਤੋਂ ਵੱਧ ਸਮਾਨ ਰੱਖਣ ਵਾਲੇ ਰੇਹੜੀ ਚਾਲਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਟ੍ਰੈਫਿਕ ਵਿੱਚ ਹੋਣ ਵਾਲੀ ਸੱਮਸਿਆ ਤੋਂ ਰਾਹਤ ਮਿਲ ਸਕੇ।